22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਮਾਮਲਾ ਬਣਾਈ ਜਾ ਰਹੀ ਸੜਕ ਪਤਾਸਿਆਂ ਵਾਂਗ ਭੁਰਨ ਦਾ ਰਾਏਕੋਟ-ਜਗਰਾਉਂ ਰੋਡ 'ਤੇ ਘਟੀਆ ਮਟੀਰੀਅਲ ਵਰਤਣ ਕਾਰਨ ਹੱਥਾਂ ਨਾਲ ਉਖੜਨ ਲੱਗੇ ਵੱਡੇ-ਵੱਡੇ ਖਲੇਪੜ

ਅਜੀਤ ਡੈਸਕ 21-04-2026

ਰਾਏਕੋਟ, 20 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ-ਜਗਰਾਉਂ ਰੋਡ 'ਤੇ ਚੱਲ ਰਹੇ ਨਿਰਮਾਣ ਕਾਰਜ ਦੌਰਾਨ ਘਟੀਆ ਮਟੀਰੀਅਲ ਵਰਤਣ ਦਾ ਉਸ ਸਮੇਂ ਖੁਲਾਸਾ ਹੋਇਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੇ ਆਪਣੇ ਸਾਥੀਆਂ ਸਮੇਤ ਰੋਡ 'ਤੇ ਪੈਂਦੇ ਪਿੰਡ ਬਿੰਜਲ ਨਜ਼ਦੀਕ ਕੁਝ ਦਿਨ ਪਹਿਲਾਂ ਬਣਾਈ ਸੜਕ 'ਤੇ ਪਾਏ ਪ੍ਰੀਮਿਕਸ ਨੂੰ ਹੱਥ ਨਾਲ ਹੀ ਪੁੱਟ ਦਿੱਤਾ, ਜਦਕਿ ਕੁਝ ਦਿਨ ਪਹਿਲਾਂ ਬਣੀ ਸੜਕ ਦੇ ਉੱਖੜ ਰਹੇ ਖਲੇਪੜ ਦੇਖ ਕੇ ਲੋਕ ਹੈਰਾਨ ਹੋ ਗਏ ਅਤੇ ਪਤਾਸਿਆਂ ਵਾਂਗ ਭੁਰ ਰਹੀ ਸੜਕ ਨੇ ਮਟੀਰੀਅਲ ਦੀ ਕੁਆਲਿਟੀ ਦਾ ਆਪਣੇ ਆਪ ਹੀ ਪ੍ਰਗਟਾਵਾ ਕਰ ਦਿੱਤਾ, ਸਗੋਂ ਜਦੋਂ ਅਕਾਲੀ ਆਗੂ ਸੜਕ ਵਿਚ ਘਟੀਆ ਮਟੀਰੀਅਲ ਵਰਤਣ ਦਾ ਖੁਲਾਸਾ ਕਰ ਰਹੇ ਸਨ ਤਾਂ ਠੇਕੇਦਾਰ ਨੇ ਮੌਕੇ 'ਤੇ ਜੇ.ਸੀ.ਬੀ. ਮਸ਼ੀਨ ਭੇਜ ਕੇ ਘਟੀਆ ਮਟੀਰੀਅਲ ਨਾਲ ਬਣੀ ਸੜਕ ਨੂੰ ਪੁੱਟਵਾ ਦਿੱਤਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੇ ਆਖਿਆ ਕਿ ਇਸ ਸੜਕ 'ਤੇ ਪ੍ਰੀਮਿਕਸ ਪਾਉਣ ਵਿਚ ਅੱਤ ਦਰਜੇ ਦੀ ਘਪਲੇਬਾਜ਼ੀ ਹੋ ਰਹੀ ਹੈ, ਜਿਸ ਦੌਰਾਨ ਠੇਕੇਦਾਰ ਨੇ ਡੇਹਲੋਂ ਤੋਂ ਪੱਖੋਵਾਲ ਰੋਡ ਤੋਂ ਇਕ-ਇਕ ਫੁੱਟ ਪੁਰਾਣਾ ਮਟੀਰੀਅਲ ਪੁੱਟ ਕੇ ਗਰਮ ਕਰਨ ਉਪਰੰਤ ਦੁਬਾਰਾ ਇਹ ਸੜਕ ਉੱਪਰ ਪਾ ਦਿੱਤਾ ਹੈ ਅਤੇ ਸੜਕ ਬਣਾਉਣ ਦੌਰਾਨ ਕਿਸੇ ਕਿਸਮ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਅਤੇ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਹੋ ਰਹੀ ਹੈ ਜਦਕਿ ਇਸ ਠੇਕੇਦਾਰ ਵਲੋਂ ਲੱਖਾ-ਹਠੂਰ ਰੋਡ 'ਤੇ ਕੀਤੇ ਜਾ ਰਹੇ ਕੰਮ ਦੌਰਾਨ ਵੀ ਘਟੀਆ ਮਟੀਰੀਅਲ ਪਾਏ ਜਾਣ ਦਾ ਉਨ੍ਹਾਂ ਵਲੋਂ ਮਾਮਲਾ ਉਠਾਇਆ ਗਿਆ ਸੀ ਅਤੇ ਹੁਣ ਵੀ ਉਹ ਇਸ ਮਾਮਲੇ ਨੂੰ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਧਿਆਨ ਵਿਚ ਲਿਆ ਰਹੇ ਹਨ |
ਉਨ੍ਹਾਂ ਮੰਗ ਕਰਦਿਆਂ ਆਖਿਆ ਕਿ ਰਾਏਕੋਟ-ਜਗਰਾਉਂ ਰੋਡ ਉੱਪਰ ਘਟੀਆ ਮਟੀਰੀਅਲ ਪਾ ਕੇ ਸੜਕ ਬਣਾਉਣ ਵਾਲੇ ਠੇਕੇਦਾਰ ਖ਼ਿਲਾਫ਼ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਅਤੇ ਵਧੀਆ ਕੁਆਲਿਟੀ ਵਾਲੀ ਸੜਕ ਬਣਾ ਕੇ ਲੋਕਾਂ ਨੂੰ ਆਵਾਜਾਈ ਲਈ ਇਕ ਬਿਹਤਰੀਨ ਸਹੂਲਤ ਮੁਹੱਈਆ ਕਰਵਾਈ ਜਾਵੇ | ਜਦੋਂ ਪੱਤਰਕਾਰ ਮੌਕੇ ਉੱਪਰ ਪੁੱਜੇ ਤਾਂ ਸੜਕ ਬਣਾਉਣ ਵਾਲੇ ਠੇਕੇਦਾਰ ਦੀ ਲੇਬਰ ਕੰਮ ਨੂੰ ਅੱਧ-ਵਿਚਕਾਰ ਛੱਡ ਕੇ ਚਲੇ ਗਏ | ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਗੁਰਚਰਨ ਸਿੰਘ ਰਾਜੂ ਡੱਲਾ, ਜਸਕਰਨ ਸਿੰਘ ਰਸੂਲਪੁਰ, ਸਾਬਕਾ ਸਰਪੰਚ ਅਵਤਾਰ ਸਿੰਘ ਮੱਲ੍ਹਾ ਹਾਜ਼ਰ ਸਨ |

ਪਿਛਲੀ ਖ਼ਬਰ ਬਿਜਲੀ ਕੱਟਾਂ ਖ਼ਿਲਾਫ਼ ਭਾਕਿਯੂ ਦੁਆਬਾ ਵਲੋਂ ਪ੍ਰਧਾਨ ਢੱਟ ਦੀ ਅਗਵਾਈ 'ਚ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਧਰਨਾ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਅਕਾਲੀ ਦਲ ਨੇ ਚੋਣ ਬਿਗੁਲ ਵਜਾਇਆ ਜਗਰਾਉਂ ਵਾਰਡ ਨੰਬਰ 8 ਤੋਂ ਸ਼ੰਕਰ ਨੂੰ ਉਮੀਦਵਾਰ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।