ਨਵੀਂ ਦਿੱਲੀ, 27 ਨਵੰਬਰ (ਪੀ. ਟੀ. ਆਈ.)-ਹੱਦਬੰਦੀ ਉਹ ਪ੍ਰਕਿਰਿਆ ਹੈ, ਜਿਸ ਰਾਹੀਂ ਲੋਕ ਸਭਾ ਤੇ ਵਿਧਾਨ ਸਭਾ ਦੇ ਚੋਣ ਹਲਕਿਆਂ ਦੀਆਂ ਹੱਦਾਂ ਤੇ ਸੀਟਾਂ ਦੀ ਵੰਡ ਤੈਅ ਕੀਤੀ ਜਾਂਦੀ ਹੈ। ਭਾਰਤ ’ਚ 1952, 1963, 1973 ਤੇ 2002 ’ਚ ਚਾਰ ਵਾਰ ਹੱਦਬੰਦੀ ਕਮਿਸ਼ਨ ਬਣਾਏ ਗਏ ਹਨ। ਕਮਿਸ਼ਨ ਦੇ ਹੁਕਮ ਕਾਨੂੰਨੀ ਤੌਰ ’ਤੇ ਲਾਗੂ ਹੁੰਦੇ ਹਨ ਤੇ ਉਨ੍ਹਾਂ ਨੂੰ ਅਦਾਲਤ ’ਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ।
ਬਿੱਲ ’ਚ ਕੀ ਹੈ ਵਿਵਸਥਾ?
ਸਰਕਾਰ ਨੇ ਅਪ੍ਰੈਲ ’ਚ 2002 ਦੇ ਕਾਨੂੰਨ ਦੀ ਥਾਂ ਨਵਾਂ ਹੱਦਬੰਦੀ ਬਿੱਲ-2026 ਪੇਸ਼ ਕੀਤਾ ਸੀ। ਇਸ ਤਹਿਤ ਕੇਂਦਰ ਸਰਕਾਰ ਹੱਦਬੰਦੀ ਕਮਿਸ਼ਨ ਦਾ ਗਠਨ ਕਰ ਸਕੇਗੀ। ਕਮਿਸ਼ਨ ਦੀ ਅਗਵਾਈ ਸੁਪਰੀਮ ਕੋਰਟ ਦਾ ਮੌਜੂਦਾ ਜਾਂ ਸਾਬਕਾ ਜੱਜ ਕਰੇਗਾ। ਇਸ ’ਚ ਮੁੱਖ ਚੋਣ ਕਮਿਸ਼ਨਰ ਜਾਂ ਉਨ੍ਹਾਂ ਵਲੋਂ ਨਾਮਜ਼ਦ ਚੋਣ ਕਮਿਸ਼ਨਰ ਤੇ ਸਬੰਧਿਤ ਸੂਬੇ ਦਾ ਚੋਣ ਕਮਿਸ਼ਨਰ ਵੀ ਸ਼ਾਮਿਲ ਹੋਣਗੇ। ਕਮਿਸ਼ਨ ਹਰੇਕ ਸੂਬੇ ਤੋਂ ਪੰਜ ਲੋਕ ਸਭਾ ਮੈਂਬਰਾਂ ਤੇ ਪੰਜ ਵਿਧਾਇਕਾਂ ਨੂੰ ਵੀ ਆਪਣੀ ਸਹਾਇਤਾ ਲਈ ਨਾਲ ਜੋੜੇਗਾ।
ਬਿੱਲ ਲਟਕਿਆ ਕਿਉਂ?
ਮਹਿਲਾ ਰਾਖਵਾਂਕਰਨ ਕਾਨੂੰਨ ਨੂੰ 2029 ਦੀਆਂ ਚੋਣਾਂ ਤੋਂ ਪਹਿਲਾਂ ਲਾਗੂ ਕਰਨ ਨਾਲ ਸਬੰਧਿਤ ਸੰਵਿਧਾਨਕ ਸੋਧ ਬਿੱਲ ਅਪ੍ਰੈਲ ’ਚ ਲੋਕ ਸਭਾ ’ਚ ਲੋੜੀਂਦਾ ਸਮਰਥਨ ਨਾ ਮਿਲਣ ਕਾਰਨ ਪਾਸ ਨਹੀਂ ਹੋ ਸਕਿਆ ਸੀ। ਇਸ ਤੋਂ ਬਾਅਦ ਹੱਦਬੰਦੀ ਬਿੱਲ ਵੀ ਵੋਟਿੰਗ ਲਈ ਪੇਸ਼ ਨਹੀਂ ਕੀਤਾ ਗਿਆ।
ਵਿਰੋਧੀ ਧਿਰ ਨੂੰ ਕੀ ਇਤਰਾਜ਼ ਹੈ?
ਵਿਰੋਧੀ ਪਾਰਟੀਆਂ ਨੂੰ ਖ਼ਦਸ਼ਾ ਹੈ ਕਿ ਹੱਦਬੰਦੀ ਰਾਹੀਂ ਚੋਣ ਹਲਕਿਆਂ ਦੀਆਂ ਹੱਦਾਂ ’ਚ ਸਿਆਸੀ ਲਾਹੇ ਲਈ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਨੂੰ ‘ਗੈਰੀਮੈਂਡਰਿੰਗ’ ਕਿਹਾ ਜਾਂਦਾ ਹੈ। ਰਾਹੁਲ ਗਾਂਧੀ ਨੇ ਭਾਜਪਾ ’ਤੇ 2029 ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਹੱਕ ’ਚ ਚੋਣ ਨਕਸ਼ਾ ਬਦਲਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਸਰਕਾਰ ਨੇ ਇਨ੍ਹਾਂ ਖ਼ਦਸ਼ਿਆਂ ਨੂੰ ਰੱਦ ਕੀਤਾ ਹੈ।ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕ ਅਰਜੁਨ ਖੜਗੇ ਨੇ ਇਸ ਮੁੱਦੇ ’ਤੇ ਸਾਂਝੀ ਰਣਨੀਤੀ ਬਣਾਉਣ ਲਈ ਸਨਿੱਚਰਵਾਰ ਨੂੰ ਵਿਰੋਧੀ ਪਾਰਟੀਆਂ ਦੀ ਮੀਟਿੰਗ ਸੱਦੀ ਹੈ। ਇਸ ’ਚ ‘ਇੰਡੀਆ’ ਗੱਠਜੋੜ ਤੋਂ ਇਲਾਵਾ ਡੀ.ਐੱਮ.ਕੇ., ਆਮ ਆਦਮੀ ਪਾਰਟੀ ਤੇ ਬੀਜੂ ਜਨਤਾ ਦਲ ਨੂੰ ਵੀ ਸੱਦਾ ਦਿੱਤਾ ਗਿਆ ਹੈ।
2011 ਦੀ ਜਨਗਣਨਾ ਕਿਉਂ?
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਤਰਕ ਹੈ ਕਿ ਨਵੀਂ ਜਨਗਣਨਾ ਤੋਂ ਬਾਅਦ ਹੱਦਬੰਦੀ ਕਰਨ ’ਚ ਲੰਮਾ ਸਮਾਂ ਲੱਗੇਗਾ ਤੇ ਮਹਿਲਾ ਰਾਖਵਾਂਕਰਨ 2029 ਦੀਆਂ ਚੋਣਾਂ ਤੋਂ ਪਹਿਲਾਂ ਲਾਗੂ ਕਰਨਾ ਮੁਸ਼ਕਿਲ ਹੋਵੇਗਾ। ਇਸ ਲਈ ਸਰਕਾਰ 2011 ਦੀ ਜਨਗਣਨਾ ਦੇ ਅੰਕੜਿਆਂ ਦੇ ਆਧਾਰ ’ਤੇ ਪ੍ਰਕਿਰਿਆ ਅੱਗੇ ਵਧਾਉਣਾ ਚਾਹੁੰਦੀ ਹੈ।
ਹੱਦਬੰਦੀ ਕੀ ਹੈ ਅਤੇ ਇਸ ਨੂੰ ਲੈ ਕੇ ਕਿਉਂ ਹੈ ਵਿਵਾਦ?
ਨਵੀਂ ਦਿੱਲੀ, 27 ਨਵੰਬਰ (ਪੀ. ਟੀ. ਆਈ.)-ਹੱਦਬੰਦੀ ਉਹ ਪ੍ਰਕਿਰਿਆ ਹੈ, ਜਿਸ ਰਾਹੀਂ ਲੋਕ ਸਭਾ ਤੇ ਵਿਧਾਨ ਸਭਾ ਦੇ ਚੋਣ ਹਲਕਿਆਂ ਦੀਆਂ ਹੱਦਾਂ ਤੇ ਸੀਟਾਂ ਦੀ ਵੰਡ ਤੈਅ ਕੀਤੀ ਜਾਂਦੀ ਹੈ। ਭਾਰਤ ’ਚ 1952, 1963, 1973 ਤੇ 2002 ’ਚ ਚਾਰ ਵਾਰ ਹੱਦਬੰਦੀ ਕਮਿਸ਼ਨ ਬਣਾਏ ਗਏ ਹਨ।...
ਅਜੀਤ ਡੈਸਕ
28-11-2026