ਬਲਾਚੌਰ ਵਿਖੇ ਸ਼ਰੇਆਮ ਹੋ ਰਹੀ ਮਿੱਟੀ ਦੀ ਕਥਿਤ ਨਾਜਾਇਜ਼ ਮਾਈਨਿੰਗ
ਬਲਾਚੌਰ, 11 ਅਕਤੂਬਰ (ਨਰੇਸ਼ ਧੌਲ)-ਬਲਾਚੌਰ ਇਲਾਕੇ ਵਿਚ ਮਿੱਟੀ ਦੀ ਕਥਿਤ ਨਾਜਾਇਜ਼ ਮਾਈਨਿੰਗ ਤੇ ਮਿੱਟੀ ਨਾਲ ਭਰੀਆਂ ਓਵਰਲੋਡ ਟਰਾਲੀਆਂ ਦੇ ਬਿਨਾ ਢਕੇ ਸ਼ਹਿਰ ਵਿਚੋਂ ਲੰਘਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਜਿਥੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਸੜਕਾਂ ’ਤੇ ਚੱਲਣ ਵਾਲੇ ਦੋ ਪਹੀਆ ਵਾਹਨ ਚਾਲਕਾਂ ਲਈ ਵੀ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ।
ਬ
ਬਲਾਚੌਰ ਇਲਾਕੇ ਅੰਦਰ ਮਿੱਟੀ ਨਾਲ ਭਰੀ ਓਵਰਲੋਡ ਟਰਾਲੀ ਬਿਨਾ ਤਿਰਪਾਲ ਤੋਂ ਜਾਂਦੀ ਦਿਖਾਈ ਦੇ ਰਹੀ। ਤਸਵੀਰ : ਨਰੇਸ਼ ਧੌਲ
12-10-2026
ਬਲਾਚੌਰ, 11 ਅਕਤੂਬਰ (ਨਰੇਸ਼ ਧੌਲ)-ਬਲਾਚੌਰ ਇਲਾਕੇ ਵਿਚ ਮਿੱਟੀ ਦੀ ਕਥਿਤ ਨਾਜਾਇਜ਼ ਮਾਈਨਿੰਗ ਤੇ ਮਿੱਟੀ ਨਾਲ ਭਰੀਆਂ ਓਵਰਲੋਡ ਟਰਾਲੀਆਂ ਦੇ ਬਿਨਾ ਢਕੇ ਸ਼ਹਿਰ ਵਿਚੋਂ ਲੰਘਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਜਿਥੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਸੜਕਾਂ ’ਤੇ ਚੱਲਣ ਵਾਲੇ ਦੋ ਪਹੀਆ ਵਾਹਨ ਚਾਲਕਾਂ ਲਈ ਵੀ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਬਲਾਚੌਰ ਸ਼ਹਿਰ ਦੀਆਂ ਸੜਕਾਂ ਤੋਂ ਮਿੱਟੀ ਨਾਲ ਭਰੀਆਂ ਟਰੈਕਟਰ-ਟਰਾਲੀਆਂ ਬਿਨਾਂ ਕਿਸੇ ਢੁੱਕਵੇਂ ਢੱਕਣ ਦੇ ਲੰਘ ਰਹੀਆਂ ਹਨ। ਇਨ੍ਹਾਂ ਟਰਾਲੀਆਂ ਵਿਚੋਂ ਉੱਡਦੀ ਮਿੱਟੀ ਪਿੱਛੇ ਆ ਰਹੇ ਮੋਟਰਸਾਈਕਲ ਤੇ ਸਕੂਟਰ ਸਵਾਰਾਂ ਦੀਆਂ ਅੱਖਾਂ ਵਿਚ ਪੈਣ ਕਾਰਨ ਉਨ੍ਹਾਂ ਨੂੰ ਵਾਹਨ ਚਲਾਉਣ ਵਿਚ ਮੁਸ਼ਕਿਲ ਆ ਰਹੀ ਹੈ। ਅਜਿਹੀ ਸਥਿਤੀ ਵਿਚ ਕਿਸੇ ਵੀ ਸਮੇਂ ਕੋਈ ਵੱਡਾ ਸੜਕ ਹਾਦਸਾ ਵਾਪਰ ਸਕਦਾ ਹੈ। ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮਿੱਟੀ ਨਾਲ ਭਰੀਆਂ ਟਰਾਲੀਆਂ ਸ਼ਹਿਰ ਦੀਆਂ ਸੜਕਾਂ ’ਤੇ ਬਿਨਾਂ ਢਕੇ ਲੰਘ ਰਹੀਆਂ ਹਨ, ਪਰ ਸੰਬੰਧਿਤ ਵਿਭਾਗਾਂ ਵਲੋਂ ਇਨ੍ਹਾਂ ਦੀ ਜਾਂਚ ਅਤੇ ਕਾਰਵਾਈ ਨਜ਼ਰ ਨਹੀਂ ਆ ਰਹੀ। ਸਵਾਲ ਇਹ ਵੀ ਉੱਠਦਾ ਹੈ ਕਿ ਆਖ਼ਰ ਇਹ ਮਿੱਟੀ ਕਿੱਥੋਂ ਲਿਆਂਦੀ ਜਾ ਰਹੀ ਹੈ ਅਤੇ ਕੀ ਇਸ ਦੀ ਖੁਦਾਈ ਲਈ ਮਾਈਨਿੰਗ ਵਿਭਾਗ ਤੋਂ ਲੋੜੀਂਦੀ ਮਨਜ਼ੂਰੀ ਲਈ ਗਈ ਹੈ? ਜੇਕਰ ਮਿੱਟੀ ਦੀ ਖੁਦਾਈ ਬਿਨਾਂ ਮਨਜ਼ੂਰੀ ਤੋਂ ਕੀਤੀ ਜਾ ਰਹੀ ਹੈ ਤਾਂ ਸੰਬੰਧਤ ਵਿਭਾਗ ਵਲੋਂ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਲੋਕਾਂ ਦੀ ਜਾਨ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਬਿਨਾਂ ਢਕੇ ਮਿੱਟੀ ਦੀ ਢੋਆ-ਢੁਆਈ ਕਰਨ ਨਾਲ ਸੜਕਾਂ ’ਤੇ ਧੂੜ-ਮਿੱਟੀ ਫੈਲਣ ਦੇ ਨਾਲ-ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਲਈ ਇਹ ਸਮੱਸਿਆ ਗੰਭੀਰ ਬਣ ਸਕਦੀ ਹੈ। ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਮਾਈਨਿੰਗ ਵਿਭਾਗ ਤੇ ਟ੍ਰੈਫਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਬਲਾਚੌਰ ਸ਼ਹਿਰ ਵਿਚੋਂ ਲੰਘਣ ਵਾਲੀਆਂ ਮਿੱਟੀ ਨਾਲ ਭਰੀਆਂ ਟਰਾਲੀਆਂ ਦੀ ਤੁਰੰਤ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਮਿੱਟੀ ਦੀ ਖੁਦਾਈ ਸੰਬੰਧੀ ਮਨਜ਼ੂਰੀਆਂ ਦੀ ਜਾਂਚ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਮਿੱਟੀ ਦੀ ਢੋਆ-ਢੁਆਈ ਕਰਨ ਵਾਲੀਆਂ ਸਾਰੀਆਂ ਟਰਾਲੀਆਂ ਨੂੰ ਤਰਪਾਲ ਨਾਲ ਢਕਣਾ ਯਕੀਨੀ ਬਣਾਇਆ ਜਾਵੇ।