ਫ਼ਤਹਿਗੜ੍ਹ ਸਾਹਿਬ, 22 ਜਨਵਰੀ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਵਲੋਂ ਪੰਥਕ ਧਿਰਾਂ ਅਤੇ ਸਮੁੱਚੀਆਂ ਸਿੱਖ ਸੰਗਤਾਂ ਨੂੰ 26 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 'ਸਰਬੱਤ ਖ਼ਾਲਸਾ' ਦੀ ਮਨਾਈ ਜਾ ਰਹੀ 40ਵੀਂ ਵਰ੍ਹੇਗੰਢ ਸਮਾਗਮ ਵਿਚ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਗਈ ਹੈ | ਸ. ਟਿਵਾਣਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਆਪਣੇ ਸਿਆਸੀ ਤੇ ਮਾਲੀ ਸੁਆਰਥਾਂ ਦੀ ਪੂਰਤੀ ਲਈ ਲੰਮੇ ਸਮੇਂ ਤੋਂ ਪੰਜਾਬ ਦੀ ਪਵਿੱਤਰ ਧਰਤੀ 'ਤੇ ਗੈਰ-ਸਮਾਜਿਕ ਤੇ ਗੈਰ ਇਨਸਾਨੀਅਤ ਅਮਲ ਕਰਕੇ ਇਸ ਸੂਬੇ ਨੂੰ ਸਿਆਸਤ ਦੀ ਪ੍ਰਯੋਗਸ਼ਾਲਾ ਬਣਾ ਕੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜੋ ਇੱਥੋਂ ਦੇ ਨਿਵਾਸੀਆਂ ਨਾਲ ਵੱਡਾ ਧੋਖਾ ਹਨ | ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਨੂੰ ਬਣਾਉਣ ਵਿਚ ਜੇਕਰ ਕੇਂਦਰ ਦੇ ਹੁਕਮਰਾਨ ਜ਼ਿੰਮੇਵਾਰ ਹਨ, ਤਾਂ ਇਸ ਵਿਚ ਸਿੱਖ ਲੀਡਰਸ਼ਿਪ ਦੀ ਸੂਬੇ ਤੇ ਕੌਮ ਪ੍ਰਤੀ ਦੂਰਅੰਦੇਸ਼ੀ, ਇੱਛਾ ਸ਼ਕਤੀ ਦੀ ਘਾਟ ਦੇ ਨਾਲ-ਨਾਲ ਇਨ੍ਹਾਂ ਦੀਆਂ ਆਪਣੀਆਂ ਦੁਨਿਆਵੀ ਤੇ ਰਾਜਸੀ ਲਾਲਸਾਵਾਂ ਵੀ ਜ਼ਿੰਮੇਵਾਰ ਹਨ | ਇਸ ਲਈ ਸਮੁੱਚੀ ਸਿੱਖ ਲੀਡਰਸ਼ਿਪ ਤੇ ਖ਼ਾਲਸਾ ਪੰਥ ਨੂੰ ਸਰਬੱਤ ਖ਼ਾਲਸਾ ਦੇ ਸਮਾਗਮ ਵਿਚ ਪੰਥਕ ਏਕਤਾ ਨੂੰ ਸਾਕਾਰ ਕਰਦੇ ਹੋਏ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਤਾਕਤਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਅਸਫਲ ਬਣਾਉਣ ਲਈ ਸਮੂਹਿਕ ਰੂਪ ਵਿਚ ਇਸ ਸਮੇਂ ਆਪੋ-ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ |