ਨਵਾਂਸ਼ਹਿਰ, 19 ਫਰਵਰੀ (ਜਸਬੀਰ ਸਿੰਘ ਨੂਰਪੁਰ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਡੀ.ਸੀ ਦਫ਼ਤਰ ਦੇ ਸਾਹਮਣੇ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਸੈਂਕੜਿਆਂ ਦੀ ਤਾਦਾਦ 'ਚ ਅਧਿਆਪਕ ਅਤੇ ਕਰਮਚਾਰੀਆਂ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਬੋਲਦਿਆਂ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਜੁਝਾਰ ਸੰਹੂਗੜਾ ਜ਼ਿਲ੍ਹਾ ਪ੍ਰਧਾਨ ਬੀ.ਐਡ ਫਰੰਟ ਅਤੇ ਮਨਿੰਦਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸੀ.ਪੀ.ਐਫ ਕਰਮਚਾਰੀ ਯੂਨੀਅਨ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਆਪਣੇ ਚੋਣ ਵਾਅਦੇ ਨੂੰ ਲਾਗੂ ਕਰਨ 'ਚ ਨਾਕਾਮ ਰਹੀ ਹੈ, ਜਿਹੜਾ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲੀ ਦਾ ਇੱਕ ਲੰਗੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਸ ਨੂੰ ਚਾਰ ਸਾਲ ਬੀਤ ਜਾਣ ਬਾਅਦ ਵੀ ਪੰਜਾਬ ਸਰਕਾਰ ਲਾਗੂ ਨਹੀਂ ਕਰ ਸਕੀ | ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਮੂਹ ਐਨ.ਪੀ.ਐਸ ਕਰਮਚਾਰੀ ਵਿਧਾਨ ਸਭਾ ਵੱਲ ਨੂੰ ਮਾਰਚ ਕਰਨਗੇ ਜਿਸ ਦੇ ਸਬੰਧ ਵਿੱਚ ਦੋਵਾਂ ਜਥੇਬੰਦੀਆਂ ਦੇ ਆਗੂਆਂ ਨੇ ਬਲਾਕ ਪੱਧਰ 'ਤੇ ਵਿਉਂਤਬੰਦੀ ਅਤੇ ਤਿਆਰੀ ਵਿੱਢ ਦਿੱਤੀ ਹੈ ਕਿਉਂਕਿ ਸਰਕਾਰ ਦੇ ਲਾਰਿਆਂ ਤੋਂ ਅੱਕੇ ਕਰਮਚਾਰੀ ਹੁਣ ਆਰ ਜਾਂ ਪਾਰ ਦੇ ਸੰਘਰਸ਼ ਕਰਨ ਦੇ ਰੌਅ ਵਿੱਚ ਹਨ | ਉਹਨਾਂ ਕਿਹਾ ਕਿ ਸਰਕਾਰ ਪਿਛਲੇ ਕੀਤੇ ਵਾਅਦੇ ਚਾਰ ਸਾਲ ਬੀਤ ਜਾਣ ਬਾਅਦ ਵੀ ਪੂਰੇ ਨਹੀਂ ਕਰ ਸਕੀ ਉਲਟਾ ਪੁਰਾਣੀ ਪੈਨਸ਼ਨ ਬਹਾਲੀ ਅੰਦੋਲਨ ਤੋਂ ਧਿਆਨ ਭਟਕਾਉਣ ਲਈ ਸਰਕਾਰ ਨੇ ਬੜੀ ਚਲਾਕੀ ਨਾਲ ਟੈੱਟ ਦੀ ਸ਼ਰਤ ਨੂੰ ਥੋਪ ਦਿੱਤਾ ਹੈ | ਉਹਨਾਂ ਕਿਹਾ ਕਿ ਸਰਕਾਰ ਤੁਰੰਤ ਟੈੱਟ ਦੀ ਬੇਲੋੜੀ ਸ਼ਰਤ ਨੂੰ ਵਿਧਾਨ ਸਭਾ ਵਿੱਚ ਆਰਡੀਨੈਂਸ ਪਾਸ ਕਰ ਵਾਪਸ ਲਵੇ ਨਹੀਂ ਤਾਂ 22 ਫਰਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੀ ਮਹਾਂ ਰੈਲੀ ਨੂੰ ਸਮਰਥਨ ਦਿੱਤਾ ਤੇ ਇਹਨਾਂ ਦੋਵਾਂ ਮੁੱਦਿਆਂ ਨੂੰ ਲੈ ਕੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ | ਇਸ ਮੌਕੇ ਬਿਕਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਜੀ.ਟੀ.ਯੂ, ਗੁਰਦੀਸ ਸਿੰਘ, ਸੋਮਨਾਥ ਸੜੋਆ, ਅਸੋਕ ਪਠਲਾਵਾ, ਭੁਪਿੰਦਰ ਸਿੰਘ, ਹਰਚਰਨਜੀਤ ਸਿੰਘ, ਰਾਜ ਕੁਮਾਰ ਜੰਡੀ, ਸੁਦੇਸ਼ ਦੀਵਾਨ, ਵਿਆਸ ਲਾਲ, ਹੰਸ ਰਾਜ, ਨਵੀਨ ਕਰੀਹਾ, ਗੁਰਦੀਪ ਸਿੰਘ, ਹੰਸ ਰਾਜ, ਪਵਨ ਕੁਮਾਰ, ਸੁਰਿੰਦਰ ਕੌਰ, ਬਲਵਿੰਦਰ ਕੌਰ, ਕਿ੍ਸ਼ਮਾ ਬਾਲੀ, ਅਮਨਦੀਪ ਕੌਰ, ਮਨਜੀਤ ਕੌਰ, ਨਰਿੰਦਰ ਕੌਰ, ਆਸ਼ਾ ਰਾਣੀ, ਜਸਵਿੰਦਰ ਕੌਰ, ਅਮਰੀਕ ਕੌਰ, ਜਮਨਾ ਦੇਵੀ ਅਤੇ ਪਿੰਕੀ ਰਾਣੀ ਆਦਿ ਨੇ ਵੀ ਸੰਬੋਧਨ ਕੀਤਾ |