ਫ਼ਤਹਿਗੜ੍ਹ ਸਾਹਿਬ, 22 ਜਨਵਰੀ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਗਣਿਤ ਵਿਭਾਗ ਵਲੋਂ ਮਹਾਨ ਗਣਿਤ ਵਿਦਵਾਨ ਸ੍ਰੀ ਨਿਵਾਸ ਰਾਮਾਨੁਜਨ ਦੀ ਜੈਅੰਤੀ ਦੀ ਯਾਦ ਵਿਚ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ | ਇਸ ਸਮਾਗਮ ਦਾ ਆਯੋਜਨ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਅਤੇ ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਦੀ ਅਗਵਾਈ ਹੇਠ ਕੀਤਾ ਗਿਆ | ਇਸ ਮੌਕੇ ਕੁਇਜ਼, ਵਰਕਿੰਗ/ਨਾਨ-ਵਰਕਿੰਗ ਮਾਡਲ, ਸਲੋਗਨ ਲਿਖਣ, ਪੋਸਟਰ ਮੇਕਿੰਗ ਅਤੇ ਪੀ.ਪੀ.ਟੀ. ਪ੍ਰਜ਼ੈਂਟੇਸ਼ਨ ਵਰਗੇ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ | ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਤਰਕਸ਼ੀਲ ਸੋਚ, ਰਚਨਾਤਮਿਕਤਾ ਅਤੇ ਗਣਿਤਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਇਸ ਦੌਰਾਨ ਡਾ. ਜਸਵਿੰਦਰ ਸਿੰਘ (ਸਿਖਾ ਰਤਨ) ਵਲੋਂ ਵਿਸ਼ੇਸ਼ ਲੈਕਚਰ ਦਿੱਤਾ ਗਿਆ | ਜਿਸ ਵਿਚ ਉਨ੍ਹਾਂ ਵਿਦਿਆਰਥੀਆਂ ਨੂੰ ਕੁਝ ਦਿਲਚਸਪ ਜਾਦੂਈ ਅੰਕਾਂ ਨਾਲ ਜਾਣੂ ਕਰਵਾਇਆ ਅਤੇ ਸ੍ਰੀਨਿਵਾਸ ਰਾਮਾਨੁਜਨ ਦੇ ਗਣਿਤ ਖੇਤਰ 'ਚ ਦਿੱਤੇ ਗਏ ਵਡਮੁੱਲੇ ਯੋਗਦਾਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿਚ ਗਣਿਤ ਦੀ ਸੁੰਦਰਤਾ, ਮਹੱਤਤਾ ਅਤੇ ਵਰਤੋਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ | ਉਪਰੰਤ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਭਾਗ ਮੁਖੀ ਡਾ. ਰਿਚਾ ਬਰਾੜ ਵਲੋਂ ਯੂਨੀਵਰਸਿਟੀ ਪ੍ਰਸ਼ਾਸਨ, ਆਯੋਜਕ ਕਮੇਟੀ, ਸਹਿਯੋਗੀ ਅਤੇ ਭਾਗੀਦਾਰ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ |