ਮੁਕੰਦਪੁਰ, 1 ਸਤੰਬਰ (ਅਮਰੀਕ ਸਿੰਘ ਢੀਂਡਸਾ)-ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਸਕੂਲ ਦੇ ਲੈਕਚਰਾਰ ਬਾਇਓਲੌਜੀ ਇੰਦਰਪਾਲ ਸਿੰਘ ਚੌਹਾਨ ਦੀ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ ਪਾਰਟੀ ਕਰਵਾਈ ਗਈ। ਇਸ ਮੌਕੇ ਪ੍ਰਿੰਸੀਪਲ ਕਿਸ਼ਨ ਖਟਕੜ, ਸਕੂਲ ਸਟਾਫ਼, ਵਿਦਿਆਰਥੀਆਂ, ਸਾਬਕਾ ਸਹਿਕਰਮੀਆਂ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਵਿਦਾਇਗੀ ਦਿੱਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਇੰਦਰਪਾਲ ਸਿੰਘ ਚੌਹਾਨ ਦੀ ਲੰਬੀ ਤੇ ਸ਼ਾਨਦਾਰ ਅਧਿਆਪਨ ਸੇਵਾ ਦੀ ਸ਼ਲਾਘਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਸ਼ੇ ਦੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਵੀ ਲਗਾਤਾਰ ਯਤਨ ਕੀਤੇ। ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਰੰਗਾ-ਰੰਗ ਸੱਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤਾ। ਬੱਚਿਆਂ ਨੇ ਭਾਸ਼ਨ, ਕਵਿਤਾਵਾਂ ਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਇੰਦਰਪਾਲ ਸਿੰਘ ਚੌਹਾਨ ਪ੍ਰਤੀ ਆਪਣੇ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਇੰਦਰਜੀਤ ਪਾਲ ਵਲੋਂ ਬਾਖੂਬੀ ਕੀਤਾ। ਸੇਵਾ ਮੁਕਤੀ ਦੇ ਇਸ ਯਾਦਗਾਰ ਮੌਕੇ ਇੰਦਰਪਾਲ ਸਿੰਘ ਚੌਹਾਨ ਨੇ ਸਕੂਲ ਪ੍ਰਤੀ ਆਪਣੇ ਪਿਆਰ, ਸਨੇਹ ਤੇ ਸਮਰਪਣ ਦੀ ਵਿਲੱਖਣ ਮਿਸਾਲ ਪੇਸ਼ ਕਰਦਿਆਂ ਸਕੂਲ ਦੀ ਭਲਾਈ ਲਈ 51,000 ਅਤੇ ਸਾਇੰਸ ਬਲਾਕ ਲਈ 21,000 ਕੁੱਲ 72,000 ਦੀ ਸਹਾਇਤਾ ਰਾਸ਼ੀ ਭੇਟ ਕੀਤੀ। ਉਨ੍ਹਾਂ ਦੇ ਇਸ ਉਪਰਾਲੇ ਦੀ ਹਾਜ਼ਰ ਸਾਰੀਆਂ ਸ਼ਖ਼ਸੀਅਤਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਇੰਦਰਪਾਲ ਸਿੰਘ ਚੌਹਾਨ ਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਵੀਨਾ ਵਰਮਾ ਵਲੋਂ ਇੰਨੀ ਸ਼ਾਨਦਾਰ ਅਤੇ ਯਾਦਗਾਰ ਵਿਦਾਇਗੀ ਪਾਰਟੀ ਦੇ ਪ੍ਰਬੰਧ ਲਈ ਸਮੂਹ ਸਕੂਲ ਸਟਾਫ਼ ਦਾ ਦਿਲੋਂ ਧੰਨਵਾਦ ਕੀਤਾ। ਅੰਤ ਵਿਚ ਸਕੂਲ ਪਰਿਵਾਰ ਵਲੋਂ ਇੰਦਰਪਾਲ ਸਿੰਘ ਚੌਹਾਨ ਨੂੰ ਸੇਵਾ ਮੁਕਤੀ ਉਪਰੰਤ ਨਵੀਂ ਜੀਵਨ ਯਾਤਰਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਸਮਾਗਮ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਬਕਾ ਡਿਪਟੀ ਡੀ. ਈ. ਓ. ਅਮਰਜੀਤ ਖਟਕੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਾਰਾ ਸਕੂਲ ਸਟਾਫ ਮੌਜੂਦ ਸੀ।