20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਾਮਲਾ ਲੜਾਈ ਨੂੰ ਛੁਡਾਉਣ ਗਏ ਕੌਂਸਲਰ 'ਤੇ ਪੁਲਿਸ ਦੁਆਰਾ ਮੁਕੱਦਮਾ ਕੀਤੇ ਜਾਣ ਦਾ

ਅਜੀਤ ਡੈਸਕ 10-03-2026
ਫ਼ਤਹਿਗੜ੍ਹ ਸਾਹਿਬ, 9 ਮਾਰਚ (ਬਲਜਿੰਦਰ ਸਿੰਘ)-ਆਪਣੇ ਵਾਰਡ ਵਿਚ ਹੋਈ ਲੜਾਈ ਨੂੰ ਛੁਡਾਉਣ ਲਈ ਗਏ ਕੌਂਸਲਰ ਵਿਸਾਖੀ ਰਾਮ ਤਲਾਣੀਆਂ 'ਤੇ ਪੁਲਿਸ ਦੁਆਰਾ ਮੁਕੱਦਮਾ ਕੀਤੇ ਜਾਣ ਦੇ ਵਿਰੋਧ ਵਿਚ ਅੱਜ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਜ਼ਿਲ੍ਹਾ ਕੰਪਲੈਕਸ ਦੇ ਬਾਹਰ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ | ਇਸ ਧਰਨੇ ਵਿਚ ਨਗਰ ਕੌਂਸਲ ਦੇ ਪ੍ਰਧਾਨ, ਕਾਂਗਰਸੀ ਕੌਂਸਲਰਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਪੰਜਾਬ ਸਰਕਾਰ ਤੇ ਸਥਾਨਕ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਚੁਣੇ ਹੋਏ ਲੋਕ ਪ੍ਰਤੀਨਿਧੀਆਂ ਨੂੰ ਬਿਨਾਂ ਕਾਰਨ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਦੀ ਕਾਰਵਾਈ ਲੋਕਤੰਤਰਿਕ ਪ੍ਰਣਾਲੀ ਨੂੰ ਕਮਜ਼ੋਰ ਕਰਨ ਵਾਲੀ ਹੈ | ਇਸ ਮੌਕੇ ਸਾਬਕਾ ਵਿਧਾਇਕ ਨਾਗਰਾ ਨੇ ਕਿਹਾ ਕਿ ਆਪਣੇ ਵਾਰਡ ਵਿਚ ਹੋਈ ਲੜਾਈ ਨੂੰ ਛੁਡਾਉਣ ਲਈ ਗਏ ਕੌਂਸਲਰ ਵਿਸਾਖੀ ਰਾਮ ਤਲਾਣੀਆਂ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਮਾਮਲਾ ਦਰਜ ਕਰਨਾ ਬੇਹੱਦ ਮੰਦਭਾਗਾ ਹੈ | ਉਨ੍ਹਾਂ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਅਕਸਰ ਆਪਣੇ ਇਲਾਕਿਆਂ ਵਿਚ ਹੋਣ ਵਾਲੇ ਲੜਾਈ-ਝਗੜਿਆਂ ਨੂੰ ਸੁਲਝਾਉਣ ਲਈ ਅੱਗੇ ਆਉਂਦੇ ਹਨ ਤਾਂ ਜੋ ਇਲਾਕੇ ਵਿਚ ਅਮਨ ਅਤੇ ਕਾਨੂੰਨ-ਵਿਵਸਥਾ ਕਾਇਮ ਰਹੇ | ਉਨ੍ਹਾਂ ਕਿਹਾ ਕਿ ਜੇਕਰ ਕੋਈ ਚੁਣਿਆ ਹੋਇਆ ਨੁਮਾਇੰਦਾ ਆਪਣੇ ਇਲਾਕੇ ਵਿਚ ਅਮਨ ਕਾਇਮ ਕਰਨ ਲਈ ਅੱਗੇ ਆਉਂਦਾ ਹੈ ਅਤੇ ਉਸ ਨੂੰ ਹੀ ਝੂਠੇ ਮਾਮਲੇ ਵਿਚ ਫਸਾਇਆ ਜਾਂਦਾ ਹੈ ਤਾਂ ਇਹ ਬਹੁਤ ਹੀ ਦੁਖਦਾਈ ਗੱਲ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਸ਼ਹਿ 'ਤੇ ਪ੍ਰਸ਼ਾਸਨ ਵਲੋਂ ਨਜਾਇਜ਼ ਤਰੀਕੇ ਨਾਲ ਚੁਣੇ ਹੋਏ ਨੁਮਾਇੰਦੇ ਨੂੰ ਮਾਮਲੇ ਵਿਚ ਘਸੀਟਿਆ ਜਾ ਰਿਹਾ ਹੈ, ਜੋ ਬਹੁਤ ਹੀ ਨਿੰਦਣਯੋਗ ਹੈ | ਨਾਗਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਤਰ੍ਹਾਂ ਦੀ ਧੱਕੇਸ਼ਾਹੀ ਦਾ ਡੱਟ ਕੇ ਵਿਰੋਧ ਕਰੇਗੀ ਅਤੇ ਜੇਕਰ ਇਹ ਕਾਰਵਾਈ ਵਾਪਸ ਨਾ ਲਈ ਗਈ ਤਾਂ ਪਾਰਟੀ ਵਲੋਂ ਹੋਰ ਵੱਡਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਨਗਰ ਕੌਂਸਲ ਪ੍ਰਧਾਨ ਅਸ਼ੋਕ ਸੂਦ, ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ ਤੇ ਗੁਲਸ਼ਨ ਰਾਏ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਚੁਣੇ ਹੋਏ ਨੁਮਾਇੰਦਿਆਂ ਨਾਲ ਭਵਿੱਖ ਵਿਚ ਅਜਿਹਾ ਵਿਹਾਰ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਹੋਰ ਤਿੱਖਾ ਅੰਦੋਲਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ | ਇਸ ਸਬੰਧੀ ਕਾਂਗਰਸੀ ਆਗੂਆਂ ਨੇ ਡੀ.ਐੱਸ. ਪੀ ਕੁਲਬੀਰ ਸਿੰਘ ਸੰਧੂ ਨੂੰ ਮੰਗ ਪੱਤਰ ਦਿੱਤਾ ਅਤੇ ਇਸ ਸਬੰਧੀ ਨਿਰਪੱਖ ਜਾਂਚ ਕਰਨ ਦੀ ਮੰਗ ਵੀ ਕੀਤੀ | ਇਸ ਮੌਕੇ ਕੌਂਸਲਰ ਵਿਸਾਖੀ ਰਾਮ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲ੍ਹਾ, ਭੁਪਿੰਦਰ ਸਿੰਘ ਬਧੌਛੀ, ਬਲਾਕ ਪ੍ਰਧਾਨ ਸਰਬਜੀਤ ਸਿੰਘ ਜੀਤੀ, ਕੌਂਸਲਰ ਪਵਨ ਕਾਲੜਾ, ਜਗਜੀਤ ਕੋਕੀ, ਜਗਦੀਪ ਸਿੰਘ ਨੰਬਰਦਾਰ, ਰਣਧੀਰ ਸਿੰਘ, ਬਲਾਕ ਸੰਮਤੀ ਮੈਂਬਰ ਵਰਿੰਦਰ ਸਿੰਘ ਭਮਾਰਸੀ, ਗੁਰਜੀਤ ਸਿੰਘ ਕਾਲਾ, ਬਹਾਦਰ ਸਿੰਘ ਸਾਨੀਪੁਰ, ਰਮੇਸ਼ਵਰ ਨੇਤਾ, ਗੁਰਲਾਲ ਸਿੰਘ ਲਾਲੀ, ਜਸਵਿੰਦਰ ਸਿੰਘ ਰਿਉਣਾ, ਹਰਿੰਦਰ ਸਿੰਘ ਮੂਲੇਪੁਰ, ਅਮਰਿੰਦਰ ਸਿੰਘ ਲਾਲੀ, ਸੁਖਵਿੰਦਰ ਸਿੰਘ ਕਾਲਾ, ਮਨਦੀਪ ਸਿੰਘ ਖੇੜਾ, ਅਮਰ ਸਿੰਘ ਲਟੋਰ, ਅਵਤਾਰ ਸਿੰਘ ਅਮਰਗੜ੍ਹ, ਮਨਪ੍ਰੀਤ ਮਨੀ ਕੋਟਲਾ, ਡਾ. ਨਰੇਸ਼ ਚੌਹਾਨ, ਨਿਤੀਸ਼ ਗੌਤਮ, ਲਾਡੀ ਟਿਵਾਣਾ ਤੇ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |
ਓਧਰ ਦੂਜੇ ਪਾਸੇ ਡੀ.ਐਸ.ਪੀ ਕੁਲਵੀਰ ਸਿੰਘ ਸੰਧੂ ਨੇ ਕਾਂਗਰਸੀ ਆਗੂਆਂ ਵਲੋਂ ਉਕਤ ਮਸਲੇ ਸਬੰਧੀ ਦਿੱਤੇ ਮੰਗ ਪੱਤਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਵਾਈ ਜਾਵੇਗੀ ਅਤੇ ਕਿਸੇ ਨਾਲ ਵੀ ਕੋਈ ਬੇਇਨਸਾਫ਼ੀ ਨਹੀਂ ਕੀਤੀ ਜਾਵੇਗੀ |
ਪਿਛਲੀ ਖ਼ਬਰ ਵਿਧਾਇਕ ਸਾਬ ਮੈਚ ਦਾ ਅਨੰਦ ਮਾਣਦੇ ਰਹੇ, ਦੂਜੇ ਪਾਸੇ ਜਾਮ ਕਾਰਨ ਰਾਹਗੀਰ ਤੇ ਵਾਹਨ ਚਾਲਕ ਹੋਏ ਪ੍ਰੇਸ਼ਾਨ ਅਗਲੀ ਖ਼ਬਰ ਔਰਤ ਦੇ ਖਾਤੇ 'ਚ ਇਕ ਹਜ਼ਾਰ ਰੁਪਏ ਦਾ ਤੋਹਫ਼ਾ ਦੇਣਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ-ਚੇਅਰਮੈਨ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।