19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਖੇਡ ਮੈਦਾਨ ’ਚ ਹੇਰਾ-ਫੇਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ-ਵਿਧਾਇਕਾ ਸੰਤੋਸ਼ ਕਟਾਰੀਆ

ਕਾਠਗੜ੍ਹ, 18 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜ਼ਿਲ੍ਹੇ ਭਰ ’ਚ ਬੱਚਿਆਂ ਲਈ ਖੇਡ ਮੈਦਾਨ ਬਣਾਏ ਜਾ ਰਹੇ ਹਨ। ਅਜਿਹਾ ਹੀ ਇੱਕ ਖੇਡ ਮੈਦਾਨ ਪਿੰਡ ਰੈਲ ਮਾਜਰਾ ਵਿਖੇ ਬਣਾਇਆ ਗਿਆ, ਜਿਸ ਨੂੰ ਲੈ ਕੇ ਕਾਫੀ ਵਿਵਾਦ ਖੜ੍ਹਾ ਹੋ ਗਿਆ।

ਅਜੀਤ ਡੈਸਕ 19-11-2026
ਕਾਠਗੜ੍ਹ, 18 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜ਼ਿਲ੍ਹੇ ਭਰ ’ਚ ਬੱਚਿਆਂ ਲਈ ਖੇਡ ਮੈਦਾਨ ਬਣਾਏ ਜਾ ਰਹੇ ਹਨ। ਅਜਿਹਾ ਹੀ ਇੱਕ ਖੇਡ ਮੈਦਾਨ ਪਿੰਡ ਰੈਲ ਮਾਜਰਾ ਵਿਖੇ ਬਣਾਇਆ ਗਿਆ, ਜਿਸ ਨੂੰ ਲੈ ਕੇ ਕਾਫੀ ਵਿਵਾਦ ਖੜ੍ਹਾ ਹੋ ਗਿਆ। ਪਿੰਡ ਦੇ ਕੁੱਝ ਲੋਕਾਂ ਨੇ ਇਸ ਦੇ ਵਿਕਾਸ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਅਤੇ ਇਸ ਵਿੱਚ ਘਪਲੇਬਾਜ਼ੀ ਦੇ ਦੋਸ਼ ਲਾਏ। 25 ਲੱਖ ਰੁਪਏ ਕਿੱਥੇ ਖਰਚ ਕੀਤੇ ਗਏ, ਇਸ ਨੂੰ ਲੈ ਕੇ ਸਰਕਾਰ ’ਤੇ ਵੀ ਦੋਸ਼ ਲਗਾਏ ਗਏ। ਖਬਰਾਂ ਵਿੱਚ ਇਸ ਦਾ ਰੋਲਾ ਸੁਣ ਕੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਖੇਡ ਮੈਦਾਨ ਰੈਲਮਾਜਰਾ ਦਾ ਦੌਰਾ ਕੀਤਾ। ਸ਼ਿਕਾਇਤ ਕਰਤਾ ਵੀ ਹਲਕਾ ਵਿਧਾਇਕ ਦੇ ਦੌਰਾ ਮੌਕੇ ਉੱਥੇ ਪਹੁੰਚੇ ਸਨ। ਸੀਨੀਅਰ ਸੈਕੰਡਰੀ ਸਕੂਲ ਰੈਲਮਾਜਰਾ ਦਾ ਖੇਡ ਮੈਦਾਨ, ਜਿਸ ’ਤੇ ਸਰਕਾਰ ਵਲੋਂ ਕੁਝ ਕੰਮ ਕਰਵਾ ਕੇ ਲਾਈਟਾਂ ਲਗਵਾਈਆਂ ਗਈਆਂ ਸਨ, ਉਸ ਦਾ ਬੀਤੇ ਦਿਨ ਹੀ ਉਦਘਾਟਨ ਕੀਤਾ ਗਿਆ ਸੀ। ਖੇਡ ਮੈਦਾਨ ਦਾ ਨਿਰੀਖਣ ਕਰਕੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਖੇਡ ਮੈਦਾਨ ਵਿਖੇ ਜੋ ਵੀ ਕੰਮ ਕਰਵਾਇਆ ਗਿਆ ਹੈ, ਜੇਕਰ ਉਸ ਵਿੱਚ ਹੇਰਾ-ਫੇਰੀ ਹੋਈ ਹੈ ਤਾਂ ਭਾਵੇਂ ਉਹ ਠੇਕੇਦਾਰ ਹੋਵੇ ਜਾਂ ਸਰਕਾਰੀ ਮੁਲਾਜ਼ਮ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਹਲਕਾ ਵਿਧਾਇਕਾ ਨੇ ਕਿਹਾ ਕਿ ਪੰਚਾਇਤ ਵਲੋਂ ਜੋ ਵੀ ਜਗ੍ਹਾ ਸਰਕਾਰ ਨੂੰ ਦਿੱਤੀ ਗਈ, ਉਸ ‘ਤੇ ਖੇਡ ਮੈਦਾਨ ਬਣਾਇਆ ਗਿਆ ਹੈ। ਇਹ ਕਹਿ ਕੇ ਉਹ ਗੱਡੀ ’ਚ ਬੈਠ ਕੇ ਚਲੇ ਗਏ। ਦੂਜੇ ਪਾਸੇ ਸ਼ਿਕਾਇਤ ਕਰਤਾ ਤੇਜੀ ਮਾਂਗਟ ਰੈਲਮਾਜਰਾ ਅਤੇ ਜਗਵੀਰ ਸਿੰਘ ਸਹੂੰਗੜਾ, ਜਿਨ੍ਹਾਂ ਨੇ ਚੋਣ ਲੜਨ ਦਾ ਵੀ ਐਲਾਨ ਕੀਤਾ ਹੋਇਆ ਹੈ, ਨੇ ਵਿਧਾਇਕਾ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਉੱਥੇ ਸਕੂਲ ਦੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦਾ ਖੇਡ ਮੈਦਾਨ ਵਾਲਾ ਲਗਾਇਆ ਗਿਆ ਬੋਰਡ ਪਾੜ ਦਿੱਤਾ ਅਤੇ ਉਨ੍ਹਾਂ ਨੇ ਕਿਹਾ ਕਿ ਸਕੂਲ ਦੇ ਅੰਦਰ ਸਿਆਸੀ ਬੋਰਡ ਨਹੀਂ ਲੱਗੇਗਾ, ਜਿੱਥੇ ਭਗਤ ਸਿੰਘ, ਰਾਜਗੁਰੂ ਵਰਗੇ ਸ਼ਹੀਦਾਂ ਦੇ ਬੋਰਡ ਲਗਾਏ ਜਾਣੇ ਚਾਹੀਦੇ ਹਨ। ਇਸ ਸਬੰਧ ਵਿੱਚ ਪਿੰਡ ਰੈਲਮਾਜਰਾ ਦੇ ਸਰਪੰਚ ਸਿੰਕਦਰ ਸਿੰਘ ਲਾਂਦੀ ਜੋ ਕਿ ਉੱਥੇ ਹਾਜ਼ਰ ਨਹੀਂ ਸਨ ਨੇ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਚਾਇਤ ਦਾ ਇਸ ਕੰਮ ਵਿੱਚ ਕੋਈ ਲੈਣਾ-ਦੇਣਾ ਨਹੀਂ ਹੈ, ਨਾ ਹੀ ਪੰਚਾਇਤ ਨੇ ਇਹ ਕੰਮ ਕਰਵਾਇਆ ਹੈ। ਮੌਕੇ ‘ਤੇ ਮੌਜੂਦ ਜੇ.ਈ ਭਗਵੰਤ ਸਿੰਘ ਨੇ ਦੱਸਿਆ ਜੋ ਕੁਝ ਕੰਮ ਅਧੂਰਾ ਪਿਆ ਹੈ ਅਤੇ ਬਾਕੀ ਕੰਮ ਹੋਣਾ ਰਹਿੰਦਾ ਹੈ, ਰਹਿੰਦੇ ਕੰਮ ਦੀ ਜਾਣਕਾਰੀ ਮੌਜੂਦਾ ਠੇਕੇਦਾਰ ਹੀ ਦੱਸ ਸਕਦਾ ਹੈ, ਪਰ ਮੌਕੇ ’ਤੇ ਠੇਕੇਦਾਰ ਨਹੀਂ ਆਇਆ।
ਪਿਛਲੀ ਖ਼ਬਰ ਜ਼ਿੰਦਗੀ ਦੇ ਆਖਰੀ ਸਾਹ ਤੱਕ ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਦਾ ਕਾਰਜ ਜਾਰੀ ਰੱਖਾਂਗਾ-ਡਾ. ਢਾਹਾਂ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ 32ਵੀਂ ਬਾਲ ਸਾਇੰਸ ਕਾਂਗਰਸ ਦੇ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।