ਜਗਰਾਉਂ, 26 ਅਗਸਤ (ਵਿਨੋਦ ਕੁਮਾਰ)-ਡੀ.ਏ.ਵੀ. ਜਗਰਾਉਂ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ, ਉਮੰਗ ਅਤੇ ਹਾਸੇ-ਖੇਡ ਦੇ ਮਾਹੌਲ ਵਿੱਚ ਮਨਾਇਆ ਗਿਆ। ਸਕੂਲ ਦਾ ਮੰਚ ਰੰਗ-ਬਿਰੰਗੇ ਫੁੱਲਾਂ ਅਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਵਸਤੂਆਂ ਨਾਲ ਬੇਹੱਦ ਸੁੰਦਰ ਢੰਗ ਨਾਲ ਸਜਾਇਆ ਗਿਆ। ਇਸ ਮੌਕੇ ਡਾ. ਮੀਨਾ ਲਾਲ ਅਤੇ ਨਾਰੀ ਸ਼ਕਤੀ ਫਾਊਂਡੇਸ਼ਨ ਦੇ ਮੈਂਬਰਾਂ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ। ਕੈਪਟਨ ਨਰੇਸ਼ ਵਰਮਾ ਨੇ ਮੁੱਖ ਬੁਲਾਰੇ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ। ਤਿਉਹਾਰ ਦੌਰਾਨ ਮਹਿੰਦੀ ਪ੍ਰਤੀਯੋਗਤਾ, ਪਰਾਂਦਾ ਪਾਉਣ ਦੀ ਪ੍ਰਤੀਯੋਗਤਾ, ਨੇਲ ਆਰਟ ਪ੍ਰਤੀਯੋਗਤਾ, ਸਮੂਹ ਨਾਚ ਅਤੇ ‘ਮਿਸ ਤੀਜ’ ਪ੍ਰਤੀਯੋਗਤਾ ਸਮੇਤ ਕਈ ਦਿਲਚਸਪ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥਣਾਂ ਨੇ ਲੋਕ-ਗੀਤਾਂ ਦੀ ਮਨਮੋਹਕ ਪੇਸ਼ਕਾਰੀ ਕੀਤੀ ਅਤੇ ਸ਼ਾਨਦਾਰ ਗਿੱਧਾ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਤੀਜੀ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਪ੍ਰਤੀਯੋਗਤਾਵਾਂ ਵਿੱਚ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥਣਾਂ ਵੱਲੋਂ ਵੱਖ-ਵੱਖ ਸਟਾਲ ਵੀ ਲਗਾਏ ਗਏ, ਜਿੰਨ੍ਹਾਂ ਰਾਹੀਂ ਉਨ੍ਹਾਂ ਨੇ ਆਪਣੇ ਉਤਸਾ਼ਹ ਅਤੇ ਰਚਨਾਤਮਕ ਕੌਸ਼ਲ ਦਾ ਸੁੰਦਰ ਪ੍ਰਦਰਸ਼ਨ ਕੀਤਾ। ਬਾਰ੍ਹਵੀਂ ਜਮਾਤ ਮੈਡੀਕਲ ਦੀ ਵਿਦਿਆਰਥਣ ਹਰਨੂਰ ਕੌਰ ਨੂੰ ‘ਮਿਸ ਤੀਜ 2026’ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਪਹਿਰਾਵੇ ਲਈ ਅਰਸ਼ਵੀਰ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵੱਖ-ਵੱਖ ਪ੍ਰਤੀਯੋਗਤਾਵਾਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਇਹ ਸਮਾਗਮ ਪੰਜਾਬੀ ਸੱਭਿਆਚਾਰ, ਪਰੰਪਰਾਵਾਂ, ਪ੍ਰਤਿਭਾ ਅਤੇ ਖੁਸ਼ੀਆਂ ਦਾ ਸੁੰਦਰ ਸੁਮੇਲ ਪੇਸ਼ ਕਰਦਾ ਹੋਇਆ ਯਾਦਗਾਰੀ ਹੋ ਨਿਬੜਿਆ।