ਕੇਂਦਰ ਸਰਕਾਰ ਨੇ ਕਣਕ ਦੇ ਰੇਟ ’ਚ ਮਾਮੂਲੀ 25 ਰੁਪਏ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ-ਪ੍ਰਧਾਨ ਦਵਿੰਦਰ ਸਿੰਘ ਮਾਨ ਗੁੜੇ
ਚੌਂਕੀਮਾਨ, 7 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜ ਗਿੱਲ) ਦੇ ਬਲਾਕ ਸਵੱਦੀ ਦੇ ਪ੍ਰਧਾਨ ਦਵਿੰਦਰ ਸਿੰਘ ਮਾਨ ਗੁੜੇ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੇ ਰੇਟ ’ਚ ਮਾਮੂਲੀ 25 ਰੁਪਏ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ ਤੇ ਕਿਸਾਨ ਦਿਨ ਰਾਤ ਇੱਕ ਕਰਕੇ ਪੁੱਤਾਂ ਵਾਂਗੂ ਆਪਣੀਆਂ ਫ਼ਸਲਾਂ ਨੂੰ ਪਾਲਦਾ ਹੈ ਪਰ ਸਰਕਾਰਾਂ ਉਸ ਦਾ ਜਾਇਜ਼ ਰੇਟ ਦੇਣ ਦੀ ਬਜਾਏ ਖੇਤੀ ਸੈਕਟਰ ਨੂੰ ਤਬਾਹ ਕਰਨ ਲੱਗੀਆਂ ਹੋਈਆਂ ਹਨ ਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਦੇਸ਼ ਦੇ ਅੰਨਦਾਤੇ ਦੀ ਪਿੱਠ ਵਿਚ ਛੁਰਾ ਮਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਆਪਣੇ ਹੱਕ ਲੈਣ ਲਈ ਮਜ਼ਬੂਰ ਹੋ ਕੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈਂਦਾ ਹੈ ਤੇ ਅੱਗੇ ਕਿਹਾ ਕਿ ਕਿਸਾਨ ਦੀ ਪੈਦਾ ਕੀਤੀ ਗੰਨੇ ਤੇ ਮੱਕੀ ਦੀ ਫ਼ਸਲ ਸਮੇਤ ਹੋਰ ਫ਼ਸਲਾਂ ਤੋਂ ਈਥੋਨਲ ਤਿਆਰ ਕਰਕੇ ਸਰਕਾਰ ਤੇ ਉਦਯੋਗ ਵੱਡਾ ਲਾਭ ਪ੍ਰਾਪਤ ਕਰ ਰਹੇ ਹਨ ਪਰ ਕਿਸਾਨ ਨੂੰ ਉਸ ਦਾ ਕੋਈ ਲਾਭ ਨਹੀਂ ਮਿਲਦਾ ਤੇ ਕਿਸਾਨ ਨੂੰ ਉਸ ਦਾ ਬਣਦਾ ਹੱਕ ਦੇਣਾ ਚਾਹੀਦਾ ਹੈ।