ਕੋਟਫ਼ਤੂਹੀ, 29 ਜਨਵਰੀ (ਅਵਤਾਰ ਸਿੰਘ ਅਟਵਾਲ)-ਸਥਾਨਕ ਬਾਜ਼ਾਰ 'ਚ ਪਿਛਲੇ ਲੰਬੇ ਸਮੇਂ ਤੋਂ ਸੜਕ ਉੱਪਰ ਲੱਗ ਰਹੀਆਂ ਗਲਤ ਢੰਗ ਨਾਲ ਰੇਹੜੀਆਂ, ਫੜ੍ਹੀਆਂ ਤੇ ਦੁਕਾਨਾਂ ਅੱਗੇ ਲਗਾਇਆ ਬੇ-ਹਿਸਾਬਾਂ ਸਾਮਾਨ ਤੇ ਗਲਤ ਢੰਗ ਨਾਲ ਸੜਕ ਉੱਪਰ ਪਾਰਕਿੰਗ ਕੀਤੀਆ ਗੱਡੀਆਂ ਨਾਲ ਨਿੱਤ ਬਾਜ਼ਾਰ ਵਿਚ ਵੱਧ ਰਹੀ ਟ੍ਰੈਫਿਕ ਤੋਂ ਜਿੱਥੇ ਦੁਕਾਨਦਾਰ ਦੁਖੀ ਹਨ, ਉੱਥੇ ਇਸ ਸੜਕ ਉੱਪਰ ਸਫ਼ਰ ਕਰਨ ਵਾਲੇ ਤੇ ਆਸ ਪਾਸ ਪਿੰਡਾਂ ਦੇ ਦੋ ਪਹੀਆ ਵਾਹਨ ਚਾਲਕ ਡਾਢੇ ਦੁੱਖੀ ਹਨ, ਬਾਜ਼ਾਰ ਦੇ ਮੁੱਖ ਸੜਕ ਨੂੰ ਪਾਰ ਕਰਨ ਲਈ ਦਿਨ ਵਿਚ ਕਈ ਵਾਰ ਟ੍ਰੈਫ਼ਿਕ ਵਿਚੋਂ ਲੰਘਣ ਲਈ 20 ਮਿੰਟ ਤੋਂ ਵੱਧ ਦਾ ਸਮਾਂ ਲਗ ਜਾਂਦਾ ਹੈ | ਇਸ ਸੰਬੰਧ ਵਿਚ ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਨੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਨੂੰ ਇਕ ਆਡੀਓ ਭੇਜੀ ਸੀ, ਜਿਸ ਵਿਚ ਜ਼ਿਕਰ ਕੀਤਾ ਕਿ ਸੜਕ ਉੱਪਰ ਰੇਹੜੀ ਲਗਾਉਣ ਵਾਲਿਆ ਪਾਸੋਂ ਪ੍ਰਸ਼ਾਸਨ 1500 ਰੁਪਏ ਤੇ ਇਕ ਆਮ ਆਦਮੀ ਪਾਰਟੀ ਦਾ ਲੀਡਰ ਵੀ 1500 ਰੁਪਏ ਮਹੀਨਾ ਲੈਂਦੇ ਹਨ | ਜਿਸ 'ਤੇ ਪੁਲਿਸ ਪ੍ਰਸ਼ਾਸਨ ਤੇ ਐਕਸ਼ਨ ਲੈਂਦਿਆਂ ਮੌਕੇ 'ਤੇ ਐੱਸ. ਐਚ. ਓ ਮਦਨ ਸਿੰਘ ਮਾਹਿਲਪੁਰ, ਏ. ਐੱਸ. ਆਈ ਸੁਖਵਿੰਦਰ ਸਿੰਘ ਇੰਚਾਰਜ ਪੁਲਿਸ ਚੌਕੀ ਕੋਟਫ਼ਤੂਹੀ, ਐਚ.ਸੀ. ਅਮਰਜੀਤ ਸਿੰਘ, ਸੁਰਜੀਤ ਸਿੰਘ ਪੀ.ਐਚ.ਜੀ. ਨੇ ਪੁਲਿਸ ਪਾਰਟੀ ਨਾਲ ਸਾਂਝੇ ਤੌਰ 'ਤੇ ਸ਼ਾਮ ਰੇਹੜੀ ਵਾਲਿਆਂ ਦੇ ਸੜਕ 'ਤੇ ਨਾਜਾਇਜ਼ ਕਬਜ਼ੇ ਹਟਵਾਉਣ ਲਈ ਅਭਿਆਨ ਚਲਾਇਆ ਤੇ ਰੇਹੜੀ ਵਾਲਿਆਂ ਨੂੰ ਸੜਕ ਤੋਂ ਪਿੱਛੇ ਆਪਣੀ ਰੇਹੜੀਆਂ ਲਗਾਉਣ ਤੇ ਸੜਕ ਉੱਪਰ ਸਫ਼ੈਦ ਲਾਈਨ ਤੋਂ ਪਿੱਛੇ ਆਪਣੇ ਵਾਹਨ ਲਗਾਉਣ ਲਈ ਚਿਤਾਵਨੀ ਦਿੱਤੀ ਤੇ ਕਿਹਾ ਜੇਕਰ ਇਸ ਸੰਬੰਧ ਵਿਚ ਰੇਹੜੀ ਵਾਲਿਆਂ ਨੇ ਕੋਈ ਗ਼ੌਰ ਨਾ ਕੀਤਾ ਤਾਂ ਫਿਰ ਇਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |