ਹੁਸ਼ਿਆਰਪੁਰ, 7 ਮਈ (ਹਰਪ੍ਰੀਤ ਕੌਰ)-ਸਥਾਨਕ ਸਿਵਲ ਹਸਪਤਾਲ ਦੇ ਚੌਗਿਰਦੇ 'ਚ ਗੰਦੇ ਪਾਣੀੇ ਦੇ ਲੱਗੇ ਛੱਪੜ ਤੇ ਫ਼ੈਲੀਆਂ ਝਾੜੀਆਂ ਕਾਰਨ ਪੈਦਾ ਹੋ ਰਹੇ ਮੱਖੀਆਂ ਮੱਛਰਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਮਰੀਜ਼ਾਂ ਨੂੰ ਤੰਦਰੁਸਤੀ ਦੇਣ ਵਾਲਾ ਹਸਪਤਾਲ ਖੁਦ ਹੀ ਬਿਮਾਰੀਆਂ ਵੰਡ ਰਿਹਾ ਹੈ | ਧੀਮਾਨ ਨੇ ਕਿਹਾ ਹਸਪਤਾਲ ਦੀ ਲਾਰਵਾ ਲੱਭਣ ਵਾਲੀ ਟੀਮ ਲੋਕਾਂ ਨੂੰ ਤਾਂ ਘਰ-ਘਰ ਜਾ ਕੇ ਜੁਰਮਾਨੇ ਕਰ ਰਹੀ ਹੈ ਤੇ ਅਪਣੇ ਹਸਪਤਾਲ ਅੰਦਰ ਪੱਖਪਾਤ ਕਰਕੇ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹਸਪਤਾਲ ਦਾ ਚੌਗਿਰਦਾ ਤਾਂ ਸਫਾਈ ਤੇ ਸੁੰਦਰਤਾ ਦੀ ਇਕ ਮਿਸਾਲ ਹੋਣਾ ਚਾਹੀਦਾ ਹੈ | ਧੀਮਾਨ ਨੇ ਕਿਹਾ ਕਿ ਹਸਪਤਾਲ ਅੰਦਰ ਬਣ ਰਹੀ ਇਮਾਰਤ ਵੀ ਸਾਰੇ ਨਿਯਮਾਂ ਨੂੰ ਤਾਕ ਉਤੇ ਰੱਖ ਕੇ ਬਣਾਈ ਜਾ ਰਹੀ ਹੈ | ਕੋਈ ਪ੍ਰੋਜੈਕਟ ਬਣਨ ਤੋਂ ਪਹਿਲਾਂ ਉਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਾ ਨਕਸ਼ਾ, ਕੁੱਲ ਲਾਗਤ, ਬਿਲਡਿੰਗ ਦਾ ਆਧਾਰ ਅਤੇ ਕੰਮ ਕਦੋਂ ਸ਼ੁਰੂ ਹੋਇਆ ਤੇ ਕਦੋਂ ਖਤਮ ਹੋਵੇਗਾ, ਸੰਬੰਧੀ ਸਾਰੀ ਜਾਣਕਾਰੀ ਦੇਣ ਵਾਲਾ ਸੂਚਨਾ ਬੋਰਡ ਲੱਗਣਾ ਜ਼ਰੂਰੀ ਹੈ ਪਰ ਅਜਿਹਾ ਕੁੱਝ ਨਹੀਂ ਹੈ | ਧੀਮਾਨ ਨੇ ਦੱਸਿਆ ਕਿ ਇਸ ਸਬੰਧ ਵਿਚ ਪੰਜਾਬ ਰਾਜ ਮਨੁੱਖੀ ਅਧਿਕਾਰੀ ਕਮਿਸ਼ਨ ਨੂੰ ਵੀ ਲਿਖਿਆ ਜਾ ਚੁੱਕਾ ਹੈ |