ਫ਼ਤਹਿਗੜ੍ਹ ਸਾਹਿਬ, 21 ਜਨਵਰੀ (ਬਲਜਿੰਦਰ ਸਿੰਘ)-ਨਗਰ ਕੌਂਸਲ ਮੋਰਿੰਡਾ ਵਲੋਂ ਸ਼ਹਿਰ ਦਾ ਕੂੜਾ ਕਰਕਟ ਨਾਜਾਇਜ਼ ਤੌਰ 'ਤੇ ਪਿੰਡ ਭਟੇੜੀ, ਮਾਛੀਪੁਰ, ਫ਼ਤਹਿਪੁਰ ਥੇੜੀ ਅਤੇ ਸਿੱਲ ਕੱਪੜਾ ਦੀਆਂ ਹੱਦਾਂ ਨੇੜੇ ਸੁੱਟੇ ਜਾਣ ਦੇ ਵਿਰੋਧ ਵਿਚ ਉਕਤ ਪਿੰਡਾਂ ਦੇ ਵਸਨੀਕਾਂ ਦੁਆਰਾ ਪਿਛਲੇ ਕਈ ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ, ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਸੂਬਾ ਪੈੱ੍ਰਸ ਸਕੱਤਰ ਮੇਹਰ ਸਿੰਘ ਥੇੜੀ, ਦਲਬੀਰ ਸਿੰਘ ਕਨਵੀਨਰ ਅਤੇ ਪ੍ਰਧਾਨ ਮੰਤਰੀ ਕ੍ਰਿਸ਼ੀ ਕਰਮਨ ਐਵਾਰਡੀ ਸੁਰਜੀਤ ਸਿੰਘ ਸਾਧੂਗੜ੍ਹ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕਰਕੇ ਲੋਕਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕੀਤੀ | ਉਕਤ ਆਗੂਆਂ ਨੇ ਕਿਹਾ ਕਿ ਪਿੰਡ ਭਟੇੜੀ ਰੋਪੜ, ਮੋਹਾਲੀ ਅਤੇ ਫ਼ਤਹਿਗੜ੍ਹ ਸਾਹਿਬ ਤਿੰਨ ਜ਼ਿਲਿ੍ਹਆਂ ਦੀਆਂ ਹੱਦਾਂ ਨਾਲ ਲੱਗਦਾ ਹੈ | ਇਲਾਕੇ ਦੇ ਲੋਕਾਂ ਦੇ ਦੱਸਣ ਮੁਤਾਬਿਕ ਇੱਥੇ ਪਿਛਲੇ 5-6 ਮਹੀਨਿਆਂ ਤੋਂ ਨਗਰ ਕੌਂਸਲ ਮੋਰਿੰਡਾ ਵਲੋਂ ਨਜਾਇਜ਼ ਤੌਰ 'ਤੇ ਆਪਣੇ ਸ਼ਹਿਰ ਦਾ ਕੂੜਾ ਕਰਕਟ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਨਾਲ ਲੱਗਦੇ ਪਿੰਡ ਮਾਛੀਪੁਰ ਥੇੜੀ, ਸਿਲ ਕੱਪੜਾ, ਭਟੇੜੀ ਦੇ ਵਸਨੀਕਾਂ ਨੂੰ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਕੂੜੇ ਕਰਕਟ ਤੋਂ ਉੱਠਦੀ ਗੰਦੀ ਬਦਬੂ ਕਾਰਨ ਇਲਾਕੇ ਵਿਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਹਵਾ ਨਾਲ ਗੰਦੀ ਬਦਬੂ ਸਾਰਿਆਂ ਲੋਕਾਂ ਨੂੰ ਤੰਗ ਪੇ੍ਰਸ਼ਾਨ ਕਰਦੀ ਹੈ, ਪਲਾਸਟਿਕ ਦੇ ਲਿਫ਼ਾਫ਼ੇ ਹਵਾ ਨਾਲ ਉੱਡ ਕੇ ਦੂਰ-ਦੂਰ ਘਰਾਂ ਅਤੇ ਫ਼ਸਲਾਂ ਵਿਚ ਪਹੁੰਚ ਜਾਂਦੇ ਹਨ | ਆਗੂਆਂ ਨੇ ਦੱਸਿਆ ਕਿ ਕੂੜੇ ਤੋਂ ਪ੍ਰਭਾਵਿਤ ਇਲਾਕੇ ਦੇ ਲੋਕਾਂ ਵਲੋਂ ਮੋਰਿੰਡਾ, ਫ਼ਤਹਿਗੜ੍ਹ ਸਾਹਿਬ ਅਤੇ ਮੋਹਾਲੀ ਦੇ ਤਿੰਨੋਂ ਐਸ.ਡੀ.ਐਮ ਨੂੰ ਕੂੜੇ ਦੇ ਡੰਪ ਨੂੰ ਇੱਥੋਂ ਹਟਾਉਣ ਲਈ ਦਰਖਾਸਤਾਂ ਦਿੱਤੀਆਂ ਗਈਆਂ ਹਨ ਅਤੇ ਇਹ ਮਾਮਲਾ ਮਾਈਨਿੰਗ ਤੇ ਵਾਤਾਵਰਨ ਵਿਭਾਗ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ, ਪਰ ਕਿਸੇ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕੀ | ਜਿਸ ਕਾਰਨ ਲੋਕਾਂ ਨੂੰ ਮਜਬੂਰ ਹੋ ਕੇ ਨਗਰ ਕੌਂਸਲ ਮੋਰਿੰਡਾ ਅਤੇ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹਣਾ ਪਿਆ ਹੈ | ਉਕਤ ਆਗੂਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇੱਥੋਂ ਕੂੜੇ ਦਾ ਡੰਪ ਹਟਾਇਆ ਨਹੀਂ ਜਾਂਦਾ, ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ | ਇਸ ਮੌਕੇ ਪ੍ਰਦਰਸ਼ਨਕਾਰੀਆਂ ਵਿਚ ਪਾਲ ਸਿੰਘ ਥੇੜੀ, ਇੰਦਰਜੀਤ ਸਿੰਘ, ਜਸਵੀਰ ਸਿੰਘ ਸਰਪੰਚ, ਹਰਦੀਪ ਸਿੰਘ ਮਾਛੀਪੁਰ, ਨਿਰਪਾਲ ਸਿੰਘ ਸਿਲ ਕੱਪੜਾ, ਅਮਰਜੀਤ ਸਿੰਘ, ਗੁਰਮੀਤ ਸਿੰਘ ਭਟੇੜੀ ਅਤੇ ਜਗਤਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਵਸਨੀਕ ਸ਼ਾਮਿਲ ਸਨ |