ਏ.ਡੀ.ਸੀ. ਮਨਜੀਤ ਸਿੰਘ ਚੀਮਾਂ ਨੇ ਲਹਿਰਾਇਆ ਤਿਰੰਗਾ ਝੰਡਾ * ਅਮਨ, ਭਾਈਚਾਰਕ ਸਾਂਝ ਅਤੇ ਦੇਸ਼ ਦੀ ਉੱਨਤੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਦਾ ਦਿੱਤਾ ਸੁਨੇਹਾ
ਜਗਰਾਉਂ, 16 ਅਗਸਤ (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ)- ਸਰਕਾਰੀ ਆਫ ਐਮੀਨੈੱਸ ਸਕੂਲ ਜਗਰਾਉਂ ਵਿਖੇ ਤਹਿਸੀਲ ਪੱਧਰ ਦਾ 80ਵਾਂ ਆਜ਼ਾਦੀ ਦਿਹਾੜਾ ਜਗਰਾਉਂ ਵਿਖੇ ਮਨਾਇਆ ਗਿਆ। ਇਸ ਸਮਾਗਮ ਦੌਰਾਨ ਏ.ਡੀ.ਸੀ. ਮਨਜੀਤ ਸਿੰਘ ਚੀਮਾ ਨੇ ਕੌਮੀ ਤਿਰੰਗਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਕਰਕੇ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਸਾਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਘਾਲਣਾਵਾਂ ਨੂੰ ਭੁੱਲਣਾ ਨਹੀਂ ਚਾਹੀਦਾ, ਸਗੋਂ ਆਪਣੀ ਅਗਲੀ ਪੀੜੀ ਨੂੰ ਵੀ ਇਸ ਬਾਰੇ ਜਾਣੂੰ ਕਰਵਾਉਣਾ ਚਾਹੀਦਾ ਹੈ ਤਾਂ ਕਿ ਨਵੀਂ ਪੀੜੀ ਦੇਸ਼ ਭਗਤੀ ਦੇ ਜਜ਼ਬੇ ਨੂੰ ਹਮੇਸ਼ਾਂ ਯਾਦ ਰੱਖੇ। ਇਸ ਸਮੇਂ ਏ.ਡੀ.ਸੀ ਨੇ ਸ਼ਹੀਦਾਂ ਵਲੋਂ ਵੇਖੇ ਆਜ਼ਾਦ, ਖੁਸ਼ਹਾਲ ਅਤੇ ਮਜ਼ਬੂਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਸਿਰਫ਼ ਸਰਕਾਰਾਂ ਦੇ ਯਤਨਾਂ ਨਾਲ ਨਹੀਂ, ਸਗੋਂ ਹਰ ਨਾਗਰਿਕ ਦੀ ਇਮਾਨਦਾਰੀ, ਮਿਹਨਤ ਅਤੇ ਜ਼ਿੰਮੇਵਾਰ ਭੂਮਿਕਾ ਨਾਲ ਸੰਭਵ ਹੈ। ਏ.ਡੀ.ਸੀ. ਨੇ ਨੌਜਵਾਨਾਂ ਨੂੰ ਸਿੱਖਿਆ, ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦੀ ਅਸਲ ਤਾਕਤ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ, ਭੇਦਭਾਵ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਰਕਾਰ ਦੇ ਨਾਲ-ਨਾਲ ਸਮਾਜ ਦੇ ਹਰੇਕ ਵਰਗ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮੀਰ ਵਿਰਾਸਤ ਸਾਨੂੰ ਸਾਂਝੀਵਾਲਤਾ, ਭਾਈਚਾਰੇ ਅਤੇ ਮਨੁੱਖਤਾ ਦਾ ਸੁਨੇਹਾ ਦਿੰਦੀ ਹੈ। ਇਸ ਵਿਰਾਸਤ ਨੂੰ ਅੱਗੇ ਤੋਰਦਿਆਂ ਸਾਨੂੰ ਆਪਸੀ ਪਿਆਰ, ਸਤਿਕਾਰ ਅਤੇ ਸਦਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਮਨ-ਸ਼ਾਂਤੀ ਅਤੇ ਮਜ਼ਬੂਤ ਭਾਈਚਾਰਕ ਸਾਂਝ ਹੀ ਖੁਸ਼ਹਾਲ ਸਮਾਜ ਅਤੇ ਤਰੱਕੀਸ਼ੀਲ ਦੇਸ਼ ਦੀ ਮਜ਼ਬੂਤ ਨੀਂਹ ਹਨ। ਇਸ ਸਮਾਗਮ ਦੌਰਾਨ ਮਾਰਚ ਪਾਸਟ ਕਰਦੀਆਂ ਵੱਖ-ਵੱਖ ਟੁਕੜੀਆਂ ਨੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ। ਦੇਸ਼ ਭਗਤੀ ਦੀਆਂ ਮਧੁਰ ਧੁਨਾਂ ’ਤੇ ਪੇਸ਼ ਕੀਤੇ ਗਏ ਦੇਸ਼ ਭਗਤੀ ਦੇ ਗੀਤਾਂ ਨੇ ਪੂਰੇ ਮਾਹੌਲ ਨੂੰ ਦੇਸ਼ ਪ੍ਰੇਮ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਕਲਾਤਮਕ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ, ਜਿਨ੍ਹਾਂ ਨੇ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਮੌਕੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਭਗਤੀ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕਤਾ, ਆਪਸੀ ਸਾਂਝ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਸੁਨੇਹਾ ਵੀ ਉੱਭਰ ਕੇ ਸਾਹਮਣੇ ਆਇਆ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਕੀਤੀਆਂ ਪੇਸ਼ਕਾਰੀਆਂ ਨੇ ਸਾਰੇ ਦਰਸ਼ਕਾਂ ਨੂੰ ਮੋਹਿਆ। ਇਸ ਮੌਕੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਸਨਮਾਨ ਕਰਦਿਆਂ ਦੇਸ਼ ਦੀ ਆਜ਼ਾਦੀ ਵਿੱਚ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਪਾਏ ਗਏ ਯੋਗਦਾਨ ਅਤੇ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਏ.ਡੀ.ਸੀ ਵਲੋਂ ਵੱਖ ਵੱਖ ਵਰਗਾਂ ਵਿਚ ਪਾਏ ਯੋਗਦਾਨ ਬਾਰੇ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਐੱਸ.ਡੀ.ਐੱਮ ਬਾਦਲ ਦੀਨ, ਤਹਿਸੀਲਦਾਰ ਰੇਸ਼ਮ ਸਿੰਘ, ਨਾਇਬ ਤਹਿਸੀਲ ਪੁਸ਼ਪਿੰਦਰ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਕੰਵਰਪਾਲ ਸਿੰਘ, ਕਾਰਜਸਾਧਕ ਅਫ਼ਸਰ ਮੋਹਿਤ ਸ਼ਰਮਾ, ਨਾਇਬ ਤਹਿਸੀਲ ਸਤਨਾਮ ਸਿੰਘ, ਡੀ.ਐੱਸ.ਪੀ ਜਸਵਿੰਦਰ ਸਿੰਘ ਢੀਂਡਸਾ, ਪ੍ਰੋ: ਸੁਖਵਿੰਦਰ ਸਿੰਘ, ਰੀਡਰ ਸੁਖਦੇਵ ਸਿੰਘ ਸ਼ੇਰਪੁਰੀ, ਕੈਪਟਨ ਨਰੇਸ਼ ਵਰਮਾ ਅਤੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ, ਸਟਾਫ਼ ਤੇ ਸ਼ਹਿਰ ਦੇ ਮੋਹਤਵਰ ਸ਼ਾਮਿਲ ਸਨ। ਰਾਏਕੋਟ ਵਿਖੇ ਤਹਿਸੀਲ ਪੱਧਰੀ 80ਵਾਂ ਆਜ਼ਾਦੀ ਦਿਹਾੜਾ ਮਨਾਇਆ : ਐੱਸ.ਡੀ.ਐੱਮ. ਖੁਸ਼ਪ੍ਰੀਤ ਸਿੰਘ ਨੇ ਲਹਿਰਾਇਆ ਰਾਸ਼ਟਰੀ ਝੰਡਾ ਰਾਏਕੋਟ, (ਬਲਵਿੰਦਰ ਸਿੰਘ ਲਿੱਤਰ) - ਦਾਣਾ ਮੰਡੀ ਰਾਏਕੋਟ ਵਿਖੇ ਤਹਿਸੀਲ ਪੱਧਰੀ 80ਵਾਂ ਆਜ਼ਾਦੀ ਦਿਹਾੜਾ ਪੂਰੇ ਉਤਸ਼ਾਹ, ਸ਼ਾਨੋ-ਸ਼ੌਕਤ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ । ਇਸ ਤਹਿਸੀਲ ਪੱਧਰੀ ਸਮਾਰੋਹ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਐੱਸ.ਡੀ.ਐੱਮ. ਰਾਏਕੋਟ ਖੁਸ਼ਪ੍ਰੀਤ ਸਿੰਘ ਵਲੋਂ ਅਦਾ ਕੀਤੀ ਗਈ। ਝੰਡਾ ਲਹਿਰਾਉਣ ਉਪਰੰਤ ਪੰਜਾਬ ਪੁਲਿਸ ਦੀ ਟੁਕੜੀ, ਐੱਸ.ਜੀ.ਜੀ. ਜਨਤਾ ਗਰਲਜ਼ ਕਾਲਜ ਰਾਏਕੋਟ ਦੀਆਂ ਵਿਦਿਆਰਥਣਾਂ ਅਤੇ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਕਰਦਿਆਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਉਪਰੰਤ ਸਮਾਗਮ ਵਿਚ ਪੁੱਜੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਅਤੇ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਪੂਰੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗਾਂ ਵਿਚ ਰੰਗ ਦਿੱਤਾ, ਉੱਥੇ ਹੀ ਬੱਚਿਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਸਮਾਗਮ ਵਿਚ ਮੌਜੂਦ ਦਰਸ਼ਕਾਂ ਦਾ ਮਨ ਮੋਹ ਲਿਆ । ਇਸ ਮੌਕੇ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਡੀ.ਐੱਸ.ਪੀ. ਮੁਰਾਦ ਜਸਵੀਰ ਸਿੰਘ ਗਿੱਲ, ਤਹਿਸੀਲਦਾਰ ਰੇਸ਼ਮ ਸਿੰਘ ਅਤੇ ਨਾਇਬ ਤਹਿਸੀਲਦਾਰ ਪਰਮਿੰਦਰ ਸਿੰਘ ਉਚੇਚੇ ਤੌਰ ’ਤੇ ਹਾਜ਼ਰ ਹੋਏ, ਜਿਨ੍ਹਾਂ ਵਲੋਂ ਵੱਖ-ਵੱਖ ਖੇਤਰਾਂ ਵਿਚ ਸ਼ਲਾਘਾਯੋਗ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ, ਅਧਿਆਪਕਾਂ ਅਤੇ ਪ੍ਰੋਗਰਾਮ ਵਿਚ ਵਧੀਆ ਪੇਸ਼ਕਾਰੀ ਦੇਣ ਵਾਲੇ ਵਿਦਿ ਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਦੇ ਗਾਇਨ ਨਾਲ ਹੋਈ। ਇਸ ਮੌਕੇ ਯਸ਼ਪਾਲ ਬਿੱਟੂ ਜੈਨ, ਚੇਅਰਮੈਨ ਡਾ. ਰਮੇਸ਼ ਜੈਨ ਵਪਾਰ ਵਿੰਗ ਰਾਏਕੋਟ, ਕਰਿਆਨਾ ਯੂਨੀਅਨ ਦੇ ਪ੍ਰਧਾਨ ਮਦਨ ਲਾਲ ਅਗਰਵਾਲ, ਅਤਰ ਸਿੰਘ ਚੱਢਾ ਚੇਅਰਮੈਨ ਰੋਟਰੀ ਕਲੱਬ ਰਾਏਕੋਟ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਮਨਜੀਤ ਸਿੰਘ ਰਾਏਕੋਟ ਵਾਈਸ ਕੋਆਰਡੀਨੇਟਰ ਮਾਲਵਾ ਜ਼ੋਨ ਯੁੱਧ ਨਸ਼ਿਆਂ ਵਿਰੁੱਧ, ਸਰਪੰਚ ਦਵਿੰਦਰ ਸਿੰਘ ਰੂਪਾਪੱਤੀ, ਪੀ.ਏ. ਕਮਲ ਸੁਖਾਣਾ, ਇਤਬਾਰ ਸਿੰਘ ਬਲਾਕ ਸਿੱਖਿਆ ਅਫ਼ਸਰ ਰਾਏਕੋਟ, ਈ.ਓ. ਵਿਕਾਸ ਉੱਪਲ, ਅਮਰਜੀਤ ਸਿੰਘ ਗੋਂਦਵਾਲ, ਕੌਂਸਲਰ ਸਾਹਿਲ ਗੋਇਲ, ਕੌਂਸਲਰ ਰੀਨਾ ਰਾਣੀ, ਕੌਂਸਲਰ ਅਮਨਦੀਪ ਕੌਰ ਕਹਿਲ, ਕੌਂਸਲਰ ਮਨਜਿੰਦਰ ਸਿੰਘ ਕਾਕੂ, ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ. ਹੀਰਾ ਸਿੰਘ ਸੰਧੂ, ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ. ਸੁਰਜੀਤ ਸਿੰਘ ਸਿੱਧੂ, ਜਗਰੂਪ ਸਿੰਘ ਧਾਲੀਵਾਲ, ਸਰਪੰਚ ਗੁਰਸੇਵਲ ਸਿੰਘ ਬਿੰਜਲ, ਕੁਲਦੀਪ ਕੌਰ ਦੱਧਾਹੂਰ ਹਲਕਾ ਪ੍ਰਧਾਨ ਇਸਤਰੀ ਵਿੰਗ, ਬਲਜੀਤ ਕੌਰ ਕਲਸੀਆਂ ਬਲਾਕ ਪ੍ਰਧਾਨ, ਕਮਲਪ੍ਰੀਤ ਕੌਰ ਝੋਰੜਾਂ ਬਲਾਕ ਪ੍ਰਧਾਨ, ਸਰਬਜੀਤ ਸਿੰਘ ਸੁਪਰਡੈਂਟ ਮਾਲ ਵਿਭਾਗ, ਮਨਦੀਪ ਸਿੰਘ ਰੀਡਰ ਐੱਸ.ਡੀ.ਐੱਮ. ਕਰਮੇਲ ਸਿੰਘ, ਜਸਕਿਰਨਪ੍ਰੀਤ ਸਿੰਘ ਰੀਡਰ ਤਹਿਸੀਲਦਾਰ, ਲਵਪ੍ਰੀਤ ਸਿੰਘ, ਪਿ੍ੰ: ਗੋਇਲ ਇੰਚਾਰਜ ਇਲੈਕਸ਼ਨ ਸੈੱਲ, ਕਮਲਜੀਤ ਸਿੰਘ ਰੀਡਰ ਨਾਇਬ ਤਹਿਸੀਲਦਾਰ, ਰਾਜੂ ਢੀਗੀਆਂ, ਸਤਨਾਮ ਸਿੰਘ, ਸੰਜੀਵ ਕੁਮਾਰ, ਮੋਨੂ ਕੁਮਾਰ, ਲਵਪ੍ਰੀਤ ਸਿੰਘ ਨੱਤ, ਅਵਤਾਰ ਸਿੰਘ ਜੌਹਲਾਂ, ਸਾਬਕਾ ਸਰਪੰਚ ਨਿਰਮਲ ਸਿੰਘ ਰਾਜੋਆਣਾ ਕਲਾਂ, ਮਨਪ੍ਰੀਤ ਸਿੰਘ ਰਾਜੋਆਣਾ ਖੁਰਦ, ਰਣਜੀਤ ਸਿੰਘ ਰੀਡਰ ਡੀ.ਐੱਸ.ਪੀ. ਆਦਿ ਹਾਜ਼ਰ ਸਨ । ਸੀ.ਪੀ.ਆਈ (ਐੱਮ) ਤਹਿਸੀਲ ਰਾਏਕੋਟ ਵਿਖੇ ਸਮਾਗਮ ਰਾਏਕੋਟ, (ਬਲਵਿੰਦਰ ਸਿੰਘ ਲਿੱਤਰ) ਸੀ.ਪੀ.ਆਈ (ਐੱਮ) ਤਹਿਸੀਲ ਰਾਏਕੋਟ ਵਲੋਂ ਰਾਸ਼ਟਰੀ ਕਮੇਟੀ ਦੇ ਸੱਦੇ ’ਤੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਤਹਿਸੀਲ ਦਫ਼ਤਰ ਰਾਏਕੋਟ ਵਿਖੇ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਪੂਰੇ ਉਤਸ਼ਾਹ ਨਾਲ ਅਦਾ ਕੀਤੀ ਗਈ। ਇਸ ਪ੍ਰੋਗਰਾਮ ਦੌਰਾਨ ਤਹਿਸੀਲ ਰਾਏਕੋਟ ਨਾਲ ਸਬੰਧਿਤ ਵੱਖ-ਵੱਖ ਪਿੰਡਾਂ ਤੋਂ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਆਗੂ ਕਾਮਰੇਡ ਬਲਜੀਤ ਸਿੰਘ ਗਰੇਵਾਲ ਨੇ ਕੇਂਦਰ ਦੀ ਭਾਜਪਾ-ਮੋਦੀ ਸਰਕਾਰ ਦੀਆਂ ਨੀਤੀਆਂ ’ਤੇ ਤਿੱਖੇ ਹਮਲੇ ਕੀਤੇ।ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਮੋਦੀ ਸਰਕਾਰ ਪੂਰੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਨੀਤੀ ’ਤੇ ਚੱਲ ਰਹੀ ਹੈ ਅਤੇ ਦੇਸ਼ ਦੇ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ ਅਤੇ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਕਾਮਰੇਡ ਗਰੇਵਾਲ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਦੀਆਂ ਆਰਥਿਕ ਨੀਤੀਆਂ ਕਾਰਨ ਗਰੀਬ ਵਰਗ ਹੋਰ ਗਰੀਬ ਹੁੰਦਾ ਜਾ ਰਿਹਾ ਹੈ, ਜਦਕਿ ਪੂੰਜੀਪਤੀਆਂ ਦੀ ਜਾਇਦਾਦ ਦਿਨ-ਬ-ਦਿਨ ਦੁੱਗਣੀ-ਚੌਗੁਣੀ ਵਧ ਰਹੀ ਹੈ।ਉਨ੍ਹਾਂ ਦੋਸ਼ ਲਗਾਇਆ ਕਿ ਆਰ.ਐੱਸ.ਐੱਸ. ਦੇਸ਼ ਦੇ ਵੱਡੇ-ਵੱਡੇ ਅਦਾਰਿਆਂ ’ਤੇ ਕਬਜ਼ੇ ਕਰ ਰਹੀ ਹੈ ਅਤੇ ਹਿੰਦੂਤਵ ਦੇ ਏਜੰਡੇ ਨੂੰ ਤੇਜ਼ੀ ਨਾਲ ਲਾਗੂ ਕਰਕੇ ਦੇਸ਼ ਦੇ ਧਰਮ-ਨਿਰਪੱਖ ਸੰਵਿਧਾਨ ’ਤੇ ਸਿੱਧਾ ਹਮਲਾ ਕਰ ਰਹੀ ਹੈ। ਇਸ ਮੌਕੇ ਜਥੇਬੰਦੀ ਦੇ ਹਾਜ਼ਰ ਆਗੂਆਂ ਅਤੇ ਵਰਕਰਾਂ ਨੇ ਦੇਸ਼ ਦੀ ਅਖੰਡਤਾ, ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਲਈ ਡਟ ਕੇ ਸੰਘਰਸ਼ ਕਰਨ ਦਾ ਦ੍ਰਿੜ੍ਹ ਅਹਿਦ ਲਿਆ। ਇਸ ਮੌਕੇ ਮਾ. ਫਕੀਰ ਚੰਦ ਦੱਧਾਹੂਰ, ਮਾ. ਮੁਖਤਿਆਰ ਸਿੰਘ ਜਲਾਲਦੀਵਾਲ, ਕਾਮਰੇਡ ਹਰਪਾਲ ਸਿੰਘ, ਪਰਮਿੰਦਰ ਸਿੰਘ ਪਿੰਟੂ ਗਰੇਵਾਲ, ਚਰਨਜੀਤ ਸਿੰਘ ਰਾਏਕੋਟ, ਗੁਰਮੀਤ ਸਿੰਘ ਜੌਹਲਾਂ, ਬਲਵਿੰਦਰ ਸਿੰਘ ਭੈਣੀ ਦਰੇੜਾ, ਚਰਨ ਸਿੰਘ, ਮਹਿੰਦਰ ਸਿੰਘ, ਰਾਮਪਾਲ ਸਿੰਘ ਜਲਾਲਦੀਵਾਲ, ਸੁਖਦੀਪ ਸਿੰਘ ਬੁਰਜ ਹਰੀ ਸਿੰਘ, ਓਮ ਪ੍ਰਕਾਸ਼ ਅਕਾਲਗੜ੍ਹ, ਨੰਬਰਦਾਰ ਸੁਰਿੰਦਰ ਸਿੰਘ, ਗੁਰਮੀਤ ਸਿੰਘ ਤਲਵੰਡੀ, ਜੰਗੀਰ ਸਿੰਘ, ਬਲਵੀਰ ਸਿੰਘ, ਹਰਜਿੰਦਰ ਸਿੰਘ ਗਰੇਵਾਲ ਆਦਿ ਹਾਜ਼ਰ ਸਨ। ਸਰਕਾਰੀ ਪ੍ਰਾਇਮਰੀ ਮਿਡਲ ਸਮਾਰਟ ਸਕੂਲ ਪੁਲ ਅਕਾਲਗੜ੍ਹ ਗੁਰੂਸਰ ਸੁਧਾਰ, (ਬਲਵਿੰਦਰ ਸਿੰਘ ਧਾਲੀਵਾਲ)‘ ਦੇਸ਼ ਦਾ 80ਵਾਂ ਸੁਤੰਤਰਤਾ ਦਿਵਸ ਸਰਕਾਰੀ ਪ੍ਰਾਇਮਰੀ ਮਿਡਲ ਸਮਾਰਟ ਸਕੂਲ ਨਵੀਂ ਆਬਾਦੀ ਅਕਾਲਗੜ੍ਹ ਵਿਖੇ ਸਕੂਲੀ ਬੱਚਿਆਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲੀ ਵਿਦਿਆਰਥੀਆਂ ਨੇ ਇਸ ਮੌਕੇ ਦੇਸ਼ ਭਗਤੀ ਦੇ ਗੀਤ ਗਾਉਣ ਤੋਂ ਇਲਾਵਾ ਗਿੱਧੇ, ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਦੇਸ਼ ਦਾ ਕੌਮੀ ਝੰਡਾ ਲਹਿਰਾਉਣ ਦੀ ਰਸਮ ਸਰਪੰਚ ਬੀਬੀ ਮਨਜੀਤ ਕੌਰ ਵਲੋਂ ਨਿਭਾਈ ਗਈ ਤੇ ਉਨ੍ਹਾਂ ਇਸ ਮੌਕੇ ਸਭਨਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਉਹ ਰਾਸ਼ਟਰ ਨਿਰਮਾਤਾ ਹੈ ਜਿਸ ਸਦਕਾ ਦੇਸ਼ ਦਾ ਭਵਿੱਖ ਬੱਚੇ ਮਿਆਰੀ ਵਿੱਦਿਆ ਤੇ ਸਹੀ ਸੇਧ ਨਾਲ ਵੱਡੇ ਹੋ ਕੇ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਨ ਤੇ ਦੇਸ਼ ਦੀ ਸੇਵਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਭਵਨਦੀਪ ਸਿੰਘ ਗਰੇਵਾਲ, ਮਿ ਡਲ ਸਕੂਲ ਇੰਚਾਰਜ਼ ਜਸਵੰਤ ਸਿੰਘ, ਪ੍ਰਾਇਮਰੀ ਇੰਚਾਰਜ਼ ਮਨਜੀਤ ਕੌਰ, ਰਛਪਾਲ ਕੌਰ, ਭੁਪਿੰਦਰ ਸਿੰਘ, ਹਰਪ੍ਰੀਤ ਕੌਰ ਆਦਿ ਸਕੂਕ ਸਟਾਫ਼ ਮੈਂਬਰਾਂ ਤੋਂ ਇਲਾਵਾ ‘ਆਪ’ ਦੇ ਬਲਾਕ ਪ੍ਰਧਾਨ ਰਮੇਸ਼ ਜੈਨ, ਪੰਚ ਸਵਿਤਾ ਮਲਹੋਤਰਾ, ਪੰਚ ਪ੍ਰਵੀਨ ਕੁਮਾਰੀ, ਪੰਚ ਮੋਨਿਕਾ ਰਾਣੀ, ਪੰਚ ਰਾਮ ਮੂਰਤੀ, ਸਾਬਕਾ ਸਰਪੰਚ ਤੇ ਮੌਜੂਦਾ ਪੰਚ ਸੁਖਵਿੰਦਰ ਸਿੰਘ ਕਲੇਰ, ਪੰਚ ਰਜਿੰਦਰ ਸਿੰਘ, ਪੰਚ ਕੁਲਵੀਰ ਸਿੰਘ, ਸਾਬਕਾ ਪੰਚ ਰਾਮ ਪ੍ਰਸ਼ਾਦ ਆਦਿ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਵੀ ਆਜ਼ਾਦੀ ਦੇ ਜਸ਼ਨਾਂ ਵਿਚ ਹਾਜ਼ਰੀ ਭਰੀ। ਲਾਇਨਜ਼ ਕਲੱਬ ਜਗਰਾਉਂ ਮੇਨ ਵਲੋਂ 80ਵਾਂ ਆਜ਼ਾਦੀ ਦਿਵਸ ਮਨਾਇਆ ਜਗਰਾਉਂ, (ਸ਼ਮਸ਼ੇਰ ਸਿੰਘ ਗਾਲਿਬ)- ਲਾਇਨਜ਼ ਕਲੱਬ ਜਗਰਾਉਂ ਮੇਨ ਵੱਲੋਂ 80ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਦੀ ਅਗਵਾਈ ਹੇਠ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਮਾਗਮ ਦੌਰਾਨ ਕਲੱਬ ਮੈਂਬਰਾਂ ਨੇ ਦੇਸ਼ ਦੀ ਏਕਤਾ, ਅਖੰਡਤਾ, ਸ਼ਾਂਤੀ ਅਤੇ ਤਰੱਕੀ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਦੇਸ਼ ਦਿੱਤਾ। ਪ੍ਰਧਾਨ ਲਾਇਨ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਨੇ ਕਿਹਾ ਕਿ ਆਜ਼ਾਦੀ ਸਾਨੂੰ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਪ੍ਰਾਪਤ ਹੋਈ ਹੈ, ਇਸ ਲਈ ਸਾਡਾ ਫਰਜ਼ ਹੈ ਕਿ ਅਸੀਂ ਦੇਸ਼ ਦੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੀਏ ਅਤੇ ਸਮਾਜ ਦੀ ਸੇਵਾ ਲਈ ਹਮੇਸ਼ਾ ਅੱਗੇ ਰਹੀਏ। ਇਸ ਮੌਕੇ ਕੰਵਲਜੀਤ ਸਿੰਘ ਮੱਲ੍ਹਾ, ਸੈਕਟਰੀ ਪਰਮਜੀਤ ਸਿੰਘ ਗਿੱਲ, ਕੈਸ਼ੀਅਰ ਗੁਰਜੋਤ ਸਿੰਘ ਗਰੇਵਾਲ, ਪ੍ਰਧਾਨ ਬਿੰਦਰ ਮਨੀਲਾ, ਰਵਨੀਤ ਸਿੰਘ ਸਿੱਧਵਾਂ, ਸਾਬਕਾ ਕੌਂਸਲਰ ਅਪਾਰ ਸਿੰਘ, ਅਕਾਲੀ ਦਲ ਦੇ ਆਗੂ ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਸ਼ਰਨਦੀਪ ਸਿੰਘ ਬੈਨੀਪਾਲ, ਡਾ. ਮਾਨਵ ਰਤਨ ਗੁਪਤਾ, ਨਿਰਭੈ ਸਿੰਘ, ਇੰਦਰਪਾਲ ਸਿੰਘ ਢਿੱਲੋਂ, ਜਸਜੀਤ ਸਿੰਘ ਮੱਲ੍ਹੀ, ਗੁਰਪ੍ਰੀਤ ਸਿੰਘ ਛੀਨਾ, ਅਵਤਾਰ ਸਿੰਘ ਸੰਘੇੜਾ, ਭਗਵੰਤ ਸੰਧੂ, ਰਾਜਵਿੰਦਰ ਸਿੰਘ, ਹਨੀ ਪੰਧੇਰ, ਹਰਪ੍ਰੀਤ ਸਿੰਘ ਸੱਗੂ ਹਾਜ਼ਰ ਸਨ। ਗੁਰੂ ਨਾਨਕ ਪਬਲਿਕ ਸਕੂਲ਼ ਹੰਬੜਾਂ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਹੰਬੜਾਂ , ( ਮੇਜਰ ਹੰਬੜਾਂ )- ਕਸਬਾ ਹੰਬੜਾਂ ਇਲਾਕੇ ਦੇ ਵਿੱਦਿਅਕ ਖੇਤਰ ’ ਚ ਮੋਹਰੀ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਦੇਸ਼ ਦਾ 80 ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਡਾਇਰੈਕਟਰ ਸੁਖਜਿੰਦਰ ਸਿੰਘ ਗਿੱਲ ਅਤੇ ਪਿ੍ੰ : ਮੈਡਮ ਗੁਰਦੀਪ ਕੌਰ ਗਿੱਲ ਨੇ ਸਕੂਲ ਦੇ ਕੈਂਪਸ ਅੰਦਰ ਕੌਮੀ ਝੰਡਾ ਲਹਿਰਾਏ ਜਾਣ ਦੀ ਰਸਮ ਅਦਾ ਕੀਤੀ ਤੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ । ਡਾਇਰੈਕਟਰ ਗਿੱਲ ਨੇ ਕਿਹਾ ਕਿ ਅੱਜ ਜੋ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹੈ ਇਹ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੈ , ਜਿਨ੍ਹਾਂ ਨੇ ਆਪਣਾ ਖੂਨ ਡੋਲਕੇ ਸਾਨੁੰ ਆਜ਼ਾਦੀ ਲੈ ਕੇ ਦਿੱਤੀ ਹੈ , ਇਸ ਲਈ ਸਾਨੁੰ ਉਨ੍ਹਾਂ ਸ਼ਹੀਦਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ । ਇਸ ਮੌਕੇ ਗੁਰੂ ਨਾਨਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਨਸ਼ਿਆਂ ਸਮੇਤ ਹੋਰ ਬੁਰੀਆਂ ਅਲਾਮਤਾਂ ਤੇ ਚੋਟ ਕਰਦੀ ਕੋਰੀਓਗ੍ਰਾਫ਼ਾਂ ਆਦ ਦੀ ਪੇਸ਼ਕਾਰੀ ਸੁਲਾਹਣਯੋਗ ਰਹੀ । ਸਕੂਲ਼ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਗਿੱਲ , ਪਿ੍ੰ : ਮੈਡਮ ਗੁਰਦੀਪ ਕੌਰ ਗਿੱਲ ਵਲੋਂ ਸਕੂਲ ਦੇ ਹੋਣਹਾਰ ਵਿਦਿਅਕ ਖੇਤਰ ਦੇ ਨਾਲ ਖੇਡਾਂ ਦੇ ਖੇਤਰ ’ ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਮੂਹ ਅਧਿਆਪਕ ਤੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ । ਸੱਤਿਆ ਭਾਰਤੀ ਸਕੂਲ ਵਿਖੇ ਮਨਾਇਆ ਆਜ਼ਾਦੀ ਦਿਹਾੜਾ ਗੁਰੂਸਰ ਸੁਧਾਰ, (ਬਲਵਿੰਦਰ ਸਿੰਘ ਧਾਲੀਵਾਲ) ਸੱਤਿਆ ਭਾਰਤੀ ਸਕੂਲ ਸੁਧਾਰ ਵਿਖੇ ਦੇਸ਼ ਦਾ ਆਜ਼ਾਦੀ ਦਿਵਸ ਸਕੂਲੀ ਬੱਚਿਆਂ ਵਲੋਂ ਸਟਾਫ਼ ਮੈਂਬਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸਰਪੰਚ ਹਰਮੇਲ ਸਿੰਘ ਧਾਲੀਵਾਲ, ਡਾ. ਅਰੁਣ ਬਜਾਜ ਨੇ ਆਪਣੀ ਹਾਜ਼ਰੀ ਭਰੀ। ਦੇਸ਼ ਦਾ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਡਾ. ਅਰੁਣ ਬਜਾਜ ਨੇ ਨਿਭਾਈ ਅਤੇ ਉਨ੍ਹਾਂ ਸਟਾਫ਼ ਮੈਂਬਰਾਂ ਸਮੇਤ ਬੱਚਿਆਂ ਨੂੰ ਆਜ਼ਾਦੀ ਦਿਵਸ ਦੀਆਂ ਹਾਰਿਦਕ ਵਧਾਈਆਂ ਦਿੱਤੀਆਂ। ਸਰਪੰਚ ਹਰਮੇਲ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਖਾਤਰ ਜਾਨਾਂ ਵਾਰਨ ਵਾਲੇ ਸ਼ਹੀਦ ਸਾਡੇ ਲਈ ਸਦਾ ਪ੍ਰੇਰਨਾ ਦਾ ਸਰੋਤ ਰਹਿਣਗੇ ਤੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਸਾਰੇ ਵਰਗਾਂ ਨੂੰ ਸਦਭਾਵਨਾ ਨਾਲ ਦੇਸ਼ ਦੀ ਤਰੱਕੀ ਵਿਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਹੈੱਡ ਟੀਚਰ ਰਮਨਦੀਪ ਕੌਰ, ਰਵੀ ਡੇਰ, ਅਮਰਦੀਪ ਕੌਰ, ਬਲਵੀਰ ਕੌਰ, ਕਮਲਦੀਪ ਸਿੰਘ, ਸੰਦੀਪ ਕੌਰ, ਸ਼ਰਨਦੀਪ ਕੌਰ, ਊਸ਼ਾ ਕੋਰੀ, ਅਮਨਦੀਪ ਕੌਰ ਆਦਿ ਸਟਾਫ਼ ਮੈਂਬਰ ਤੇ ਪਤਵੰਤੇ ਹਾਜ਼ਰ ਸਨ।
ਜਗਰਾਉਂ ਵਿਖੇ ਤਹਿਸੀਲ ਪੱਧਰ ’ਤੇ ਮਨਾਇਆ ਗਿਆ ਆਜ਼ਾਦੀ ਦਾ 80ਵਾਂ ਦਿਹਾੜਾ
ਜਗਰਾਉਂ, 16 ਅਗਸਤ (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ)- ਸਰਕਾਰੀ ਆਫ ਐਮੀਨੈੱਸ ਸਕੂਲ ਜਗਰਾਉਂ ਵਿਖੇ ਤਹਿਸੀਲ ਪੱਧਰ ਦਾ 80ਵਾਂ ਆਜ਼ਾਦੀ ਦਿਹਾੜਾ ਜਗਰਾਉਂ ਵਿਖੇ ਮਨਾਇਆ...
ਅਜੀਤ ਡੈਸਕ
17-08-2026