ਹੁਸ਼ਿਆਰਪੁਰ, 7 ਮਈ (ਹਰਪ੍ਰੀਤ ਕੌਰ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਗਏ ਬਿਆਨ ਜਿਸ 'ਚ ਉਨ੍ਹਾਂ ਨੇ ਹੋ ਰਹੇ ਬੰਬ ਧਮਾਕਿਆਂ ਨੂੰ ਕੇਂਦਰ ਸਰਕਾਰ ਦੀ ਰਾਜਨੀਤੀ ਦਾ ਹਿੱਸਾ ਦੱਸਿਆ ਹੈ, 'ਤੇ 'ਆਪ' ਸਰਕਾਰ ਨੂੰ ਘੇਰਦਿਆਂ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਮੁੱਖ ਮੰਤਰੀ ਹੁਣ ਬੇਬੁਨਿਆਦ ਬਿਆਨ ਦੇਣ 'ਤੇ ਉਤਰ ਆਏ ਹਨ | ਖੰਨਾ ਨੇ ਕਿਹਾ ਕਿ ਇਹ ਭਗਵੰਤ ਮਾਨ ਦੀ ਬੁਖਲਾਹਟ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਵਿਸ਼ਵ ਸ਼ਕਤੀ ਬਣ ਕੇ ਉੱਭਰਿਆ ਹੈ ਤੇ ਵਿਸ਼ਵ ਦੇ ਸਭ ਤੋਂ ਤਾਕਤਵਰ ਦੇਸ਼ਾਂ ਦੀ ਸ਼੍ਰੇਣੀ 'ਚ ਆ ਖੜ੍ਹਾ ਹੋਇਆ ਹੈ | ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਬੈਠੇ ਕੁੱਝ ਗਦਾਰਾਂ ਦੀ ਮਦਦ ਨਾਲ ਪਾਕਿਸਤਾਨ ਤੇ ਉਸ ਦੇ ਸਹਿਯੋਗੀ ਅੱਤਵਾਦੀ ਦਲ ਆਪਣੀਆਂ ਘਟੀਆਂ ਹਰਕਤਾਂ ਨੂੰ ਅੰਜਾਮ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਜਿਹੀਆਂ ਘਟਨਾਵਾਂ ਦਾ ਸਖ਼ਤ ਨੋਟਿਸ ਲੈ ਚੁੱਕੀ ਹੈ ਅਤੇ ਜਲਦੀ ਹੀ ਦੇਸ਼ ਦੇ ਅੰਦਰੂਨੀ ਤੇ ਬਾਹਰੀ ਦੁਸ਼ਮਣਾਂ ਨੂੰ ਅੰਜਾਮ ਤੱਕ ਪਹੁੰਚਾ ਦੇਵੇਗੀ |