ਫ਼ਤਹਿਗੜ੍ਹ ਸਾਹਿਬ, 17 ਫਰਵਰੀ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਰਾਜਨੀਤੀ ਵਿਗਿਆਨ ਵਿਭਾਗ ਵਲੋਂ 'ਹਿੰਸਾ, ਰਾਜਨੀਤੀ ਅਤੇ ਪੰਜਾਬ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ ਗਿਆ | ਲੈਕਚਰ ਦਾ ਉਦੇਸ਼ ਪੰਜਾਬ ਵਿਚ ਹਿੰਸਾ ਦੇ ਇਤਿਹਾਸਿਕ, ਰਾਜਨੀਤਿਕ ਤੇ ਸਮਾਜਿਕ ਪੱਖਾਂ ਦੀ ਡੂੰਘਾਈ ਨਾਲ ਸਮੀਖਿਆ ਕਰਨਾ ਅਤੇ ਵਿਦਿਆਰਥੀਆਂ ਵਿਚ ਇਸ ਸੰਵੇਦਨਸ਼ੀਲ ਮੁੱਦੇ ਬਾਰੇ ਵਿਸ਼ਲੇਸ਼ਣਾਤਮਿਕ ਸੋਚ ਨੂੰ ਪ੍ਰੋਤਸਾਹਿਤ ਕਰਨਾ ਸੀ | ਮੁੱਖ ਵਕਤਾ ਡਾ. ਸਿਕੰਦਰ ਸਿੰਘ ਐਸੋਸੀਏਟ ਪ੍ਰੋਫ਼ੈਸਰ ਤੇ ਮੁਖੀ ਪੰਜਾਬੀ ਵਿਭਾਗ ਨੇ ਜਾਣਕਾਰੀ ਭਰਪੂਰ ਵਿਚਾਰ ਸਾਂਝੇ ਕੀਤੇ | ਉਨ੍ਹਾਂ 1947 ਤੋਂ ਬਾਅਦ ਪੰਜਾਬ ਵਿਚ ਹਿੰਸਾ ਦੇ ਵੱਖ-ਵੱਖ ਕਾਰਨਾਂ ਦੀ ਵਿਆਖਿਆ ਕੀਤੀ | ਰਾਜਨੀਤਿਕ ਤਬਦੀਲੀਆਂ, ਪਹਿਚਾਣ ਦੀ ਰਾਜਨੀਤੀ ਤੇ ਸਮਾਜਿਕ ਅਤੇ ਆਰਥਿਕ ਕਾਰਕਾਂ ਦੇ ਆਪਸੀ ਸਬੰਧਾਂ ਨੂੰ ਰੌਸ਼ਨ ਕੀਤਾ | ਵਿਸ਼ੇਸ਼ ਤੌਰ 'ਤੇ 1984 ਦੇ ਸਮਾਜਿਕ ਤੇ ਰਾਜਨੀਤਿਕ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ | ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਵਿਚ ਸਮਕਾਲੀ ਤੇ ਇਤਿਹਾਸਿਕ ਮੁੱਦਿਆਂ ਬਾਰੇ ਤਰਕਸੰਗਤ ਸੋਚ, ਜਾਣਕਾਰੀ ਭਰਪੂਰ ਵਿਚਾਰ-ਵਟਾਂਦਰੇ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕੀਤੀ | ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਵੀ ਅੰਤਰ-ਵਿਭਾਗੀ ਚਰਚਾ ਤੇ ਖੇਤਰੀ ਮੁੱਦਿਆਂ ਨਾਲ ਜੁੜੀ ਵਿਦਵਤਾਪੂਰਨ ਸਹਿਭਾਗੀਤਾ ਲਈ ਮੰਚ ਤਿਆਰ ਕਰਨ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ | ਰਾਜਨੀਤੀ ਵਿਗਿਆਨ ਤੇ ਪੰਜਾਬੀ ਵਿਭਾਗ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਇਸ ਲੈਕਚਰ ਵਿਚ ਸਰਗਰਮ ਭਾਗੀਦਾਰੀ ਕੀਤੀ |