ਜਗਰਾਉਂ, 1 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਦੁੱਖ ਅਤੇ ਸੁੱਖ ਜ਼ਿੰਦਗੀ ਦਾ ਇਕ ਹਿੱਸਾ ਹਨ | ਮਨੁੱਖ ਨੂੰ ਦੁੱਖ ਤੋਂ ਭੱਜਣਾ ਨਹੀਂ ਬਲਕਿ ਸਾਹਮਣਾ ਕਰਨਾ ਚਾਹੀਦਾ ਹੈ | ਇੰਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨੇ ਸੰਗਤਾਂ ਨਾਲ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਵਿਚਾਰਾਂ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਦੁੱਖ ਦੇ ਸਮੇਂ ਮਨੁੱਖ ਨੂੰ ਦਰਦ ਇਕ ਪਾਸੇ ਤੋਂ ਨਹੀਂ, ਕਈ ਪਾਸਿਆਂ ਤੋਂ ਘੇਰਦੇ ਹਨ | ਅਜਿਹੇ ਹਾਲਾਤਾਂ 'ਚ ਇਨਸਾਨ ਨੂੰ ਆਪਣਾ ਪਰਛਾਵਾਂ ਵੀ ਡਰਾਉਣ ਲੱਗ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਗੁਰਬਾਣੀ ਨਾਲ ਜੁੜਿਆ ਜੀਵ ਦੁੱਖ ਵੇਲੇ ਦੁੱਖੀ ਨਹੀਂ ਬਲਕਿ ਚੜ੍ਹਦੀ ਕਲਾ ਵਿਚ ਰਹਿੰਦਾ ਹੈ | ਗੁਰੂ ਦੇ ਭੈਅ ਵਿਚ ਰਹਿਣ ਵਾਲਾ ਵਿਅਕਤੀ ਦੁੱਖਾਂ ਤੋਂ ਘਬਰਾਉਂਦਾ ਨਹੀਂ ਬਲਕਿ ਉਹ ਚੰਗੀ ਤਰ੍ਹਾਂ ਜਾਣੂ ਹੁੰਦਾ ਹੈ ਕਿ ਜਿਸ ਤਰ੍ਹਾਂ ਰਾਤ ਤੋਂ ਬਾਅਦ ਦਿਨ ਚੜ੍ਹਦਾ ਹੈ, ਉਸ ਤਰਜ਼ 'ਤੇ ਦੁੱਖ ਤੋਂ ਬਾਅਦ ਸੁੱਖ ਦਾ ਆਉਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਸੁਖੀ ਭਰਿਆ ਸਮਾਂ ਸਾਨੂੰ ਗੁਰੂ ਦੇ ਭਾਣੇ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਰੱਖ ਕੇ ਬਤੀਤ ਕਰਨਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਇਹ ਸੋਚ ਬਾਣੀ ਨਾਲ ਜੁੜ ਕੇ ਅਤੇ ਗੁਰੂ ਦੇ ਰੰਗ ਵਿਚ ਰੰਗਿਆਂ ਦੀ ਸੰਗਤ ਕਰਨ ਨਾਲ ਆਉਂਦੀ ਹੈ |