15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਿਆ ਸੈਣੀ ਸਮਾਜ ਦਾ ਵਫ਼ਦ,

ਦਸੂਹਾ, 14 ਨਵੰਬਰ (ਪ. ਪ.

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਮੰਗ ਪੱਤਰ ਸੌਂਪਦੇ ਹੋਏ ਚਰਨਜੀਤ ਸਿੰਘ ਸੈਣੀ, ਜਸਪ੍ਰੀਤ ਸਿੰਘ ਸੈਣੀ ਅਤੇ ਹੋਰ ਸੈਣੀ ਸਮਾਜ ਦੇ ਨੁਮਾਇੰਦੇ। ਅਜੀਤ ਤਸਵੀਰ 15-11-2026
ਦਸੂਹਾ, 14 ਨਵੰਬਰ (ਪ. ਪ. )- ਵਿਧਾਨ ਸਭਾ ਹਲਕਾ ਟਾਂਡਾ ਉੜਮੁੜ ਵਿਚ ਸੈਣੀ ਭਾਈਚਾਰੇ ਦੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਲੰਬੇ ਸਮੇਂ ਤੋਂ ਸਿਆਸੀ ਪਾਰਟੀਆਂ ਵਲੋਂ ਭਾਈਚਾਰੇ ਨੂੰ ਬਣਦੀ ਨੁਮਾਇੰਦਗੀ ਨਾ ਦਿੱਤੇ ਜਾਣ ਦਾ ਮੁੱਦਾ ਹੁਣ ਚਰਚਾ ਦਾ ਵਿਸ਼ਾ ਬਣਨ ਲੱਗਾ ਹੈ। ਇਸੇ ਮੰਗ ਨੂੰ ਲੈ ਕੇ ਅੱਜ ਸੈਣੀ ਸਮਾਜ ਦੇ ਮੋਹਤਬਰ ਵਿਅਕਤੀਆਂ ਅਤੇ ਮਿਹਨਤੀ ਵਰਕਰਾਂ ਦੇ ਇਕ ਵਫ਼ਦ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਕੇ ਹਲਕਾ ਟਾਂਡਾ ਉੜਮੁੜ ਤੋਂ ਸੈਣੀ ਭਾਈਚਾਰੇ ਦੇ ਯੋਗ ਆਗੂ ਨੂੰ ਵਿਧਾਨ ਸਭਾ ਦੀ ਟਿਕਟ ਦੇਣ ਦੀ ਮੰਗ ਉਠਾਈ ਗਈ। ਮੁਲਾਕਾਤ ਦੌਰਾਨ ਵਫ਼ਦ ਦੇ ਮੈਂਬਰਾਂ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਹਲਕਾ ਟਾਂਡਾ ਉੜਮੁੜ ਵਿਚ ਸੈਣੀ ਭਾਈਚਾਰੇ ਦੀ ਕਾਫ਼ੀ ਵੱਡੀ ਆਬਾਦੀ ਹੈ ਅਤੇ ਭਾਈਚਾਰੇ ਦੇ ਲੋਕ ਹਰ ਸਮਾਜਿਕ, ਧਾਰਮਿਕ ਅਤੇ ਸਿਆਸੀ ਗਤੀਵਿਧੀ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ। ਇਸ ਦੇ ਨਾਲ ਹੀ ਸੈਣੀ ਸਮਾਜ ਦੇ ਲੋਕ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜ ਕੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਅਤੇ ਚੋਣਾਂ ਦੌਰਾਨ ਪਾਰਟੀਆਂ ਦੀ ਜਿੱਤ ਲਈ ਦਿਨ-ਰਾਤ ਮਿਹਨਤ ਕਰਦੇ ਹਨ ਪਰ ਇਸ ਦੇ ਬਾਵਜੂਦ ਭਾਈਚਾਰੇ ਨੂੰ ਵਿਧਾਨ ਸਭਾ ਪੱਧਰ ’ਤੇ ਆਪਣੀ ਨੁਮਾਇੰਦਗੀ ਕਰਨ ਦਾ ਢੁਕਵਾਂ ਮੌਕਾ ਨਹੀਂ ਮਿਲ ਸਕਿਆ। ਵਫ਼ਦ ਨੇ ਕਿਹਾ ਕਿ ਕਿਸੇ ਵੀ ਲੋਕਤੰਤਰੀ ਪ੍ਰਣਾਲੀ ਵਿਚ ਹਰ ਭਾਈਚਾਰੇ ਨੂੰ ਉਸ ਦੀ ਸਮਾਜਿਕ ਮੌਜੂਦਗੀ, ਆਬਾਦੀ ਅਤੇ ਰਾਜਨੀਤਿਕ ਸਰਗਰਮੀ ਦੇ ਅਨੁਸਾਰ ਬਣਦਾ ਸਥਾਨ ਮਿਲਣਾ ਚਾਹੀਦਾ ਹੈ। ਸੈਣੀ ਭਾਈਚਾਰੇ ਦੇ ਲੋਕ ਵੀ ਲੰਬੇ ਸਮੇਂ ਤੋਂ ਸਿਆਸੀ ਪਾਰਟੀਆਂ ਨਾਲ ਜੁੜ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਰਹੇ ਹਨ ਅਤੇ ਪਾਰਟੀਆਂ ਦੇ ਔਖੇ ਸਮੇਂ ਵਿਚ ਵੀ ਵਰਕਰਾਂ ਵਜੋਂ ਡਟ ਕੇ ਸਾਥ ਦਿੰਦੇ ਰਹੇ ਹਨ। ਇਸ ਲਈ ਹੁਣ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਉਸ ਨੂੰ ਸਿਆਸੀ ਤੌਰ ’ਤੇ ਬਣਦਾ ਮਾਣ-ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ। ਵਫ਼ਦ ਨੇ ਸ੍ਰੀ ਨਾਇਬ ਸਿੰਘ ਸੈਣੀ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਟਾਂਡਾ ਉੜਮੁੜ ਤੋਂ ਸੈਣੀ ਭਾਈਚਾਰੇ ਦੇ ਕਿਸੇ ਯੋਗ, ਮਿਹਨਤੀ, ਇਮਾਨਦਾਰ ਅਤੇ ਲੋਕਾਂ ਵਿਚ ਚੰਗੀ ਪਛਾਣ ਰੱਖਣ ਵਾਲੇ ਆਗੂ ਨੂੰ ਪਾਰਟੀ ਵਲੋਂ ਵਿਧਾਨ ਸਭਾ ਦੀ ਟਿਕਟ ਦੇਣ ਲਈ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਨਾ ਸਿਰਫ਼ ਸੈਣੀ ਭਾਈਚਾਰੇ ਨੂੰ ਸਿਆਸੀ ਨੁਮਾਇੰਦਗੀ ਮਿਲੇਗੀ, ਸਗੋਂ ਸਮਾਜ ਦੇ ਮਿਹਨਤੀ ਵਰਕਰਾਂ ਦਾ ਹੌਸਲਾ ਵੀ ਵਧੇਗਾ ਅਤੇ ਉਨ੍ਹਾਂ ਨੂੰ ਪਾਰਟੀ ਨਾਲ ਹੋਰ ਮਜ਼ਬੂਤੀ ਨਾਲ ਜੁੜਨ ਦਾ ਮੌਕਾ ਮਿਲੇਗਾ। ਵਫ਼ਦ ਵਲੋਂ ਰੱਖੀ ਗਈ ਇਸ ਮੰਗ ਨੂੰ ਸੁਣਨ ਉਪਰੰਤ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਮਾਮਲੇ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨਾਲ ਹੋਈ ਇਸ ਮੁਲਾਕਾਤ ਨੂੰ ਸੈਣੀ ਸਮਾਜ ਦੇ ਨੁਮਾਇੰਦਿਆਂ ਵਲੋਂ ਆਪਣੀਆਂ ਮੰਗਾਂ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਉੱਚ ਪੱਧਰ ਤੱਕ ਪਹੁੰਚਾਉਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ਸੈਣੀ ਸਮਾਜ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਨ੍ਹਾਂ ਦੀ ਇਹ ਮੰਗ ਕਿਸੇ ਹੋਰ ਭਾਈਚਾਰੇ ਦੇ ਹੱਕਾਂ ਦੇ ਵਿਰੁੱਧ ਨਹੀਂ ਹੈ, ਸਗੋਂ ਸੈਣੀ ਸਮਾਜ ਨੂੰ ਵੀ ਲੋਕਤੰਤਰੀ ਪ੍ਰਣਾਲੀ ਵਿੱਚ ਬਰਾਬਰ ਦਾ ਮੌਕਾ ਅਤੇ ਸਿਆਸੀ ਭਾਗੀਦਾਰੀ ਦਿਵਾਉਣ ਲਈ ਹੈ। ਉਨ੍ਹਾਂ ਕਿਹਾ ਕਿ ਭਾਈਚਾਰੇ ਦੇ ਲੋਕ ਹਰ ਖੇਤਰ ਵਿੱਚ ਆਪਣੀ ਮਿਹਨਤ ਅਤੇ ਯੋਗਦਾਨ ਨਾਲ ਸਮਾਜ ਦੀ ਤਰੱਕੀ ਵਿਚ ਹਿੱਸਾ ਪਾ ਰਹੇ ਹਨ, ਇਸ ਲਈ ਸਿਆਸੀ ਪਾਰਟੀਆਂ ਨੂੰ ਵੀ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਿਆਸੀ ਪਾਰਟੀਆਂ ਆਉਣ ਵਾਲੇ ਸਮੇਂ ਵਿਚ ਸੈਣੀ ਭਾਈਚਾਰੇ ਦੀ ਇਸ ਮੰਗ ਨੂੰ ਗੰਭੀਰਤਾ ਨਾਲ ਲੈਣਗੀਆਂ ਅਤੇ ਹਲਕਾ ਟਾਂਡਾ ਉੜਮੁੜ ਤੋਂ ਭਾਈਚਾਰੇ ਦੇ ਕਿਸੇ ਯੋਗ ਨੁਮਾਇੰਦੇ ਨੂੰ ਵਿਧਾਨ ਸਭਾ ਵਿਚ ਲੋਕਾਂ ਦੀ ਆਵਾਜ਼ ਬਣਨ ਦਾ ਮੌਕਾ ਦੇਣਗੀਆਂ। ਇਸ ਮੌਕੇ ਸੈਣੀ ਸਮਾਜ ਦੇ ਵਫਦ ਚ ਸਾਮਿਲ ਚਰਨਜੀਤ ਸਿੰਘ ਸੈਣੀ, ਅਜੈਪਾਲ ਸਿੰਘ ਸੈਣੀ ਤੋਂ ਇਲਾਵਾ ਸੈਣੀ ਸੁਧਾਰ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਤੋਂ ਇਲਾਵਾ ਹੋਰ ਪਤਵੰਤੇ ਅਤੇ ਵਰਕਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਐਮ.ਜੀ.ਆਈ. ਕਾਨਵੈਂਟ ਸਕੂਲ ਵਿਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਸਟੇਟ ਪੱਧਰੀ ਮੁਕਾਬਲਿਆਂ ਵਿਚ ਚੁਣੇ ਗਏ ਖਿਡਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।