15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਰਾਜ ਮਾਰਗ 'ਤੇ ਲੋਕਾਂ ਦੀ ਹੋ ਰਹੀ ਖੱਜਲ-ਖ਼ੁਆਰੀ ਲਈ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ-ਕਰੀਮਪੁਰੀ ਸੜਕ ਦੇ ਨਿਰਮਾਣ ਕਾਰਜਾਂ ਨੂੰ ਲੈ ਕੇ ਚੁੱਕੇ ਸਵਾਲ

ਅਜੀਤ ਡੈਸਕ 01-06-2026
ਸਮੁੰਦੜਾ, 31 ਮਈ (ਤੀਰਥ ਸਿੰਘ ਰੱਕੜ)-ਰਾਜ ਮਾਰਗ 'ਤੇ ਰੋਜ਼ਾਨਾ ਹੀ ਆਉਣ-ਜਾਣ ਵਾਲੇ ਰਾਹਗੀਰਾਂ ਦੀ ਖੱਜਲ-ਖ਼ੁਆਰੀ ਹੋ ਰਹੀ ਹੈ, ਲੋਕਾਂ ਦੇ ਵਾਹਨ ਨੁਕਸਾਨੇ ਜਾ ਰਹੇ ਹਨ ਤੇ ਸੜਕ ਦੇ ਡੂੰਘੇ ਖੱਡਿਆਂ ਕਾਰਨ ਵਾਪਰੇ ਹਾਦਸਿਆਂ ਨਾਲ ਕਈ ਰਾਹਗੀਰਾਂ ਦੀਆਂ ਕੀਮਤੀ ਜਾਨਾਂ ਵੀ ਗਈਆਂ ਹਨ ਪਰ ਫੇਰ ਵੀ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਹਲਕੇ ਨਾਲ ਸੰਬੰਧਿਤ ਨੁਮਾਇੰਦੇ ਕੁੰਭਕਰਨੀ ਨੀਂਦ ਸੁੱਤੇ ਪਏ ਹਨ | ਇਹ ਪ੍ਰਗਟਾਵਾ ਸਮੁੰਦੜਾ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਅਵਤਾਰ ਸਿੰਘ ਕਰੀਮਪੁਰੀ ਬਸਪਾ ਪ੍ਰਧਾਨ ਪੰਜਾਬ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਸੜਕ 'ਤੇ ਚੱਲਣ ਵਾਲੇ ਆਮ ਲੋਕਾਂ ਤੋਂ ਸਰਕਾਰਾਂ ਵਲੋਂ ਵੱਡੇ-ਵੱਡੇ ਟੈਕਸ ਵਸੂਲੇ ਜਾ ਰਹੇ ਹਨ, ਜਦਕਿ ਸੜਕਾਂ ਦਾ ਬੇਹੱਦ ਮਾੜਾ ਹਾਲ ਹੈ ਅਤੇ ਜਿਹੜੀਆਂ ਨਵੀਆਂ ਸੜਕਾਂ ਬਣ ਵੀ ਰਹੀਆਂ ਹਨ ਉਨ੍ਹਾਂ ਵਿਚ ਵੀ ਘਟੀਆ ਮੈਟੀਰੀਅਲ ਵਰਤਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਹਲਕੇ ਨਾਲ ਸੰਬੰਧਿਤ ਵਿਧਾਇਕ ਤੇ ਪੰਜਾਬ ਸਰਕਾਰ ਦਾ ਡਿਪਟੀ ਸਪੀਕਰ ਵੀ ਇਸੇ ਸੜਕ ਰਾਹੀਂ ਹਫ਼ਤੇ 'ਚ ਕਈ-ਕਈ ਵਾਰੀ ਲੰਘ ਕੇ ਇੱਧਰ-ਉੱਧਰ ਜਾਂਦਾ ਹੈ ਪਰ ਪਿਛਲੇ ਕਈ ਮਹੀਨਿਆਂ ਤੋਂ ਨਰਕਾਂ ਤੋਂ ਵੀ ਭੈੜੀ ਹੋ ਚੁੱਕੀ ਇਸ ਸੜਕ ਦੀ ਸਮੱਸਿਆ ਦਾ ਹੱਲ ਕਰਨ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਰੋਜ਼ਾਨਾ ਹੀ ਕੋਈ ਨਾ ਕੋਈ ਵਾਹਨ ਇਸ ਸੜਕ 'ਤੇ ਖੱਡਿਆਂ ਵਿਚ ਫਸਿਆ ਆਮ ਵੇਖਿਆ ਜਾ ਸਕਦਾ ਹੈ, ਜਿਸ ਨਾਲ ਰਸਤਾ ਬੰਦ ਹੋ ਜਾਣ ਕਰਕੇ ਵੱਡੇ-ਵੱਡੇ ਟ੍ਰੈਫਿਕ ਜਾਮ ਲੱਗ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਤੇ ਸਰਕਾਰ ਵਲੋਂ ਇਸ ਸੜਕ ਦਾ ਨਿਰਮਾਣ ਤੁਰੰਤ ਨਾ ਕਰਵਾਇਆ ਗਿਆ ਤਾਂ ਬਸਪਾ ਵਲੋਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਬਸਪਾ ਵਰਕਰਾਂ ਵਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਰਵਿੰਦਰ ਸਿੰਘ ਬੀਹੜਾਂ ਜ਼ੋਨ ਕੋਆਰਡੀਨੇਟਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਰਾਮ ਪ੍ਰਕਾਸ਼ ਸ਼ਹਿਰੀ ਪ੍ਰਧਾਨ ਬਸਪਾ ਗੜ੍ਹਸ਼ੰਕਰ, ਮਨੋਹਰ ਸਿੰਘ ਲੋਈ ਸੀਨੀਅਰ ਟਕਸਾਲੀ ਆਗੂ, ਰਣਵੀਰ ਬੱਧਣ ਜਨਰਲ ਸਕੱਤਰ, ਮਨਜਿੰਦਰ ਸਿੰਘ ਕਾਕਾ ਸਮੁੰਦੜਾ, ਪਿ੍ੰਸੀਪਲ ਜਗਤਾਰ ਸਿੰਘ, ਹਰਦੇਵ ਸਿੰਘ ਚੱਕ ਹਾਜੀਪੁਰ, ਜੋਗਿੰਦਰ ਸਿੰਘ, ਮਾ: ਜੋਗਿੰਦਰ ਸਿੰਘ ਪਨਾਮ, ਨਰਿੰਦਰ ਸਿੰਘ ਬੱਧਣ ਸਮੁੰਦੜਾ, ਜਸਪਾਲ ਸਿੰਘ ਲਾਡੀ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ ਗਿਆਨੋ ਦੇਵੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਨਵਾਂਸ਼ਹਿਰ 'ਚ ਕਾਂਗਰਸ ਪਾਰਟੀ ਬਣਾਏਗੀ ਨਗਰ ਕੌਂਸਲ ਦਾ ਪ੍ਰਧਾਨ-ਅੰਗਦ ਸਿੰਘ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।