ਬੰਗਾ, 20 ਅਪ੍ਰੈਲ (ਧਰਮਵੀਰ ਪਾਲ)-ਬੰਗਾ ਬਲਾਕ ਦੇ ਪਿੰਡ ਲਾਦੀਆਂ, ਜੰਡਿਆਲਾ ਅਤੇ ਸੱਲ੍ਹਾਂ ਦੇ ਖੇਤਾਂ ਵਿਚ ਲੱਗੀ ਭਿਆਨਕ ਅੱਗ ਕਾਰਨ ਕਰੀਬ 250 ਏਕੜ 'ਚ ਵੱਡਣ ਲਈ ਤਿਆਰ ਕਣਕ ਦੀ ਫ਼ਸਲ ਅਤੇ ਨਾੜ ਸੜ ਕੇ ਸੁਆਹ ਹੋ ਗਈ | ਇਨ੍ਹਾਂ ਵਿਚੋਂ ਤਕਰੀਬਨ 150 ਏਕੜ ਵਿੱਚ ਖੜੀ ਕਣਕ ਪੂਰੀ ਤਰ੍ਹਾਂ ਨਸ਼ਟ ਹੋ ਗਈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ | ਸੁਖਦੀਪ ਸਿੰਘ ਸਾਬਕਾ ਸਰਪੰਚ ਸੱਲ੍ਹਾਂ, ਭਗਵੰਤ ਸਿੰਘ, ਚਰਨਜੀਤ ਸਿੰਘ ਜੰਡਿਆਲਾ, ਮੇਹਰ ਸਿੰਘ ਹੀਓ, ਤੋਂਖੀ ਨੰਬਰਦਾਰ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਅੱਗ ਦੀ ਸ਼ੁਰੂਆਤ ਪਿੰਡ ਲਾਦੀਆਂ ਤੋਂ ਹੋਈ ਜੋ ਤੇਜ਼ ਹਵਾਵਾਂ ਕਾਰਨ ਜੰਡਿਆਲਾ ਦੇ ਖੇਤਾਂ ਰਾਹੀਂ ਹੁੰਦੀ ਹੋਈ ਪਿੰਡ ਸੱਲ੍ਹਾਂ ਤੱਕ ਪਹੁੰਚ ਗਈ ਅਤੇ ਵੱਡੇ ਪੱਧਰ 'ਤੇ ਫ਼ਸਲ ਨੂੰ ਆਪਣੀ ਲਪੇਟ ਵਿੱਚ ਲੈ ਗਈ | ਕਿਸਾਨਾਂ ਦੇ ਅਨੁਸਾਰ ਅੱਗ ਲੱਗਣ ਦੀ ਸੰਭਾਵਨਾ ਕਿਸੇ ਟਰਾਂਸਫ਼ਾਰਮਰ ਤੋਂ ਡਿੱਗੀ ਚਿੰਗਾਰੀ ਕਾਰਨ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਫਾਇਰ ਬਿ੍ਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ ਸੀ, ਪਰ ਗੱਡੀ ਕਰੀਬ ਡੇਢ ਘੰਟੇ ਬਾਅਦ ਮੌਕੇ 'ਤੇ ਪਹੁੰਚੀ | ਇਸ ਦੌਰਾਨ ਸਥਾਨਕ ਲੋਕਾਂ ਅਤੇ ਕਿਸਾਨਾਂ ਨੇ ਖ਼ੁਦ ਹੀ ਅੱਗ 'ਤੇ ਕਾਬੂ ਪਾ ਲਿਆ | ਅੱਗ ਬੁਝਾਉਣ ਵਿੱਚ ਕਰੀਬ 60 ਤੋਂ 70 ਟਰੈਕਟਰਾਂ ਦੀ ਮਦਦ ਲਈ ਗਈ | ਇਲਾਕੇ ਦੇ ਲਗਪਗ 15 ਪਿੰਡਾਂ ਦੇ ਕਿਸਾਨ ਇਕੱਠੇ ਹੋ ਕੇ ਆਪਣੇ ਟਰੈਕਟਰਾਂ ਨਾਲ ਖੇਤਾਂ ਵਿੱਚ ਹਲ ਚਲਾ ਕੇ ਅੱਗ ਨੂੰ ਫੈਲਣ ਤੋਂ ਰੋਕਣ ਵਿੱਚ ਕਾਮਯਾਬ ਰਹੇ, ਜਿਸ ਨਾਲ ਹੋਰ ਵੱਡੇ ਨੁਕਸਾਨ ਤੋਂ ਬਚਾਅ ਹੋ ਸਕਿਆ | ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਪ੍ਰਤੀ ਏਕੜ 60 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ | ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਹਰ ਸ਼ਹਿਰ ਵਿੱਚ ਅੱਗ ਬੁਝਾਉਣ ਵਾਲੀਆਂ ਗੱਡੀਆਂ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਦੌਰਾਨ ਸਮੇਂ 'ਤੇ ਮਦਦ ਮਿਲ ਸਕੇ | ਕਿਸਾਨਾਂ ਨੇ ਬਿਜਲੀ ਵਿਭਾਗ ਨੂੰ ਵੀ ਅਪੀਲ ਕੀਤੀ ਹੈ ਕਿ ਗਰਮੀ ਦੇ ਮੌਸਮ ਵਿੱਚ ਖੇਤਾਂ ਦੀ ਚੱਲ ਰਹੀ ਬਿਜਲੀ ਸਪਲਾਈ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਤਾਂ ਜੋ ਟਰਾਂਸਫ਼ਾਰਮਰਾਂ ਤੋਂ ਚਿੰਗਾਰੀਆਂ ਨਾਲ ਹੋਣ ਵਾਲੀਆਂ ਅੱਗ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ |