ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ)-58ਵੀਂ ਸੀਨੀਅਰ ਨੈਸ਼ਨਲ ਖੋ-ਖੋ ਚੈਂਪੀਅਨਸ਼ਿਪ, ਜੋ ਕਾਜ਼ੀਪੱਟ ਤੇਲੰਗਾਨਾ ਵਿਖੇ ਕਰਵਾਈ ਗਈ ਸੀ, 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਦੇ ਬਾਰ੍ਹਵੀਂ ਜਮਾਤ ਦੇ ਦੋ ਖਿਡਾਰੀਆਂ ਪਿ੍ੰਸ ਹੀਰਾ ਅਤੇ ਚਰਨਜੀਤ ਕੌਰ ਨੇ ਭਾਗ ਲਿਆ | ਇਨ੍ਹਾਂ ਖਿਡਾਰੀਆਂ ਨੇ ਕੁਆਰਟਰ ਫਾਈਨਲ ਤੱਕ ਵਧੀਆ ਪ੍ਰਦਰਸ਼ਨ ਕਰਕੇ ਸਕੂਲ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ | ਸਕੂਲ ਪਹੁੰਚਣ 'ਤੇ ਇਨ੍ਹਾਂ ਖਿਡਾਰੀਆਂ ਨੂੰ ਸਵੇਰ ਦੀ ਸਭਾ ਵਿਚ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਹ ਦੋਵੇਂ ਬੱਚੇ ਖੋ-ਖੋ ਦੀ ਸਟੇਟ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤ ਚੁੱਕੇ ਹਨ, ਜਿਸ ਦੇ ਆਧਾਰ 'ਤੇ ਇਨ੍ਹਾਂ ਦੀ ਨੈਸ਼ਨਲ ਮੁਕਾਬਲੇ ਲਈ ਚੋਣ ਹੋਈ ਸੀ | ਪਿ੍ੰਸੀਪਲ ਸ਼ੈਲੇਂਦਰ ਠਾਕੁਰ ਨੇ ਇਨ੍ਹਾਂ ਹੋਣਹਾਰ ਖਿਡਾਰੀਆਂ ਨੂੰ ਵਧਾਈ ਦਿੱਤੀ | ਖੇਡ ਇੰਚਾਰਜ ਸੁਰਜੀਤ ਸਿੰਘ ਵਲੋਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ |