ਫ਼ਤਹਿਗੜ੍ਹ ਸਾਹਿਬ, 22 ਜਨਵਰੀ (ਮਨਪ੍ਰੀਤ ਸਿੰਘ)-ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ (ਖੇੜਾ ਹੰਸਾਲੀ) ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਅਤੇ ਸਰਬੱਤ ਦੇ ਭਲੇ ਲਈ ਸਮੂਹ ਸੇਵਾਦਾਰਾਂ, ਟਰੱਸਟੀ ਮੈਂਬਰਾਂ, ਸੀ.ਟੀ. ਯੂ. ਸਟਾਫ਼ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ 1 ਫਰਵਰੀ ਦਿਨ ਐਤਵਾਰ ਤੋਂ ਸ਼ੁਰੂ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੀ ਸੰਪੂਰਨਤਾ ਦੇ ਭੋਗ 5 ਫਰਵਰੀ ਦਿਨ ਵੀਰਵਾਰ ਨੂੰ ਪੈਣਗੇ | ਇਹ ਜਾਣਕਾਰੀ ਮੌਜੂਦਾ ਮੁਖੀ ਸੰਤ ਬਾਬਾ ਪਰਮਜੀਤ ਸਿੰਘ ਨੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ 1 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਸਮਾਗਮ ਦੌਰਾਨ ਸੰਤ ਬਾਬਾ ਅਮਰ ਸਿੰਘ ਮੌਜੂਦਾ ਮੁਖੀ ਰਾੜਾ ਸਾਹਿਬ ਵਾਲਿਆਂ ਵਲੋਂ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਸੰਤ ਨਿਰਮਲ ਆਸ਼ਰਮ ਖੇੜਾ ਹੰਸਾਲੀ ਸਾਹਿਬ ਵਿਖੇ ਦੀਵਾਨ ਸਜਾਏ ਜਾਣਗੇ | ਜਿਸ ਸਮੇਂ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਅਤੇ ਕਥਾਵਾਚਕਾਂ ਵਲੋਂ ਕਥਾ ਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਮੈਮੋਰੀਅਲ ਅੱਖਾਂ ਦਾ ਹਸਪਤਾਲ ਖੇੜਾ ਹੰਸਾਲੀ ਵਲੋਂ ਮੁਫ਼ਤ ਅੱਖਾਂ ਦਾ ਚੈੱਕਅਪ, ਅੱਖਾਂ ਦੇ ਲੈਂਜ਼ ਅਤੇ ਆਪੇ੍ਰਸ਼ਨ ਕੀਤੇ ਜਾਣਗੇ | ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਪੇਨ ਰਿਲੀਫ ਡੈਂਟਲ ਕਲੀਨਿਕ ਖੇੜਾ ਵਲੋਂ ਮੁਫ਼ਤ ਦੰਦਾਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ 5 ਫਰਵਰੀ ਦਿਨ ਵੀਰਵਾਰ ਸਵੇਰੇ 9 ਵਜੇ ਤੋਂ ਅੰਮਿ੍ਤ ਸੰਚਾਰ ਕਰਵਾਇਆ ਜਾਵੇਗਾ | ਸੰਤ ਬਾਬਾ ਪਰਮਜੀਤ ਸਿੰਘ ਨੇ ਸਮੂਹ ਇਲਾਕਾ ਨਿਵਾਸੀਆਂ ਤੇ ਦੂਰ ਦੁਰਾਡੇ ਦੀਆਂ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਸਮੇਂ ਸਿਰ ਪਹੁੰਚ ਕੇ ਗੁਰਬਾਣੀ ਦਾ ਲਾਹਾ ਲੈਣ ਲਈ ਅਪੀਲ ਕੀਤੀ | ਇਸ ਮੌਕੇ ਸੰਤ ਬਾਬਾ ਦਲਵੀਰ ਸਿੰਘ ਲਖਮੀਪੁਰ ਵਾਲੇ, ਮੈਨੇਜਰ ਸਾਧੂ ਰਾਮ ਭੱਟ ਮਾਜਰਾ, ਮੈਨੇਜਰ ਮਹਿੰਦਰ ਸਿੰਘ ਸਿੱਧੂ ਅਤੇ ਹੋਰ ਵੀ ਸੰਗਤਾਂ ਹਾਜ਼ਰ ਸਨ |