20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸ਼ਹਿਰ ਦੇ ਪੁਰਾਤਨ ਕੰਨਿਆ ਸਕੂਲ ਦੀ ਖ਼ਸਤਾ ਹਾਲਤ ਬਿਲਡਿੰਗ ਢਾਹੀ, ਨਵੀਂ ਦਾ ਅਜੇ ਕੋਈ ਅਤਾ-ਪਤਾ ਨਹੀਂ

ਅਜੀਤ ਡੈਸਕ 24-02-2026
ਰਾਏਕੋਟ, 23 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਦਾ ਸਭ ਤੋਂ ਪੁਰਾਣਾ ਡਾ. ਦਵਾਰਕਾ ਨਾਥ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸ਼ਹਿਰ ਦੀ ਸੰਘਣੀਂ ਵਸੋਂ ਵਿਚ ਮੌਜੂਦ ਹੈ, ਜਿੱਥੇ ਸ਼ਹਿਰ ਦੀਆਂ ਲੜਕੀਆਂ ਨੂੰ ਸਿੱਖਿਆ ਗ੍ਰਹਿਣ ਕਰਨ ਲਈ ਆਉਣ-ਜਾਣਾ ਸਭ ਤੋਂ ਆਸਾਨ ਮੰਨਿਆਂ ਜਾਂਦਾ ਹੈ | ਇਸ ਸਕੂਲ ਦੀ ਇਮਾਰਤ ਜ਼ਿਆਦਾ ਪੁਰਾਣੀ ਤੇ ਖਸਤਾ ਹਾਲਾਤ 'ਚ ਹੋਣ ਕਰਕੇ ਇਸ ਨੂੰ ਅਸੁਰੱਖਿਅਤ ਘੋਸ਼ਿਤ ਕੀਤਾ ਗਿਆ ਸੀ, ਜਿਸ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵਲੋਂ ਇਸ ਬਿਲਡਿੰਗ ਨੂੰ ਢਹਿ-ਢੇਰੀ ਕਰਵਾਉਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ | ਪ੍ਰਕਿਰਿਆ ਅਨੁਸਾਰ ਇਸ ਸਕੂਲ ਦੀ ਖਸਤਾ ਹਾਲਤ ਬਿਲਡਿੰਗ ਨੂੰ ਬੇਸ਼ੱਕ 3-4 ਮਹੀਨਿਆਂ ਤੋਂ ਢਾਹੁਣਾ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਬਿਲਡਿੰਗ ਹੁਣ ਪੂਰੀ ਤਰ੍ਹਾਂ ਢਹਿ ਚੁੱਕੀ ਹੈ, ਪਰ ਹੈਰਾਨੀਜਨਕ ਗੱਲ ਇਹ ਹੈ ਕਿ ਸਿੱਖਿਆ ਵਿਭਾਗ ਵਲੋਂ ਇਸ ਬਿਲਡਿੰਗ ਨੂੰ ਨਵੇਂ ਸਿਰੇ ਤੋਂ ਇਸ ਪੁਰਾਣੀ ਜਗ੍ਹਾ ਉੱਪਰ ਬਣਾਉਣ ਤੋਂ ਇਹ ਕਹਿ ਕੇ ਕੋਰੀ ਨਾਂਹ ਕਰ ਦਿੱਤੀ ਗਈ ਹੈ ਕਿ ਸੀਨੀਅਰ ਸੈਕੰਡਰੀ ਸਕੂਲ ਅਤੇ ਬੱਚਿਆਂ ਦੀ ਗਿਣਤੀ ਦੇ ਮੁਤਾਬਿਕ ਜਗ੍ਹਾ ਘੱਟ ਹੋਣ ਕਰਕੇ ਇਸ ਜਗ੍ਹਾ ਉੱਪਰ ਸਕੂਲ ਦੀ ਨਵੀਂ ਬਿਲਡਿੰਗ ਦੀ ਉਸਾਰੀ ਨਹੀਂ ਹੋ ਸਕਦੀ | ਇਸ ਲਈ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਅਜੇ ਤੱਕ ਸਕੂਲ ਬਣਾਉਣ ਲਈ ਕੋਈ ਵੀ ਜਗ੍ਹਾ ਨਿਸ਼ਚਿਤ ਨਹੀਂ ਕੀਤੀ ਗਈ, ਜਿਸ ਕਰਕੇ ਸੈਂਕੜੇ ਲੜਕੀਆਂ ਦਾ ਭਵਿੱਖ ਰੱਬ ਆਸਰੇ ਛੱਡਿਆ ਹੋਇਆ ਹੈ, ਸਗੋਂ ਡਾ. ਦਵਾਰਕਾ ਨਾਥ ਸਕੂਲ ਦੀਆਂ ਵਿਦਿਆਰਥਣਾਂ ਨਜ਼ਦੀਕ ਪੈਂਦੇ ਅਜੀਤਸਰ ਕੰਨਿਆਂ ਸਕੂਲ ਵਿਚ ਕਲਾਸਾਂ ਲਗਾਉਣ ਲਈ ਮਜ਼ਬੂਰ ਹੋ ਚੁੱਕੀਆਂ ਹਨ | ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਮੀਡੀਆ ਕੋਲ ਸਿੱਖਿਆ ਕ੍ਰਾਂਤੀ ਲਿਆਉਣ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਆਖਿਆ ਕਿ ਇੱਕੋ ਸਕੂਲ ਵਿਚ 2 ਸਕੂਲਾਂ ਦੇ ਬੱਚੇ ਪੜ੍ਹਨ ਨਾਲ ਦੂਸਰੇ ਸਕੂਲ ਦੇ ਬੱਚਿਆਂ ਦਾ ਵੀ ਵੱਡੀ ਪੱਧਰ 'ਤੇ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧ 'ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੋਲ ਮੁੱਦਾ ਉਠਾਇਆ ਜਾ ਚੁੱਕਾ ਹੈ, ਜਿੰਨ੍ਹਾਂ ਵਲੋਂ ਵੀ ਅਜੇ ਤੱਕ ਇਸ ਮਸਲੇ ਦਾ ਕੋਈ ਢੁੱਕਵਾਂ ਹੱਲ ਨਹੀਂ ਕੱਢਿਆ | ਬੱਚਿਆਂ ਦੇ ਮਾਪਿਆਂ ਨੇ ਆਖਿਆ ਕਿ ਨਵਾਂ ਵਿੱਦਿਅਕ ਸ਼ੈਸ਼ਨ 2026-27 ਸ਼ੁਰੂ ਹੋਣ ਵਿਚ ਕਰੀਬ ਇਕ ਮਹੀਨਾ ਬਾਕੀ ਹੈ, ਜਦਕਿ ਨਵੇਂ ਬਣਨ ਵਾਲੇ ਸਕੂਲ ਦੀ ਬਿਲਡਿੰਗ ਬਣਾਉਣ ਨੂੰ ਤਕਰੀਬਨ ਸਾਲ-ਡੇਢ ਸਾਲ ਲੱਗਣਾ ਹੈ | ਉਨ੍ਹਾਂ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਤੋਂ ਜਲਦ ਸਕੂਲ ਦੀ ਨਵੀਂ ਬਿਲਡਿੰਗ ਦੀ ਉਸਾਰੀ ਸ਼ੁਰੂ ਨਾ ਕਰਵਾਈ ਤਾਂ ਉਹ ਮਜ਼ਬੂਰਨ ਆਪਣੇ ਬੱਚਿਆਂ ਨੂੰ ਇਸ ਸਰਕਾਰੀ ਸਕੂਲ ਤੋਂ ਹਟਾਉਣ ਲਈ ਮਜ਼ਬੂਰ ਹੋਣਗੇ |
ਕੀ ਕਹਿਣਾ ਹੈ ਹਲਕਾ ਰਾਏਕੋਟ ਦੇ ਵਿਧਾਇਕ ਦਾ-
ਜਦੋਂ ਡਾ. ਦਵਾਰਕਾ ਨਾਥ ਸਕੂਲ ਦੀ ਨਵੀਂ ਇਮਾਰਤ ਬਣਾਉਣ ਬਾਰੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਸ ਸਕੂਲ ਦੀ ਇਮਾਰਤ ਨੂੰ ਜਲਦ ਤਿਆਰ ਕਰਵਾਉਣ ਲਈ ਸਿੱਖਿਆ ਮੰਤਰੀ ਤੇ ਵਿਭਾਗ ਕੋਲ ਮਾਮਲਾ ਉਠਾਇਆ ਜਾਵੇਗਾ ਤਾਂ ਜੋ ਲੜਕੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆ ਸਕੇ |
ਕੀ ਕਹਿਣਾ ਹੈ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ-
ਜਦੋਂ ਮਾਮਲੇ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਡਿੰਪਲ ਮਦਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਰਾਏਕੋਟ ਸ਼ਹਿਰ ਦੇ ਨਾਨਕਸਰ ਠਾਠ ਰੋਡ 'ਤੇ ਪ੍ਰਾਇਮਰੀ ਬਲਾਕ ਵਿਚ ਇਸ ਸਕੂਲ਼ ਨੂੰ ਤਬਦੀਲ ਕੀਤੇ ਜਾਣ ਸੰਬੰਧੀ ਤਿਆਰੀਆਂ ਚੱਲ ਰਹੀਆਂ ਹਨ ਅਤੇ ਜਲਦੀ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਜੀ.ਟੀ.ਬੀ-ਆਈ.ਐੱਮ.ਟੀ ਦਾਖਾ 'ਚ ਫਰੈਂਡਲੀ ਮੈਚ ਦੀ ਟਰਾਫ਼ੀ ਅਫਰੀਕੀ ਖਿਡਾਰੀਆਂ ਨੇ ਜਿੱਤੀ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਵਿਦਿਆਰਥੀ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅ੍ਰੰਮਿਤਸਰ ਵਿਖੇ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।