ਮਜਾਰੀ/ਸਾਹਿਬਾ, 29 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਅੰਦਰ ਨਿੱਤ ਪਤੰਗ ਚੜ੍ਹਾਉਣ ਲਈ ਵਰਤੀ ਜਾਂਦੀ ਪਲਾਸਟਿਕ ਦੀ ਡੋਰ ਨਾਲ ਹਰ ਰੋਜ਼ ਹਾਦਸੇ ਵਾਪਰਨ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ | ਜਿਸ ਨਾਲ ਆਮ ਲੋਕਾਂ ਖਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ 'ਚ ਇਸ ਡੋਰ ਦਾ ਖੌਫ ਪਾਇਆ ਜਾ ਰਿਹਾ ਕਿ ਪਤਾ ਨਹੀਂ ਕਦੋਂ ਕਿਸੇ ਨਾਲ ਕੋਈ ਹਾਦਸਾ ਵਾਪਰ ਜਾਵੇ | ਹਰੇਕ ਪਿੰਡ 'ਚ ਪਲਾਸਟਿਕ ਦੀ ਡੋਰ ਨਾਲ ਪਤੰਗ ਉੱਡਦੇ ਵੇਖੇ ਜਾ ਸਕਦੇ ਹਨ | ਬੀਤੇ ਦਿਨ ਕਸਬਾ ਮਜਾਰੀ ਵਿਖੇ ਪੈਟਰੋਲ ਪੰਪ ਲਾਗੇ ਇਕ ਪਲਾਸਟਿਕ ਦੀ ਡੋਰ ਜੋ ਸੜਕ 'ਤੇ ਜਾਂਦੀ ਇਕ ਕਾਰ ਵਿਚ ਫਸ ਗਈ ਜੋ ਦੂਰ ਤੱਕ ਖਿੱਚੀ ਚਲੀ ਗਈ ਪਰ ਟੁੱਟੀ ਨਹੀ | ਜਿਸ ਨੂੰ ਕਾਰ ਵਾਲੇ ਨੇ ਗੱਡੀ ਰੋਕ ਕੇ ਕੱਢਿਆ ਤੇ ਨੇੜੇ ਦੇ ਦੁਕਾਂਨਦਾਰਾਂ ਵਲੋਂ ਇਸ ਨੂੰ ਇਕੱਠੀ ਕਰਕੇ ਅੱਗ ਵਿੱਚ ਸਾੜ ਦਿੱਤਾ | ਉਨ੍ਹਾਂ ਦੱਸਿਆ ਕਿ ਜੇਕਰ ਇਹ ਡੋਰ ਗੱਡੀ ਵਿਚ ਨਾ ਫਸਦੀ ਤਾਂ ਦੋ ਪਹੀਆਂ ਚਾਲਕ ਇਸ ਦੀ ਲਪੇਟ ਵਿਚ ਆ ਕੇ ਹਾਦਸਾਗ੍ਰਸਤ ਹੋ ਸਕਦਾ ਸੀ | ਇਸ ਤੋਂ ਪਹਿਲਾਂ ਵੀ ਇਥੇ ਪਲਾਸਟਿਕ ਦੀ ਡੋਰ ਨਾਲ ਹਾਦਸੇ ਹੋ ਚੁੱਕੇ ਹਨ |