17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਰੈੱਡ ਕਰਾਸ ਤੇ ਡੀ. ਐੱਮ. ਸੀ. ਲੁਧਿਆਣਾ ਦੇ ਸਹਿਯੋਗ ਨਾਲ ਬੱਚਿਆਂ ਦਾ ਹੋਇਆ ਮੁਫ਼ਤ ਇਲਾਜ- ਡੀ. ਸੀ.

ਅਜੀਤ ਡੈਸਕ 23-02-2026
ਹੁਸ਼ਿਆਰਪੁਰ, 22 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਬੱਚਿਆਂ ਦੇ ਸਿਹਤ ਅਤੇ ਬਿਹਤਰ ਭਵਿੱਖ ਨੂੰ ਯਕੀਨੀ ਬਣਾਉਣ ਲਈ ਚਲਾਏ ਜਾ ਰਹੇ ਯਤਨਾਂ ਦੇ ਸਕਾਰਾਤਮਿਕ ਨਤੀਜੇ ਸਾਹਮਣੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐੱਮ.ਸੀ.) ਲੁਧਿਆਣਾ ਵੱਲੋਂ ਚਲਾਏ ਜਾ ਰਹੇ 'ਪ੍ਰੋਜੈਕਟ ਰੌਸ਼ਨੀ' ਦੇ ਅਧੀਨ ਅਤੇ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ (ਆਰ.ਬੀ.ਐੱਸ.ਕੇ.) ਤਹਿਤ ਫਰਵਰੀ ਦੇ ਪਹਿਲੇ ਹਫ਼ਤੇ ਵਿਸ਼ੇਸ਼ ਜਾਂਚ ਕੈਂਪ ਲਗਾਇਆ ਗਿਆ ਸੀ, ਜਿਸ ਨਾਲ ਹਜ਼ਾਰਾਂ ਬੱਚਿਆਂ ਨੂੰ ਲਾਭ ਮਿਲਿਆ | ਡੀ. ਐੱਮ. ਸੀ. ਲੁਧਿਆਣਾ ਦੀ ਡਾ. ਪਿ੍ਅੰਕਾ ਅਰੋੜਾ ਅਨੁਸਾਰ ਇਸ ਮੁਹਿੰਮ ਦੌਰਾਨ ਜ਼ਿਲ੍ਹੇ ਦੇ 15 ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਸਿਹਤ ਜਾਂਚ ਕੀਤੀ ਗਈ ਅਤੇ ਕੁੱਲ 3,402 ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | ਸਰਕਾਰੀ ਸਕੂਲਾਂ ਦੀ ਰਿਪੋਰਟ ਆਰ.ਬੀ.ਐੱਸ.ਕੇ. ਟੀਮ ਨਾਲ ਸਾਂਝੀ ਕਰ ਦਿੱਤੀ ਗਈ ਹੈ, ਜਦਕਿ ਜਿਨ੍ਹਾਂ ਬੱਚਿਆਂ ਨੂੰ ਚਸ਼ਮੇ ਦੀ ਲੋੜ ਹੈ, ਉਨ੍ਹਾਂ ਨੂੰ ਰਾਸ਼ਟਰੀ ਅੰਨ੍ਹਾਪਨ ਕੰਟਰੋਲ ਪ੍ਰੋਗਰਾਮ (ਏ.ਪੀ.ਸੀ.ਬੀ.) ਅਧੀਨ ਮੁਫ਼ਤ ਚਸ਼ਮੇ ਮੁਹੱਈਆ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕੁੱਝ ਬੱਚਿਆਂ ਵਿਚ ਦਿ੍ਸ਼ਟੀ ਕਮਜ਼ੋਰੀ ਪਾਈ ਗਈ, ਜਿਨ੍ਹਾਂ ਨੂੰ ਮੌਕੇ 'ਤੇ ਹੀ ਚਸ਼ਮੇ ਦਿੱਤੇ ਗਏ, ਜਦਕਿ ਗੰਭੀਰ ਸਮੱਸਿਆਵਾਂ ਵਾਲੇ ਬੱਚਿਆਂ ਨੂੰ ਅੱਗੇ ਇਲਾਜ ਅਤੇ ਸਰਜਰੀ ਦੀ ਸਲਾਹ ਦਿੱਤੀ ਗਈ | ਇਸੇ ਲੜੀ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਦੋ ਬੱਚਿਆਂ ਵਿਚ ਅੱਖਾਂ ਦੇ ਟੇਢੇਪਣ (ਸਕਵਿੰਟ) ਦੀ ਸਮੱਸਿਆ ਪਾਈ ਗਈ ਸੀ | ਇਨ੍ਹਾਂ ਦੋਵਾਂ ਬੱਚਿਆਂ ਦਾ ਸਫਲ ਅਪ੍ਰੇਸ਼ਨ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਚ ਕੀਤਾ ਗਿਆ | ਇਨ੍ਹਾਂ ਵਿਚ ਇੱਕ ਬੱਚੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਸੀ ਕਲਾਂ ਦੀ ਅਤੇ ਇਕ ਬੱਚਾ ਐੱਸ. ਏ. ਵੀ. ਜੈਨ ਡੇ ਬੋਰਡਿੰਗ ਸਕੂਲ, ਹੁਸ਼ਿਆਰਪੁਰ ਦਾ ਵਿਦਿਆਰਥੀ ਹੈ | ਦੋਵੇਂ ਸਰਜਰੀਆਂ ਸਫ਼ਲ ਰਹੀਆਂ ਅਤੇ ਬੱਚਿਆਂ ਦੀ ਦਿ੍ਸ਼ਟੀ ਵਿੱਚ ਵਧੀਆ ਸੁਧਾਰ ਦਰਜ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਸਾਰੀ ਡਾਕਟਰੀ ਪ੍ਰਕਿਰਿਆ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪੂਰੀ ਤਰ੍ਹਾਂ ਮੁਫ਼ਤ ਸੀ, ਜਿਸ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਮੰਗੇਸ਼ ਸੂਦ ਅਤੇ ਉਨ੍ਹਾਂ ਦੀ ਟੀਮ ਦੇ ਯੋਗਦਾਨ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪੰਜਾਬੀ ਮਾਂ ਬੋਲੀ ਵਿਕਾਸ ਮੰਚ ਟਾਂਡਾ ਵਲੋਂ ਵਿਸ਼ਾਲ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਮੋਟਰਸਾਈਕਲ ਦੀ ਟੱਕਰ 'ਚ ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।