ਦਸੂਹਾ, 8 ਅਗਸਤ (ਭੁੱਲਰ)- ਐਸ.ਵੀ.ਜੇ.ਸੀ. ਡੀ.ਏ.ਵੀ. ਪਬਲਿਕ ਸਕੂਲ ਵਿਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਤੇ ਰਵਾਇਤੀ ਰੌਣਕ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਕੈਂਪਸ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਤੇ ਵਿਦਿਆਰਥਣਾਂ ਤੇ ਅਧਿਆਪਕਾਵਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸ਼ਾਨਦਾਰ ਸਭਿਆਚਾਰਕ ਪੇਸ਼ਕਾਰੀਆਂ ਕਰਕੇ ਸਭ ਦਾ ਮਨ ਮੋਹ ਲਿਆ। ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਲੋਕ ਗੀਤ, ਲੋਕ ਨਾਚ ਤੇ ਤੀਜ ਨਾਲ ਸੰਬੰਧਿਤ ਮਨਮੋਹਕ ਪੇਸ਼ਕਾਰੀਆਂ ਪੇਸ਼ ਕੀਤੀਆਂ। ਸਕੂਲ ਵਿਚ ਝੂਲਿਆਂ ਦੀ ਵੀ ਵਿਸ਼ੇਸ਼ ਵਿਵਸਥਾ ਕੀਤੀ ਗਈ ਜਿੱਥੇ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ ਤੀਜ ਦੇ ਤਿਉਹਾਰ ਦਾ ਅਨੰਦ ਮਾਣਿਆ। ਇਸ ਰਾਹੀਂ ਵਿਦਿਆਰਥੀਆਂ ਨੂੰ ਭਾਰਤੀ ਸਭਿਆਚਾਰ, ਰਵਾਇਤਾਂ ਤੇ ਤਿਉਹਾਰਾਂ ਦੇ ਮਹੱਤਵ ਬਾਰੇ ਵੀ ਜਾਣੂ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਰਸ਼ਮੀ ਮੈਗੀ ਨੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੂੰ ਤੀਜ ਦੀਆਂ ਦਿਲੋਂ ਵਧਾਈਆਂ ਦਿੰਦਿਆਂ ਕਿਹਾ ਕਿ ਅਜਿਹੇ ਸਭਿਆਚਾਰਕ ਪ੍ਰੋਗਰਾਮ ਵਿਦਿਆਰਥੀਆਂ ਵਿਚ ਆਪਣੀ ਸਭਿਆਚਾਰ ਪ੍ਰਤੀ ਸਤਿਕਾਰ, ਸਮਾਜਿਕ ਕਦਰਾਂ-ਕੀਮਤਾਂ ਤੇ ਰਵਾਇਤੀ ਵਿਰਾਸਤ ਦੀ ਸੰਭਾਲ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਲੇ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਕੀਤੀ।