ਜਗਰਾਉਂ, 30 ਮਾਰਚ (ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ 'ਚ ਰੋਜ਼ਾਨਾ ਲੁੱਟ ਖੋਹ ਅਤੇ ਚੋਰੀਆਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਇਸਦੇ ਬਾਵਜੂਦ ਪੁਲਿਸ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ | ਜਗਰਾਉਂ ਸ਼ਹਿਰ ਦੇ ਵਿਚਕਾਰ ਰਾਣੀ ਝਾਂਸੀ ਚੌਂਕ ਜਿਸਦੇ ਨਜ਼ਦੀਕ ਸਰਕਾਰੀ ਨਸ਼ਾ ਛੁਡਾਊ ਸੈਂਟਰ ਚੱਲ ਰਿਹਾ ਹੈ | ਉਸ ਸੈਂਟਰ ਦੇ ਬਾਹਰ ਸਥਿਤ ਸੁਨਿਆਰੇ ਦੀ ਦੁਕਾਨ ਨੂੰ ਬੀਤੀ ਰਾਤ ਚੋਰਾਂ ਨੇ ਪਾੜ ਲਾ ਲਿਆ ਅਤੇ ਬੜੇ ਅਰਾਮ ਨਾਲ ਦੁਕਾਨ 'ਚੋਂ ਚਾਂਦੀ ਆਦਿ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੇਮ ਜਿਊਲਰੀ ਸ਼ੋਅ ਰੂਮ ਦੇ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਸ਼ੋਅ ਰੂਮ ਨੂੰ ਬੰਦ ਕਰਕੇ ਘਰ ਚਲੇ ਗਏ ਸਨ | ਜਦੋਂ ਅੱਜ ਸਵੇਰੇ ਦੁਕਾਨ ਖੋਲ੍ਹੀ ਤਾ ਦੇਖਿਆ ਕਿ ਦੁਕਾਨ ਅੰਦਰ ਸਾਰਾ ਸਮਾਨ ਇੱਧਰ-ਉਧਰ ਖਿਲਾਰਿਆ ਪਿਆ ਸੀ ਅਤੇ ਦੁਕਾਨ ਦੀ ਪਿਛਲੀ ਕੰਧ ਨੂੰ ਪਾੜ ਲਾਇਆ ਗਿਆ ਸੀ | ਉਕਤ ਪਾੜ ਰਾਹੀਂ ਚੋਰ ਦੁਕਾਨ ਅੰਦਰ ਦਾਖ਼ਲ ਹੋਏ ਅਤੇ ਦੁਕਾਨ ਅੰਦਰੋਂ ਚਾਂਦੀ ਅਤੇ ਹੋਰ ਕੀਮਤੀ ਸਮਾਨ ਲੈ ਕੇ ਫ਼ਰਾਰ ਹੋ ਗਏ | ਦੁਕਾਨ ਮਾਲਕ ਨੇ ਦੱਸਿਆ ਕਿ ਚੋਰਾਂ ਨੇ ਗਹਿਣਿਆਂ ਵਾਲੀ ਸੇਫ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ,ਪਰ ਉਹ ਕਾਮਯਾਬ ਨਹੀਂ ਹੋਏ | ਉਨ੍ਹਾਂ ਦੱਸਿਆ ਕਿ ਜੇਕਰ ਸੇਫ (ਸੇਫਟੀ ਅਲਮਾਰੀ) ਟੁੱਟ ਜਾਂਦੀ ਤਾਂ ਉਨ੍ਹਾਂ ਦਾ ਬਹੁਤ ਵੱਡਾ ਵਿੱਤੀ ਨੁਕਸਾਨ ਹੋ ਜਾਣਾ ਸੀ | ਸਭ ਤੋਂ ਅਹਿਮ ਗੱਲ ਹੈ ਕਿ ਕੰਧ ਨੂੰ ਪਾੜ ਲਾ ਕੇ ਦੁਕਾਨ ਅੰਦਰ ਦਾਖਲ ਹੋਣ ਵਾਲੇ ਚੋਰ ਕਾਫ਼ੀ ਸਮਾਂ ਦੁਕਾਨ ਅੰਦਰ ਫਰੋਲਾ ਫਰਾਲੀ ਕਰਦੇ ਰਹੇ ਅਤੇ ਦੁਕਾਨ ਅੰਦਰ ਚਾਹ ਬਣਾਕੇ ਵੀ ਪੀਤੀ | ਮੌਕੇ 'ਤੇ ਪੁਲਿਸ ਥਾਣਾ ਸਿਟੀ ਜਗਰਾਉਂ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਰਾਏ, ਏ.ਐੱਸ.ਆਈ. ਰਣਧੀਰ ਸਿੰਘ ਆਦਿ ਪਹੁੰਚੇ | ਜਿੰਨ੍ਹਾਂ ਦੁਕਾਨ ਮਾਲਕ ਦੇ ਬਿਆਨ ਇਕੱਤਰ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਸਾਂਝੀ ਕੀਤੀ |