07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਏ ਪੰਜਾਬ ਸਰਕਾਰ-ਹਰਜੋਤ ਮਾਂਗਟ,ਡਾ. ਅਮਨਪ੍ਰੀਤ ਸਿੰਘ

ਅਜੀਤ ਡੈਸਕ 02-07-2026
ਮਾਛੀਵਾੜਾ ਸਾਹਿਬ, 1 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਯੂਥ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜੋਤ ਸਿੰਘ ਮਾਂਗਟ ਅਤੇ ਬਲਾਕ ਪ੍ਰਧਾਨ ਡਾ. ਅਮਨਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਤੀਬਾੜੀ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਕੀਤੇ ਵਾਅਦੇ ਨੂੰ ਤੁਰੰਤ ਅਮਲ ‘ਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਝੋਨੇ ਦੀ ਲਵਾਈ ਪੂਰੇ ਜ਼ੋਰਾਂ ‘ਤੇ ਚੱਲ ਰਹੀ ਹੈ ਪਰ ਬਿਜਲੀ ਦੇ ਲਗਾਤਾਰ ਅਤੇ ਲੰਬੇ ਕੱਟਾਂ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ 8 ਘੰਟੇ ਨਿਰਵਿਘਨ ਬਿਜਲੀ ਦੇਣ ਦਾ ਦਾਅਵਾ ਕੀਤਾ ਗਿਆ ਸੀ, ਪਰ ਹਕੀਕਤ ‘ਚ ਕਿਸਾਨਾਂ ਨੂੰ ਮੁਸ਼ਕਿਲ ਨਾਲ 4 ਘੰਟੇ ਹੀ ਬਿਜਲੀ ਮਿਲ ਰਹੀ ਹੈ। ਉਹ ਵੀ ਕਈ ਵਾਰ ਟੁੱਟਵੀਂ ਸਪਲਾਈ ਦੇ ਰੂਪ ਵਿਚ ਮਿਲਦੀ ਹੈ, ਜਿਸ ਨਾਲ ਨਾ ਤਾਂ ਮੋਟਰਾਂ ਸਹੀ ਢੰਗ ਨਾਲ ਚੱਲਦੀਆਂ ਹਨ ਅਤੇ ਨਾ ਹੀ ਖੇਤਾਂ ਨੂੰ ਸਮੇਂ ਸਿਰ ਪਾਣੀ ਲੱਗਦਾ ਹੈ। ਇਸ ਕਾਰਨ ਝੋਨੇ ਦੀ ਲਵਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਅਤੇ ਕਿਸਾਨਾਂ ਦੀ ਆਰਥਿਕ ਚਿੰਤਾ ਹੋਰ ਵੱਧ ਰਹੀ ਹੈ। ਹਰਜੋਤ ਸਿੰਘ ਮਾਂਗਟ ਤੇ ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਪਹਿਲਾਂ ਹੀ ਮਹਿੰਗੇ ਬੀਜ, ਖਾਦਾਂ, ਕੀਟਨਾਸ਼ਕਾਂ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਸੰਕਟ ‘ਚ ਹੈ, ਦੂਜੇ ਪਾਸੇ ਬਿਜਲੀ ਦੇ ਲੰਬੇ ਕੱਟ ਉਸ ਦੀਆਂ ਮੁਸ਼ਕਲਾਂ ਨੂੰ ਹੋਰ ਗੰਭੀਰ ਬਣਾ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀ ਸੈਕਟਰ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ ‘ਤੇ ਦੇਖਦਿਆਂ ਸੂਬੇ ਭਰ ਵਿਚ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਤੁਰੰਤ ਯਕੀਨੀ ਬਣਾਈ ਜਾਵੇ।
ਪਿਛਲੀ ਖ਼ਬਰ ਜਗਰਾਉਂ ਸਿਵਲ ਹਸਪਤਾਲ ਦੇ ਸਟਾਫ਼ ਵਲੋਂ ਐੱਸ. ਐੱਮ. ਓ. ਦੀ ਬਦਲੀ ਰੱਦ ਕਰਵਾਉਣ ਲਈ ਹਲਕਾ ਵਿਧਾਇਕਾ ਨੂੰ ਦਿੱਤਾ ਮੰਗ ਪੱ... ਅਗਲੀ ਖ਼ਬਰ ਪੀਰ ਬਾਬਾ ਵਜ਼ੀਰ ਅਲੀ ਕਾਕੇ ਸ਼ਾਹ ਦੀ ਦਰਗਾਹ ’ਤੇ ਸਾਲਾਨਾ ਭੰਡਾਰਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।