ਹੁਸ਼ਿਆਰਪੁਰ, 20 ਜਨਵਰੀ (ਨਰਿੰਦਰ ਸਿੰਘ ਬੱਡਲਾ)-ਲੰਬੇ ਸਮੇਂ ਤੋਂ ਸਮਾਜ ਸੇਵਾ ਲਈ ਤੱਤਪਰ ਅਤੇ ਖ਼ਾਸ ਕਰ ਜ਼ਰੂਰਤਮੰਦ ਅਤੇ ਲੋੜਵੰਦ ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਵਾਲੀ ਸੰਸਥਾ 'ਹੋਮ ਫ਼ਾਰ ਹੋਮਲੈਸ' ਸਾਲ 2026 'ਚ 100 ਦੇ ਕਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਘਰ ਬਣਾ ਕੇ ਦੇਵੇਗੀ ਤਾਂ ਜੋ ਲੋੜਵੰਦਾਂ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਸੰਸਾਰ ਮਿਲ ਸਕੇ | ਇਹ ਪ੍ਰਗਟਾਵਾ ਸੰਸਥਾ ਦੇ ਪ੍ਰਧਾਨ ਵਰਿੰਦਰ ਸਿੰਘ ਪਰਹਾਰ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਮਿੱਥੇ ਹੋਏ ਟੀਚੇ ਅਨੁਸਾਰ 3 ਨਵੇਂ ਬਣਨ ਵਾਲੇ ਘਰਾਂ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ ਜੋ ਕਿ ਵੱਖ-ਵੱਖ ਪਿੰਡਾਂ 'ਚ ਬਣਾ ਕੇ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦੀ ਸਥਾਪਨਾ ਸਾਲ 2018 'ਚ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਕੀਤੀ ਸੀ | ਜਿਸ ਨਾਲ ਹੁਣ ਵੱਡੀ ਗਿਣਤੀ 'ਚ ਪ੍ਰਮੁੱਖ ਸ਼ਖ਼ਸੀਅਤਾਂ, ਪ੍ਰਵਾਸੀ ਭਾਰਤੀ ਅਤੇ ਉੱਘੇ ਸਮਾਜ ਸੇਵੀ ਜੁੜ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਹੁਣ ਤੱਕ 232 ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਜਾ ਚੁੱਕੇ ਹਨ ਅਤੇ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਅੱਜੋਵਾਲ ਵਿਖੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਉਣ ਦੇ ਨਾਲ-ਨਾਲ ਊਨਾ ਰੋਡ 'ਤੇ ਸਥਿਤ ਪਿੰਡ ਚੱਕ ਸਾਧੂ ਵਿਖੇ ਸ਼ਿਵ ਮੰਦਰ ਦੀ ਇਮਾਰਤ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਪਿੰਡ ਬੱਡਲਾ ਵਿਖੇ ਵੀ ਲੋੜਵੰਦ ਪਰਿਵਾਰ ਲਈ ਘਰ ਬਣਾਇਆ ਜਾ ਰਿਹਾ ਹੈ | ਪਰਹਾਰ ਨੇ ਦੱਸਿਆ ਕਿ ਬੀਤੇ ਵਰ੍ਹੇ ਕੁੱਲ 70 ਘਰਾਂ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਇਸ ਸਾਲ 100 ਪਰਿਵਾਰਾਂ ਨੂੰ ਨਵੇਂ ਘਰ ਬਣਾ ਕੇ ਦੇਣ ਦਾ ਟੀਚਾ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਬਣਨ ਵਾਲੇ ਮਕਾਨ 'ਚ 2 ਕਮਰੇ ਅਤੇ 1 ਰਸੋਈ ਤਿਆਰ ਕਰਕੇ ਦਿੱਤੀ ਜਾਂਦੀ ਹੈ, ਜਿਸ 'ਤੇ ਕਰੀਬ 2 ਲੱਖ ਰੁਪਏ ਦਾ ਖ਼ਰਚ ਆਉਂਦਾ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੰਸਥਾ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ, ਮੁਫ਼ਤ ਜਾਂਚ ਕੈਂਪ ਲਗਾਉਣ ਦੇ ਨਾਲ ਨਾਲ ਹੋਰ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ਸੰਸਥਾ ਦੇ ਪ੍ਰਧਾਨ ਵਰਿੰਦਰ ਸਿੰਘ ਪਰਹਾਰ ਲੰਬਾ ਸਮਾਂ ਅਮਰੀਕਾ 'ਚ ਰਹੇ ਅਤੇ ਇਸ ਸਮੇਂ ਉਨ੍ਹਾਂ ਦੀ ਪਤਨੀ ਨੇਤਰਪਾਲ ਕੌਰ ਤੇ ਬੱਚੇ ਅਮਰੀਕਾ 'ਚ ਰਹਿ ਰਹੇ ਹਨ | ਪਰਹਾਰ ਇਸ ਸੰਸਥਾ ਤੋਂ ਇਲਾਵਾ ਹੋਰ ਵੀ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਆਪਣਾ ਰਹਿੰਦਾ ਜੀਵਨ ਸਮਾਜ ਸੇਵਾ ਨੂੰ ਅਰਪਿਤ ਕਰਨਗੇ |