18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਰਿਹਾਇਸ਼ੀ ਇਲਾਕੇ ਵਿਚ ਟਾਵਰ ਲਗਾਉਣ ਨੂੰ ਲੈ ਕੇ ਇਲਾਕਾ ਨਿਵਾਸੀਆਂ ਦਾ ਰੋਸ ਹੋਰ ਵਧਿਆ

ਅਜੀਤ ਡੈਸਕ 02-04-2026
ਰਾਏਕੋਟ, 1 ਅਪ੍ਰੈਲ (ਸੁਸ਼ੀਲ)-ਸਥਾਨਕ ਸ਼ਹਿਰ ਦੇ ਜਗਰਾਉਂ ਰੋਡ 'ਤੇ ਸਥਿਤ ਇਕ ਘਰ 'ਚ ਇਕ ਨਿੱਜੀ ਮੋਬਾਈਲ ਕੰਪਨੀ ਵਲੋਂ ਟਾਵਰ ਲਗਾਏ ਜਾਣ ਦਾ ਇਲਾਕਾ ਨਿਵਾਸੀਆਂ ਵਲੋਂ ਕੀਤਾ ਜਾ ਰਿਹਾ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਇਸ ਸਥਾਨ 'ਤੇ ਕੁਝ ਮਹੀਨੇ ਪਹਿਲਾਂ ਇਕ ਮੋਬਾਇਲ ਕੰਪਨੀ ਵਲੋਂ ਟਾਵਰ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਸੀ, ਪ੍ਰੰਤੂ ਕੁਝ ਇਲਾਕਾ ਨਿਵਾਸੀਆਂ ਵਲੋਂ ਇਸ ਟਾਵਰ ਦੇ ਲਗਾਉਣ 'ਤੇ ਇਤਰਾਜ਼ ਜਤਾਇਆ ਗਿਆ ਅਤੇ ਕੌਂਸਲਰ ਬਲਜਿੰਦਰ ਸਿੰਘ ਰਿੰਪਾ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਇਸ ਸਬੰਧੀ ਸਥਾਨਕ ਨਗਰ ਕੌਂਸਲ ਦਫ਼ਤਰ ਵਿਚ ਸ਼ਿਕਾਇਤ ਵੀ ਕੀਤੀ ਗਈ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਨਗਰ ਕੌਂਸਲ ਅਧਿਕਾਰੀਆਂ ਵਲੋਂ ਮੌਕੇ 'ਤੇ ਜਾ ਕੇ ਕੰਮ ਰੁਕਵਾ ਦਿੱਤਾ ਗਿਆ ਸੀ | ਵਿਰੋਧ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਟਾਵਰ ਤੋਂ ਨਿਕਲਣ ਵਾਲੀਆਂ ਕਿਰਨਾਂ ਨਾਲ ਲੋਕਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਵੇਗਾ | ਪ੍ਰੰਤੂ ਜਗ੍ਹਾ ਦੇ ਮਾਲਕਾਂ ਵਲੋਂ ਇਸ ਸਬੰਧੀ ਸਾਰੇ ਜ਼ਰੂਰੀ ਦਸਤਾਵੇਜ ਅਤੇ ਮਨਜੂਰੀ ਪੱਤਰ ਨਗਰ ਪ੍ਰਸ਼ਾਸਨ ਅਧਿਕਾਰੀਆਂ ਨੂੰ ਦਿਖਾਉਣ ਉਪਰੰਤ ਇਸ ਟਾਵਰ ਦੀ ਉਸਾਰੀ ਮੁੜ ਤੋਂ ਸ਼ੁਰੂ ਕਰਵਾ ਦਿੱਤੀ ਗਈ | ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਦਾ ਰੋਸ ਹੋਰ ਵੱਧ ਗਿਆ ਅਤੇ ਉਹ ਅੱਜ ਕੌਂਸਲਰ ਬਲਜੀਤ ਸਿੰਘ ਰਿੰਪਾ ਅਤੇ ਬੀਕੇਯੂ ਡਕੌਂਦਾ (ਧਨੇਰ ਧੜਾ) ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ ਦੀ ਅਗਵਾਈ ਹੇਠ ਸਥਾਨਕ ਐੱਸ.ਡੀ.ਐੱਮ. ਰਮਨਜੀਤ ਸਿੰਘ ਅਤੇ ਥਾਣਾ ਸਿਟੀ ਵਿਖੇ ਮੁੱਖ ਥਾਣਾ ਅਫ਼ਸਰ ਗੁਰਸੇਵਕ ਸਿੰਘ ਨੂੰ ਮਿਲੇ ਅਤੇ ਟਾਵਰ ਦੀ ਉਸਾਰੀ ਦਾ ਕੰਮ ਰੁਕਵਾਉਣ ਦੀ ਅਪੀਲ ਕੀਤੀ | ਜਿਸ 'ਤੇ ਉਕਤ ਅਧਿਕਾਰੀਆਂ ਨੇ ਇਲਾਕਾ ਨਿਵਾਸੀਆਂ ਦੇ ਵਫ਼ਦ ਨੂੰ ਦੱਸਿਆ ਕਿ ਸਬੰਧਿਤ ਪਾਰਟੀ ਕੋਲ ਟਾਵਰ ਲਗਾਉਣ ਲਈ ਸਾਰੇ ਮਨਜੂਰੀ ਪੱਤਰ ਅਤੇ ਜ਼ਰੂਰੀ ਦਸਤਾਵੇਜ ਮੌਜੂਦ ਹਨ | ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਸਬੰਧਤ ਪਰਿਵਾਰ ਨਾਲ ਮਿਲ ਬੈਠ ਕੇ ਇਸ ਮਾਮਲੇ ਦਾ ਹੱਲ ਕੱਢਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਇਸ ਸਬੰਧ ਵਿਚ ਉਹ ਮਾਣਯੋਗ ਅਦਾਲਤ ਦਾ ਸਹਾਰਾ ਵੀ ਲੈ ਸਕਦੇ ਹਨ | ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਕਿਸਾਨ ਆਗੂ ਗੁਰਮਿੰਦਰ ਸਿੰਘ ਗੋਗੀ ਭੁੱਲਰ ਨੇ ਇਲਾਕਾ ਨਿਵਾਸੀਆਂ ਦੀ ਮੌਜੂਦਗੀ ਵਿਚ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਵਲੋਂ ਇਸ ਟਾਵਰ ਦੀ ਉਸਾਰੀ ਨਾ ਰੁਕਵਾਈ ਗਈ ਤਾਂ ਬੀਕੇਯੂ ਡਕੌਂਦਾ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਇਸ ਸਬੰਧੀ ਥਾਣਾ ਮੁਖੀ ਗੁਰਸੇਵਕ ਸਿੰਘ ਨੇ ਕਿਹਾ ਕਿ ਇਸ ਸਬੰਧ ਵਿਚ ਦੋਨਾਂ ਧਿਰਾਂ ਨੂੰ ਅੱਜ ਥਾਣੇ ਵਿੱਚ ਸੱਦਿਆ ਗਿਆ ਸੀ ਪ੍ਰੰਤੂ ਦੋਨੇ ਧਿਰਾਂ ਕਿਸੇ ਸਾਰਥਕ ਨਤੀਜੇ 'ਤੇ ਨਹੀਂ ਪਹੁੰਚ ਸਕੀਆਂ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ | ਸਬੰਧਤ ਜਗ੍ਹਾ ਦੇ ਮਾਲਕ ਸੁਖਜਿੰਦਰ ਸਿੰਘ ਸੰਨੀ ਮਾਂਗਟ ਨੇ ਕਿਹਾ ਕਿ ਉਨ੍ਹਾਂ ਕੋਲ ਟਾਵਰ ਲਗਾਉਣ ਲਈ ਸਾਰੇ ਜ਼ਰੂਰੀ ਦਸਤਾਵੇਜ਼ ਅਤੇ ਮਨਜ਼ੂਰੀ ਪੱਤਰ ਮੌਜੂਦ ਹਨ ਅਤੇ ਉਹ ਇਹ ਟਾਵਰ ਆਪਣੀ ਨਿੱਜੀ ਮਲਕੀਅਤ ਵਿਚ ਕਾਨੂੰਨੀ ਰੂਪ ਵਿਚ ਲਗਵਾ ਰਹੇ ਹਨ, ਜਿਸ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਹੈ | ਇਸ ਮੌਕੇ ਅਮਨਦੀਪ ਸਿੰਘ, ਬਿੱਲਾ ਨੰਬਰਦਾਰ, ਪਰਮਿੰਦਰ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਕੁਮਾਰ ਬੱਬੂ ਰਾਏਕੋਟ, ਨਵਰੀਤ ਸਿੰਘ ਗਰੇਵਾਲ, ਜਗਤਾਰ ਸਿੰਘ, ਅਵਤਾਰ ਸਿੰਘ, ਪਰਮਿੰਦਰ ਸਿੰਘ, ਦੇਵੀ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ ਗਰੇਵਾਲ, ਪਿ੍ਤਪਾਲ ਸਿੰਘ, ਸੁਖਵੀਰ ਸਿੰਘ ਆਦਿ ਮੁਹੱਲਾ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਰਮਨਜੀਤ ਸਿੰਘ ਨੇ ਸਬ-ਡਵੀਜ਼ਨ ਰਾਏਕੋਟ ਦੇ ਐੱਸ.ਡੀ.ਐੱਮ. ਵਜੋਂ ਚਾਰਜ ਸੰਭਾਲਿਆ ਅਗਲੀ ਖ਼ਬਰ ਸੱਤਿਆ ਮਿਡਲ ਸਕੂਲ ਹੰਬੜਾਂ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।