ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੁਸ਼ਿਆਰਪੁਰ 'ਚ ਜੈਯੰਤੀ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਯਾਦ ਕੀਤਾ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਗਗਨਦੀਪ ਸਿੰਘ, ਸਟਾਫ਼ ਤੇ ਵਿਦਿਆਰਥੀਆਂ ਵਲੋਂ ਨੇਤਾ ਜੀ ਦੀ ਤਸਵੀਰ 'ਤੇ ਫੁੱਲ-ਮਾਲਾਵਾਂ ਅਰਪਿਤ ਕੀਤੀਆਂ ਗਈਆਂ | ਇਸ ਮੌਕੇ ਵਿਦਿਆਰਥੀਆਂ ਨੂੰ ਨੇਤਾ ਜੀ ਦੇ ਜੀਵਨ ਦੇ ਬਾਰੇ 'ਚ ਸੰਖੇਪ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਗਗਨਦੀਪ ਨੇ ਦੱਸਿਆ ਕਿ ਸੁਭਾਸ਼ ਜੀ ਏਨੇ ਹਰਮਨ ਪਿਆਰੇ ਸਨ ਕਿ ਭਾਰਤ ਦੇ ਲੋਕ ਉਨ੍ਹਾਂ ਨੂੰ 'ਨੇਤਾ ਜੀ' ਕਹਿ ਕੇ ਪੁਕਾਰਦੇ ਸਨ | ਉਨ੍ਹਾਂ ਦਾ ਜਨਮ 23 ਜਨਵਰੀ 1897 'ਚ ਉੜੀਸਾ ਪ੍ਰਾਂਤ ਦੇ ਕਟਕ 'ਚ ਹੋਇਆ ਸੀ | ਉਨ੍ਹਾਂ ਦੇ ਪਿਤਾ ਜਾਨਕੀ ਦਾਸ ਇਕ ਪ੍ਰਸਿੱਧ ਵਕੀਲ ਸਨ | ਉਨ੍ਹਾਂ ਆਈ.ਸੀ.ਐੱਸ. ਦੀ ਪ੍ਰੀਖਿਆ ਪਾਸ ਕਰਕੇ ਆਪਣੀ ਯੋਗਤਾ ਦਾ ਲੋਹਾ ਮਨਵਾਇਆ | ਬੰਗਾਲ ਦੇ ਦੇਸ਼ ਭਗਤ ਚਿਤਰੰਜਨ ਦਾਸ ਦੀ ਪ੍ਰੇਰਨਾ ਨਾਲ ਉਹ ਰਾਜਨੀਤੀ 'ਚ ਆਏ | 1939 'ਚ ਉਹ ਕਾਂਗਰਸ ਦੇ ਪ੍ਰਧਾਨ ਚੁਣੇ ਗਏ | ਉਹ ਹਿੰਦੂ-ਮੁਸਲਿਮ ਏਕਤਾ ਦੇ ਸਮਰਥਕ ਸਨ ਤੇ ਉਨ੍ਹਾਂ ਨੇ ਹੀ 'ਜੈ ਹਿੰਦ' ਦਾ ਨਾਅਰਾ ਦਿੱਤਾ ਸੀ | ਉਨ੍ਹਾਂ ਕਿਹਾ ਕਿ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦਾ ਬਲੀਦਾਨ, ਦੇਸ਼ ਪ੍ਰੇਮ ਤੇ ਆਦਰਸ਼ ਜੀਵਨ ਹਮੇਸ਼ਾ ਸਾਨੂੰ ਪੇ੍ਰਰਨਾ ਦਿੰਦਾ ਰਹੇਗਾ |