ਪਟਿਆਲਾ, 21 ਜਨਵਰੀ (ਅ.ਸ. ਆਹਲੂਵਾਲੀਆ)-ਪੀ.ਆਰ.ਟੀ.ਸੀ. 'ਚ ਕੰਮ ਕਰ ਚੁੱਕੇ ਸੇਵਾਮੁਕਤ ਮੁਲਾਜ਼ਮਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਪੈਨਸ਼ਨਾਂ ਆਦਿ ਨਾ ਮਿਲਣ ਦੇ ਵਿਰੋਧ 'ਚ ਸੰਘਰਸ਼ ਕੀਤਾ ਜਾ ਰਿਹਾ ਸੀ | ਅੱਜ ਠੰਢ ਦੇ ਬਾਵਜੂਦ ਵੀ ਇਹ ਪੈਨਸ਼ਨਰ ਧਰਨੇ 'ਤੇ ਬੈਠੇ | ਜਿਸ ਦੌਰਾਨ ਇਕ ਪੈਨਸ਼ਨਰ ਚੱਕਰ ਖਾ ਕੇ ਵੀ ਡਿੱਗਿਆ ਜਿਸ ਨੂੰ ਬਾਅਦ 'ਚ ਉਨ੍ਹਾਂ ਦੇ ਸਾਥੀਆਂ ਵਲੋਂ ਹੀ ਇਲਾਜ ਲਈ ਲਿਜਾਇਆ ਗਿਆ | ਮੁਲਾਜ਼ਮ ਆਗੂ ਮੁਤਾਬਿਕ ਅੱਜ 21 ਤਾਰੀਖ਼ ਹੋਣ ਦੇ ਬਾਵਜੂਦ ਵੀ ਨਾ ਤਾਂ ਪੈਨਸ਼ਨਰਾਂ ਨੂੰ ਪੈਨਸ਼ਨਾਂ ਦਿੱਤੀਆਂ ਗਈਆਂ ਹਨ ਜਿਸ ਕਾਰਨ ਮਹੀਨਾਵਾਰ ਖ਼ਰਚਿਆਂ ਦਾ ਬੋਝ ਵੀ ਦਿਮਾਗ਼ੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ | ਮੁਲਾਜ਼ਮਾਂ ਦਾ ਕਹਿਣਾ ਸੀ ਕਿ ਸਰਕਾਰ ਜਿਸ ਤਰ੍ਹਾਂ ਵਾਅਦੇ ਕਰ ਕੇ ਸੱਤਾ 'ਚ ਆਈ ਸੀ ਉਹ ਪੂਰੇ ਨਹੀਂ ਕੀਤੇ ਜਾ ਰਹੇ, ਜਿਸ ਦਾ ਖ਼ਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ 'ਚ ਭੁਗਤਣਾ ਪੈ ਸਕਦਾ ਹੈ | ਉਨ੍ਹਾਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |