ਟਾਂਡਾ ਉੜਮੁੜ, 1 ਮਾਰਚ (ਭਗਵਾਨ ਸਿੰਘ ਸੈਣੀ)-ਖਡਿਆਲਾ ਸੈਣੀਆਂ ਤੋਂ ਜਥੇਦਾਰ ਰਣਧੀਰ ਸਿੰਘ ਦੀ ਅਗਵਾਈ ਹੇਠ ਚੋਲਾ ਸਾਹਿਬ ਜਾਣ ਵਾਲੀਆਂ ਸੰਗਤਾਂ ਦਾ ਮਿਆਣੀ ਵਿਖੇ ਪਹੁੰਚਣ 'ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾਏਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੌਧਰੀ ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ ਤੇ ਲਖਵਿੰਦਰ ਸਿੰਘ ਲੱਖੀ ਗਿੱਲਜੀਆਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਿਸਾਨ ਖਾਦ ਸਟੋਰ ਮਿਆਣੀ ਵਿਖੇ ਸਲਾਨਾ ਸੰਗ ਦੇ ਸੰਬੰਧ ਵਿਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਲੜੀਵਾਰ ਪਾਠ ਦੇ ਭੋਗ ਉਪਰੰਤ ਕੀਤਾ | ਉਨ੍ਹਾਂ ਕਿਹਾ ਕਿ ਦੁਆਬੇ ਦੀ ਸਭ ਤੋਂ ਵੱਡੀ ਚਾਰ ਦਿਨਾਂ ਪੈਦਲ ਯਾਤਰਾ ਵਿਚ ਸ਼ਾਮਿਲ ਸੰਗਤਾਂ ਦੇ ਦਰਸ਼ਨਾਂ ਲਈ, ਇਲਾਕਾ ਵਾਸੀ ਸਾਲ ਭਰ ਤੋਂ ਉਡੀਕਵਾਨ ਰਹਿੰਦੇ ਹਨ ਅਤੇ ਉਚੇਚੇ ਤੌਰ 'ਤੇ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਹਨ | ਇਸ ਸਬੰਧ ਵਿਚ ਥਾਂ-ਥਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਚੱਲ ਰਹੀਆਂ ਹਨ ਅਤੇ ਲੋਕ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਤੰਦਰੁਸਤੀ ਤੇ ਉਨ੍ਹਾਂ ਦੇ ਤਰੱਕੀ ਲਈ ਲਈ ਅਰਦਾਸਾਂ ਵੀ ਕਰਵਾਉਂਦੇ ਹਨ | ਸ੍ਰੀ ਗੁਰੂ ਨਾਨਕ ਨਾਮ ਲੇਵੀ ਸੰਗਤਾਂ ਸਤਿਨਾਮ ਵਾਹਿਗੁਰੂ ਦੇ ਜਾਪ ਆਦਿ ਨਾਲ ਡੇਰਾ ਬਾਬਾ ਨੇ ਨਾਨਕ ਸਥਿਤ ਸ੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਚੱਲਦੀਆਂ ਹਨ | ਉਨ੍ਹਾਂ ਅਖੰਡ ਪਾਠ ਸਾਹਿਬ ਦੀ ਲੜੀ ਵਿਚ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਸਿਰੋਪਾਉ ਪਾ ਕੇ ਸਨਮਾਨ ਵੀ ਕੀਤਾ | ਇਸ ਤੋਂ ਪਹਿਲਾਂ ਇਨ੍ਹਾਂ ਲੜੀਆਂ ਦੇ ਭੋਗ ਉਪਰੰਤ ਬੀਬੀ ਮਾਨ ਕੌਰ ਨੇ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ | ਇਸ ਮੌਕੇ ਨੰਬਰਦਾਰ ਸੁਖਵਿੰਦਰਜੀਤ ਸਿੰਘ ਗਿਲਜੀਆ, ਮਾਨ ਸਿੰਘ ਨੰਗਲੀ, ਸਤਪਾਲ ਸਿੰਘ ਪੱਪੂ, ਸੁਰਿੰਦਰ ਕੁਮਾਰ ਕਾਕਾ, ਕੁਲਵੰਤ ਸਿੰਘ ਮਿਆਣੀ, ਅਵਤਾਰ ਸਿੰਘ ਆਦਿ ਹਾਜ਼ਰ ਸਨ |