ਫ਼ਤਹਿਗੜ੍ਹ ਸਾਹਿਬ, 22 ਜਨਵਰੀ (ਬਲਜਿੰਦਰ ਸਿੰਘ)-ਜੀ.ਐੱਸ.ਟੀ. ਵਿਭਾਗ ਵਲੋਂ ਛੋਟੇ ਵਪਾਰੀਆਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦਿਆਂ ਰੂਲ 14-ਏ ਅਧੀਨ ਜੀ.ਐੱਸ.ਟੀ. ਰਜਿਸਟਰੇਸ਼ਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ | ਇਸ ਰੂਲ ਤਹਿਤ ਉਹ ਛੋਟੇ ਵਪਾਰੀ, ਜਿਨ੍ਹਾਂ ਦੀ ਪ੍ਰਤੀ ਮਹੀਨਾ ਟੈਕਸ ਦੇਣਯੋਗ ਰਕਮ 2.50 ਲੱਖ ਰੁਪਏ ਤੋਂ ਵੱਧ ਨਹੀਂ ਹੈ, ਇਸ ਆਟੋ ਅਪਰੂਵਲ ਪ੍ਰਕਿਰਿਆ ਅਧੀਨ ਜੀ.ਐੱਸ.ਟੀ. ਰਜਿਸਟਰੇਸ਼ਨ ਲਈ ਅਰਜ਼ੀ ਦੇ ਸਕਦੇ ਹਨ | ਇਸ ਰੂਲ ਅਧੀਨ ਅਪਲਾਈ ਕਰਨ ਵਾਲੇ ਯੋਗ ਵਪਾਰੀਆਂ ਨੂੰ ਉਸੇ ਦਿਨ ਜੀ. ਐੱਸ. ਟੀ. ਨੰਬਰ ਪ੍ਰਵਾਨ ਹੋ ਕੇ ਜਾਰੀ ਹੋ ਜਾਂਦਾ ਹੈ, ਜਿਸ ਨਾਲ ਵਪਾਰੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਆਪਣਾ ਵਪਾਰ ਕਾਨੂੰਨੀ ਤੌਰ 'ਤੇ ਸ਼ੁਰੂ ਕਰਨ ਵਿਚ ਸਹੂਲਤ ਮਿਲਦੀ ਹੈ | ਇਹ ਸਕੀਮ ਸਰਕਾਰ ਵਲੋਂ 1 ਨਵੰਬਰ 2025 ਤੋਂ ਲਾਗੂ ਕੀਤੀ ਗਈ ਹੈ, ਜਿਸ ਦਾ ਮਕਸਦ ਛੋਟੇ ਵਪਾਰੀਆਂ ਨੂੰ ਉਤਸ਼ਾਹਿਤ ਕਰਨਾ, ਰਜਿਸਟਰੇਸ਼ਨ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ | ਪ੍ਰੰਤੂ ਇਸ ਸਕੀਮ ਦਾ ਕੋਈ ਸ਼ਰਾਰਤੀ ਅਨਸਰ ਲਾਭ ਨਾ ਲੈ ਜਾਵੇ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਅਜੀਤ ਬਾਲਾ ਜੋਸ਼ੀ ਪ੍ਰਬੰਧਕੀ ਸਕੱਤਰ ਕਰ ਵਿਭਾਗ, ਜਤਿੰਦਰ ਜੋਰਵਾਲ ਕਰ ਕਮਿਸ਼ਨਰ ਅਤੇ ਰਣਧੀਰ ਕੌਰ ਉਪ ਕਮਿਸ਼ਨਰ ਰਾਜ ਕਰ ਲੁਧਿਆਣਾ ਮੰਡਲ ਵਲੋਂ ਸਪੈਸ਼ਲ ਮੁਹਿੰਮ ਚਲਾਈ ਗਈ ਹੈ | ਇਸ ਮੁਹਿੰਮ ਦੌਰਾਨ ਜੀਤਪਾਲ ਕੌਰ ਸਹਾਇਕ ਕਮਿਸ਼ਨਰ ਰਾਜ ਕਰ ਫ਼ਤਹਿਗੜ੍ਹ ਸਾਹਿਬ ਵਲੋਂ ਮੈਸ. ਮਹਿਕ ਇੰਟਰਪ੍ਰਾਈਸਜ਼ ਦੇ ਮਾਲਕ ਖ਼ਿਲਾਫ਼ ਮੁਕੱਦਮਾ ਨੰਬਰ 27 ਮਿਤੀ 21.01.2026 ਨੂੰ ਦਰਜ ਕਰਵਾਇਆ ਗਿਆ ਹੈ | ਜੀਤਪਾਲ ਕੌਰ ਨੇ ਦੱਸਿਆ ਕਿ ਇਸ ਫ਼ਰਮ ਨੇ ਰੂਲ 14 ਏ ਅਧੀਨ ਜੀ.ਐੱਸ.ਟੀ. ਨੰਬਰ ਪ੍ਰਾਪਤ ਕਰਨ ਉਪਰੰਤ ਬਿਨਾਂ ਕਿਸੇ ਪ੍ਰਚੇਜ਼ ਦੇ ਲਗਪਗ 26.12 ਕਰੋੜ ਰੁਪਏ ਦੇ ਈ-ਵੇਅ ਬਿਲ ਜਾਰੀ ਕੀਤੇ, ਜਿਸ 'ਤੇ ਕਰੀਬ 4.70 ਕਰੋੜ ਰੁਪਏ ਦਾ ਟੈਕਸ ਬਣਦਾ ਹੈ, ਜੋ ਕਿ ਇਹ ਕਾਰਵਾਈ ਸਪੱਸ਼ਟ ਤੌਰ 'ਤੇ ਰੂਲ 14 ਏ ਦੀ ਉਲੰਘਣਾ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ, ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਫ਼ਰਮ ਵਲੋਂ ਜੀ.ਐੱਸ.ਟੀ. ਰਜਿਸਟਰੇਸ਼ਨ ਲਈ ਅਪਲਾਈ ਕਰਨ ਸਮੇਂ ਕਿਰਾਇਆ ਨਾਮਾ ਜਾਅਲੀ ਅਪਲੋਡ ਕੀਤਾ ਗਿਆ ਸੀ | ਇਨ੍ਹਾਂ ਗੰਭੀਰ ਉਲੰਘਣਾ ਨੂੰ ਧਿਆਨ ਵਿਚ ਰੱਖਦਿਆਂ ਵਿਭਾਗ ਵਲੋਂ ਫ਼ਰਮ ਦਾ ਜੀ. ਐੱਸ. ਟੀ. ਰਜਿਸਟਰੇਸ਼ਨ ਕੈਂਸਲ ਕਰ ਦਿੱਤਾ ਗਿਆ ਹੈ | ਜੀਤਪਾਲ ਕੌਰ ਨੇ ਦੱਸਿਆ ਕਿ ਵਿਭਾਗ ਦੇ ਧਿਆਨ ਵਿਚ ਇਹ ਵੀ ਆਇਆ ਹੈ ਕਿ ਕੁਝ ਸਾਈਬਰ ਕੈਫ਼ੇ ਸੰਚਾਲਕ ਜੀ. ਐੱਸ. ਟੀ. ਦੇ ਇਸ ਰੂਲ ਦੀ ਉਲੰਘਣਾ ਕਰਨ ਵਿਚ ਆਮ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਗ਼ਲਤ ਤਰੀਕੇ ਨਾਲ ਰੂਲ 14 ਏ ਅਧੀਨ ਜੀ.ਐੱਸ.ਟੀ. ਨੰਬਰ ਦਿਵਾਉਣ ਵਿਚ ਸਹਾਇਤਾ ਕਰ ਰਹੇ ਹਨ | ਜੀ.ਐੱਸ.ਟੀ. ਵਿਭਾਗ ਵਲੋਂ ਅਜਿਹੇ ਸ਼ਰਾਰਤੀ ਅਨਸਰਾਂ ਅਤੇ ਜਾਅਲੀ ਬਿਲਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਸਾਲ 2025-26 ਦੌਰਾਨ ਸਟੇਟ ਜੀ.ਐੱਸ.ਟੀ. ਵਿਭਾਗ ਜ਼ਿਲ੍ਹਾ ਫ਼ਤਹਗਿੜ੍ਹ ਸਾਹਿਬ ਵਲੋਂ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਇਸ ਤੋਂ ਪਹਿਲਾਂ ਤਿੰਨ ਹੋਰ ਐਫ.ਆਈ.ਆਰਾਂ ਵੀ ਦਰਜ ਕਰਵਾਈਆਂ ਗਈਆਂ | ਉੱਚ ਅਧਿਕਾਰੀਆਂ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਿਲ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ |