ਫ਼ਤਹਿਗੜ੍ਹ ਸਾਹਿਬ, 29 ਜਨਵਰੀ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਸੰਗੀਤ ਵਿਭਾਗ ਵਲੋਂ ਬਸੰਤ ਰੁੱਤ ਦੇ ਆਗਮਨ ਮੌਕੇ ਬਸੰਤ ਕੀਰਤਨ ਦਰਬਾਰ ਭਾਵਪੂਰਵਕ ਢੰਗ ਨਾਲ ਸਜਾਇਆ ਗਿਆ | ਇਸ ਮੌਕੇ ਉਪ ਕੁਲਪਤੀ ਪ੍ਰੋ. ਪਰਿਤ ਪਾਲ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਹਰ ਸਮੈਸਟਰ ਦੀ ਸ਼ੁਰੂਆਤ ਰਵਾਇਤੀ ਤੌਰ 'ਤੇ ਬਸੰਤ ਕੀਰਤਨ ਦਰਬਾਰ ਨਾਲ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਸ ਦਰਬਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਸ਼ੇਸ਼ ਤੌਰ 'ਤੇ ਰਾਗ ਬਸੰਤ ਅਨੁਸਾਰ ਗਾਇਨ ਕੀਤਾ ਜਾਂਦਾ ਹੈ, ਜੋ ਗੁਰਮਤਿ ਸੰਗੀਤ ਦੀ ਸਮਿ੍ੱਧ ਪਰੰਪਰਾ ਨੂੰ ਦਰਸਾਉਂਦਾ ਹੈ | ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਗੁਰਮਤਿ ਸੰਗੀਤ 'ਚ ਰਾਗ ਬਸੰਤ ਦਾ ਵਿਲੱਖਣ ਤੇ ਮਹੱਤਵਪੂਰਨ ਸਥਾਨ ਹੈ | ਉਨ੍ਹਾਂ ਦੱਸਿਆ ਕਿ ਮਾਘੀ ਤੋਂ ਲੈ ਕੇ ਹੋਲੇ-ਮਹੱਲੇ ਤੱਕ ਬਸੰਤ ਕੀਰਤਨ ਦਰਬਾਰ ਕਰਵਾਏ ਜਾਂਦੇ ਹਨ ਅਤੇ ਹਰ ਕੀਰਤਨ ਚੌਂਕੀ ਵਿਚ ਰਾਗ ਬਸੰਤ ਦਾ ਇਕ ਸ਼ਬਦ ਲਾਜ਼ਮੀ ਤੌਰ 'ਤੇ ਗਾਇਨ ਕੀਤਾ ਜਾਂਦਾ ਹੈ | ਬਸੰਤ ਕੀਰਤਨ ਦਰਬਾਰ ਵਿਚ ਭਾਈ ਗੁਰਮੀਤ ਸਿੰਘ ਸ਼ਾਂਤ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਨੇ ਦਸਮ ਗ੍ਰੰਥ ਦੀ ਬਾਣੀ ਅਤੇ ਰਾਗ ਬਸੰਤ ਵਿਚ ਵੱਖ-ਵੱਖ ਸ਼ਬਦਾਂ ਦਾ ਰਸਭਿੰਨਾ ਗਾਇਨ ਕਰਕੇ ਸੰਗਤ ਨੂੰ ਨਿਹਾਲ ਕੀਤਾ | ਸੰਗੀਤ ਵਿਭਾਗ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਬਦ ਚੌਂਕੀ ਵਿਚ ਸਰਗਰਮ ਹਾਜ਼ਰੀ ਭਰੀ | ਵਿਭਾਗ ਦੇ ਮੁਖੀ ਪ੍ਰੋ. ਹਰਪ੍ਰੀਤ ਸਿੰਘ ਨੇ ਰਾਗ ਬਸੰਤ ਤੇ ਬਸੰਤ ਹਿੰਡੋਲ ਵਿਚ ਸ਼ਬਦ ਗਾਇਨ ਕੀਤਾ | ਉਨ੍ਹਾਂ ਦੇ ਨਾਲ ਪ੍ਰਭਜੋਤ ਸਿੰਘ ਨੇ ਕੀਰਤਕਾਰ, ਹਰਪ੍ਰੀਤ ਸਿੰਘ ਸਾਹਨੀ ਨੇ ਜੋੜੀ ਵਾਦਨ ਅਤੇ ਪ੍ਰੋ. ਗੁਰਪ੍ਰੀਤ ਸਿੰਘ ਨੇ ਦਿਲਰੂਬਾ ਵਾਦਨ ਰਾਹੀਂ ਸਹਿਯੋਗ ਕੀਤਾ | ਇਸ ਤੋਂ ਇਲਾਵਾ ਪ੍ਰੋ. ਰਵਿੰਦਰ ਕੌਰ, ਪ੍ਰੋ. ਸ਼ਬਨਮ, ਪ੍ਰੋ. ਲਖਵਿੰਦਰ ਕੌਰ ਅਤੇ ਪ੍ਰੋ. ਹਰਵਿੰਦਰ ਕੌਰ ਨੇ ਰਾਗ ਬਸੰਤ ਬਿਲਾਵਲ ਵਿਚ ਰਸਭਿੰਨਾ ਕੀਰਤਨ ਕਰਕੇ ਹਾਜ਼ਰੀ ਭਰੀ | ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ ਨੇ ਮੰਚ ਸੰਚਾਲਨ ਸੁਚੱਜੇ ਢੰਗ ਨਾਲ ਕੀਤਾ | ਇਸ ਮੌਕੇ ਵਿਦਿਆਰਥੀਆਂ ਵਲੋਂ ਗੁਰਦੁਆਰਾ ਸਾਹਿਬ ਨੂੰ ਬਸੰਤੀ ਫੁੱਲਾਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ | ਸਮਾਗਮ ਵਿਚ ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ, ਇੰਚਾਰਜ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਸ਼ਾਮਿਲ ਹੋਏ |