ਹੁਸ਼ਿਆਰਪੁਰ, 29 ਜਨਵਰੀ (ਬਲਜਿੰਦਰਪਾਲ ਸਿੰਘ)-ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਵਿਸ਼ੇਸ਼ ਰੇਲ ਗੱਡੀ ਰਾਹੀਂ ਗੋਵਰਧਨ ਮੰਦਰ, ਵਾਰਾਨਸੀ ਲਈ ਰਵਾਨਾ ਹੋਏ, ਜਿਸ 'ਚ ਉਨ੍ਹਾਂ ਨਾਲ ਸੰਗਤਾਂ ਵੀ ਹਾਜ਼ਰ ਸਨ | ਇਸ ਰੇਲ ਗੱਡੀ ਨੂੰ ਹੁਸ਼ਿਆਰਪੁਰ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ | ਇਸ ਮੌਕੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕ ਲਾਲ ਚੰਦ ਕਟਾਰੂਚੱਕ ਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਵੀ ਮੌਜੂਦ ਰਹੇ | ਡਾ. ਚੱਬੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸੂਬਾ ਪੱਧਰ 'ਤੇ ਮਨਾਇਆ ਜਾ ਰਿਹਾ ਹੈ ਅਤੇ ਇਨ੍ਹਾਂ 1 ਸਾਲ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ 6 ਫਰਵਰੀ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਕੀਤੀ ਜਾਵੇਗੀ | ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਖੁਰਾਲਗੜ੍ਹ ਵਿਖੇ 3.7 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ ਅਤੇ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਾ ਹੈ, ਜਦਕਿ ਇਸ ਰਾਜ ਪੱਧਰੀ ਸਮਾਗਮ ਦੌਰਾਨ ਮੀਨਾਰ-ਏ-ਬੇਗਮਪੁਰਾ ਵੀ ਸੰਗਤ ਨੂੰ ਸਮਰਪਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਉਪਰਾਲੇ ਧਾਰਮਿਕ ਆਸਥਾ, ਭਾਈਚਾਰਕ ਏਕਤਾ ਅਤੇ ਪੰਜਾਬ ਦੀ ਅਧਿਆਤਮਕ ਵਿਰਾਸਤ ਨੂੰ ਹੋਰ ਮਜ਼ਬੂਤ ਕਰਨਗੇ |