ਮੁਕੰਦਪੁਰ, 19 ਫਰਵਰੀ (ਅਮਰੀਕ ਸਿੰਘ ਢੀਂਡਸਾ)-ਨਾਭ ਕੰਵਲ ਰਾਜਾ ਸਾਹਿਬ ਦਾ 164ਵਾਂ ਜਨਮ ਦਿਵਸ ਗੁਰਦੁਆਰਾ ਨਾਨਕੇ ਘਰ ਰਾਜਾ ਸਾਹਿਬ ਬੱਲੋਵਾਲ ਵਿਖੇ ਮਨਾਇਆ ਗਿਆ | ਤਿੰਨ ਲੜੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ | ਤੀਸਰੀ ਅਤੇ ਆਖਰੀ ਲੜੀ ਦੇ ਭੋਗ ਦੀ ਅਰਦਾਸ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਦੀਵਾਨ ਸਜਾਏ ਗਏ | ਜਿਸ ਦੌਰਾਨ ਮਸ਼ਹੂਰ ਕਵੀਸ਼ਰ ਪੰਡਿਤ ਸੋਮਨਾਥ ਰੋਡਿਆਂ ਵਾਲੇ, ਢਾਡੀ ਮੇਜਰ ਸਿੰਘ ਖਾਲਸਾ ਸੁਲਤਾਨਪੁਰ ਲੋਧੀ ਵਾਲੇ ਅਤੇ ਸਮਰਾਏ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਨੇ ਕੈਨੇਡਾ ਤੋਂ ਆ ਕੇ ਰਾਜਾ ਸਾਹਿਬ ਜੀ ਦੇ ਗੁਣਗਾਨ ਕੀਤੇ | ਇਸ ਮੌਕੇ ਬੀਤੇ ਦਿਨੀ ਰਾਜਾ ਸਾਹਿਬ ਜੀ ਦੇ ਅਸਥਾਨਾਂ ਬਾਰੇ ਕੀਤੇ ਕੂੜ ਪ੍ਰਚਾਰ ਦੀ ਨਿੰਦਾ ਕਰਦਿਆਂ ਵੱਖ-ਵੱਖ ਪ੍ਰਚਾਰਕਾਂ ਵੱਲੋਂ ਗੁਰੂ ਘਰ ਦੇ ਨਿੰਦਕਾਂ ਨੂੰ ਮੂੰਹ ਨਾ ਲਾਉਣ ਦੀ ਤਾਕੀਦ ਕਰਦਿਆਂ ਕਿਹਾ ਕਿ ਇਹ ਲੋਕ ਪੂਰਨ ਬ੍ਰਹਮ ਗਿਆਨੀਆਂ ਦਾ ਸਤਿਕਾਰ ਕਰਨ ਦੀ ਹੈਸੀਅਤ ਨਹੀਂ ਰੱਖਦੇ | ਸਮਰਾਏ ਵਾਲੇ ਜਥੇ ਨੇ ਰਾਜਾ ਸਾਹਿਬ ਪ੍ਰਤੀ ਆਪਣੀ ਆਸਥਾ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਅਸਥਾਨ ਤੋਂ ਉਹ ਕੁੱਝ ਪ੍ਰਾਪਤ ਹੋਇਆ ਜਿਸ ਦੀ ਉਨ੍ਹਾਂ ਕਦੇ ਕਾਮਨਾ ਵੀ ਨਹੀਂ ਸੀ ਕੀਤੀ | ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕੇ ਘਰ ਬੱਲੋਵਾਲ ਵੱਲੋਂ ਆਏ ਹੋਏ ਢਾਡੀ ਜਥਿਆਂ ਅਤੇ ਹੋਰ ਧਾਰਮਿਕ ਸ਼ਖਸ਼ੀਅਤ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਸਾਰਾ ਦਿਨ ਸੰਗਤਾਂ ਦੇ ਛਕਣ ਵਾਸਤੇ ਚਾਹ ਪਕੌੜੇ ਤੋਂ ਇਲਾਵਾ ਵੱਖ-ਵੱਖ ਰਸਦਾਂ ਫਲ ਫਰੂਟ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ | ਇਸ ਮੌਕੇ ਇਲਾਕੇ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਨਾਮ ਲੇਵਾ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਆਪ ਨੂੰ ਵਡਭਾਗੀ ਹੋਣ ਦਾ ਮਾਣ ਮਹਿਸੂਸ ਕੀਤਾ |