ਹੁਸ਼ਿਆਰਪੁਰ, 29 ਜਨਵਰੀ (ਹਰਪ੍ਰੀਤ ਕੌਰ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਬਾਗਪੁਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਇੰਦਰਜੀਤ ਕੌਰ ਨੇ ਰਸਮੀ ਤੌਰ 'ਤੇ ਉਦਘਾਟਨ ਕੀਤਾ | ਉਨ੍ਹਾਂ ਨਾਲ ਆਮ ਆਦਮੀ ਪਾਰਟੀ ਤੋਂ ਸੰਯੁਕਤ ਸਕੱਤਰ ਰਚਨਾ ਅੱਤਰੀ ਵੀ ਮੌਜੂਦ ਸਨ | ਇਸ ਮੌਕੇ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਇਸ ਸਿਹਤ ਬੀਮਾ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਕੇਵਲ ਆਧਾਰ ਕਾਰਡ ਤੇ ਵੋਟਰ ਕਾਰਡ ਰਾਹੀਂ ਕੋਈ ਵੀ ਵਿਅਕਤੀ ਇਸ ਸਹੂਲਤ ਦਾ ਲਾਭ ਉਠਾ ਸਕਦਾ ਹੈ | ਬਰਾਂਚ ਮੈਨੇਜਰ ਪਵਨ ਕੁਮਾਰ ਨੇ ਦੱਸਿਆ ਕਿ ਸੀ.ਐਸ.ਸੀ ਸੈਂਟਰ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕੰਮ ਚੱਲ ਰਿਹਾ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਿਹਤ ਯੋਜਨਾ ਦਾ ਲਾਭ ਲੈਣ ਲਈ ਉਨ੍ਹਾਂ ਦੇ ਸੈਂਟਰ 'ਚ ਆ ਸਕਦੇ ਹਨ | ਇਸ ਮੌਕੇ ਸਿਵਲ ਪ੍ਰੋਟੈਕਸ਼ਨ ਲੀਗਲ ਸਵਿਸਿਜ਼ ਇੰਡੀਆ ਦੇ ਸੂਬਾ ਚੇਅਰਮੈਨ ਹਰਦੇਵ ਸਿੰਘ ਕੌਂਸਲ, ਗੁਰਦੁਆਰਾ ਪ੍ਰਬੰਧਕ ਕਮੇਟੀ ਬਾਗਪੁਰ ਦੇ ਪ੍ਰਧਾਨ ਗੁਰਮੁੱਖ ਸਿੰਘ ਅਤੇ ਸਕੱਤਰ ਤਰਸੇਮ ਸਿੰਘ, ਆਮ ਆਦਮੀ ਪਾਰਟੀ ਤੋਂ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਖੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ, ਸਾਬਕਾ ਹੈਡ ਟੀਚਰ ਮਾਸਟਰ ਬਾਲ ਕ੍ਰਿਸ਼ਨ, ਰਾਮ ਦੁਲਾਰੀ, ਸੁਖਦੇਵ ਸਿੰਘ ਬਸੀ ਮੁੱਦਾ, ਰਣਜੀਤ ਸਿੰਘ ਸੱਗੀ ਸਤੌਰ, ਸੁਮਨ ਅੱਤਰੀ ਆਦਿ ਮੌਜੂਦ ਸਨ |