ਦੇਸ਼ ਦੀ ਦੂਜੀ ਸਭ ਤੋਂ ਕੀਮਤੀ ਸੂਚੀਬੱਧ ਕੰਪਨੀ ਬਣੀ ਜੀਓ ਪਲੇਟਫਾਰਮਜ਼
ਮੁੰਬਈ, 28 ਅਕਤੂਬਰ (ਪੀ.ਟੀ.ਆਈ.)-ਰਿਲਾਇੰਸ ਇੰਡਸਟਰੀਜ਼ ਦੀ ਕੰਪਨੀ ਜੀਓ ਪਲੇਟਫਾਰਮਜ਼ ਦੇ ਸ਼ੇਅਰਾਂ ਨੇ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ’ਚ ਸ਼ਾਨਦਾਰ ਸ਼ੁਰੂਆਤ ਕੀਤੀ। ਸ਼ੇਅਰ ਆਪਣੀ ਇਸ਼ੂ ਕੀਮਤ 1,119 ਰੁਪਏ ਦੇ ਮੁਕਾਬਲੇ ਲਗਭਗ 27 ਫ਼ੀਸਦੀ ਦੇ ਉਛਾਲ ਨਾਲ ਬੰਦ ਹੋਏ। ਇਸ ਨਾਲ ਕੰਪਨੀ ਬਾਜ਼ਾਰ ਪੂੰਜੀਕਰਨ ਦੇ ਹਿਸਾਬ ਨਾਲ ਦੇਸ਼ ਦੀ ਦੂਜੀ ਸਭ ਤੋਂ ਕੀਮਤੀ ਕੰਪਨੀ ਬਣ ਗਈ।
ਬੀ.ਐੱਸ.ਈ. ਤੇ ਐੱਨ.ਐੱਸ.ਈ. ਦੋਵਾਂ ’ਤੇ ਸ਼ੇਅਰਾਂ ਦਾ ਕਾਰੋਬਾਰ 1,358 ਰੁਪਏ ਤੋਂ ਸ਼ੁਰੂ ਹੋਇਆ, ਜੋ ਇਸ਼ੂ ਕੀਮਤ ਨਾਲੋਂ 21.36 ਫ਼ੀਸਦੀ ਵੱਧ ਸੀ। ਬੀਐੱਸਈ ’ਤੇ ਸ਼ੇਅਰ 1,417.35 ਰੁਪਏ ’ਤੇ ਬੰਦ ਹੋਏ, ਜੋ ਇਸ਼ੂ ਕੀਮਤ ਨਾਲੋਂ 26.66 ਫ਼ੀਸਦੀ ਦਾ ਵਾਧਾ ਹੈ। ਕਾਰੋਬਾਰ ਦੌਰਾਨ ਸ਼ੇਅਰ 27.23 ਫ਼ੀਸਦੀ ਚੜ੍ਹ ਕੇ ਦਿਨ ਦੇ ਸਭ ਤੋਂ ਉੱਚੇ ਪੱਧਰ 1,423.80 ਰੁਪਏ ’ਤੇ ਪਹੁੰਚ ਗਏ। ਇਸੇ ਤਰ੍ਹਾਂ ਐੱਨ.ਐੱਸ.ਈ. ’ਤੇ ਸ਼ੇਅਰ 26.67 ਫ਼ੀਸਦੀ ਦੇ ਵਾਧੇ ਨਾਲ 1,417.50 ਰੁਪਏ ’ਤੇ ਬੰਦ ਹੋਏ। ਦਿਨ ਦੌਰਾਨ ਇਨ੍ਹਾਂ ਨੇ 1,423.90 ਰੁਪਏ ਦਾ ਉੱਚ ਪੱਧਰ ਵੀ ਛੂਹਿਆ। ਜੀਓ ਪਲੇਟਫਾਰਮਜ਼ ਦਾ ਬਾਜ਼ਾਰ ਪੂੰਜੀਕਰਨ 13 ਲੱਖ ਕਰੋੜ ਰੁਪਏ ਹੋ ਗਿਆ ਹੈ। ਇਸ ਨਾਲ ਕੰਪਨੀ ਬਾਜ਼ਾਰ ਪੂੰਜੀਕਰਨ ਦੇ ਮਾਮਲੇ ’ਚ ਭਾਰਤੀ ਏਅਰਟੈੱਲ, ਐੱਚ.ਡੀ.ਐੱਫ.ਸੀ. ਬੈਂਕ ਤੇ ਆਈ.ਸੀ.ਆਈ.ਸੀ.ਆਈ. ਬੈਂਕ ਤੋਂ ਅੱਗੇ ਨਿਕਲ ਗਈ ਹੈ। ਰਿਲਾਇੰਸ ਇੰਡਸਟਰੀਜ਼ 15.67 ਲੱਖ ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਨ ਨਾਲ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਬਣੀ ਹੋਈ ਹੈ। ਜੀਓ ਪਲੇਟਫਾਰਮਜ਼ ਤੇ ਰਿਲਾਇੰਸ ਇੰਡਸਟਰੀਜ਼ ਦਾ ਸਾਂਝਾ ਬਾਜ਼ਾਰ ਪੂੰਜੀਕਰਨ 28.72 ਲੱਖ ਕਰੋੜ ਰੁਪਏ ਹੋ ਗਿਆ ਹੈ। ਸ਼ੇਅਰਾਂ ਦੀ ਇਸ ਮਜ਼ਬੂਤ ਸ਼ੁਰੂਆਤ ਤੋਂ ਬਾਅਦ ਜੀਓ ਪਲੇਟਫਾਰਮਜ਼ ਦੇਸ਼ ਦੀ ਸਭ ਤੋਂ ਕੀਮਤੀ ਦੂਰਸੰਚਾਰ ਕੰਪਨੀ ਵੀ ਬਣ ਗਈ ਹੈ। ਇਸ ਨੇ 12.16 ਲੱਖ ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਨ ਵਾਲੀ ਭਾਰਤੀ ਏਅਰਟੈੱਲ ਨੂੰ ਪਿੱਛੇ ਛੱਡ ਦਿੱਤਾ ਹੈ। ਸ਼ੇਅਰ ਬਾਜ਼ਾਰ ’ਚ ਵੱਡੀ ਪੱਧਰ ’ਤੇ ਵਿਕਰੀ ਦੇ ਦੌਰਾਨ ਜੀਓ ਪਲੇਟਫਾਰਮਜ਼ ਦੇ ਸ਼ੇਅਰਾਂ ’ਚ ਆਇਆ ਉਛਾਲ ਨਿਵੇਸ਼ਕਾਂ ਲਈ ਰਾਹਤ ਦਾ ਕਾਰਨ ਬਣਿਆ। ਕੰਪਨੀ ਦਾ ਵਿਸ਼ਾਲ ਕਾਰੋਬਾਰ, ਕਮਾਈ ਤੇ ਤਕਨਾਲੋਜੀ ਦੇ ਖੇਤਰ ’ਚ ਵੱਡੀਆਂ ਯੋਜਨਾਵਾਂ ਇਸ ਨੂੰ ਅੰਬਾਨੀ ਪਰਿਵਾਰ ਦੇ ਕਾਰੋਬਾਰ ਦੇ ਅਗਲੇ ਪੜਾਅ ਲਈ ਅਹਿਮ ਬਣਾਉਂਦੀਆਂ ਹਨ।
ਮੁਕੇਸ਼ ਅੰਬਾਨੀ ਹੋਏ ਭਾਵੁਕ

ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਉਸ ਸਮੇਂ ਭਾਵੁਕ ਹੋ ਗਏ, ਜਦੋਂ ਉਨ੍ਹਾਂ ਦੇ ਤਿੰਨ ਬੱਚਿਆਂ ਆਕਾਸ਼, ਈਸ਼ਾ ਤੇ ਅਨੰਤ ਅੰਬਾਨੀ ਨੇ ਜੀਓ ਪਲੇਟਫਾਰਮਜ਼ ਲਿਮਟਿਡ ਦੀ ਸਟਾਕ ਮਾਰਕੀਟ ’ਚ ਲਿਸਟਿੰਗ ਦੇ ਸਮਾਗਮ ਦੌਰਾਨ ਮੰਚ ’ਤੇ ਆ ਕੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ। 69 ਸਾਲਾ ਅਰਬਪਤੀ ਮੁਕੇਸ਼ ਅੰਬਾਨੀ ਆਪਣੀ ਪਤਨੀ ਨੀਤਾ ਅੰਬਾਨੀ ਨਾਲ ਨੈਸ਼ਨਲ ਸਟਾਕ ਐਕਸਚੇਂਜ (ਐਨ.ਐਸ.ਈ.) ਵਿਖੇ ਮੌਜੂਦ ਸਨ। ਇਸ ਮੌਕੇ ਉਨ੍ਹਾਂ ਦੇ ਬੱਚਿਆਂ ਨੇ ਆਪਣੇ ਪਿਤਾ ਤੇ ਦਾਦਾ ਧੀਰੂਭਾਈ ਅੰਬਾਨੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਦੀਆਂ ਪ੍ਰਾਪਤੀਆਂ ਨੂੰ ਅੱਗੇ ਲਿਜਾਣ ਦਾ ਵਾਅਦਾ ਕੀਤਾ। ਆਪਣੇ ਬੱਚਿਆਂ ਨੂੰ ਜੀਓ ਦੇ ਸਫ਼ਰ, ਪਰਿਵਾਰ ਦੀਆਂ ਕੁਰਬਾਨੀਆਂ, ਟੀਚਿਆਂ ਤੇ ਜ਼ਿੰਮੇਵਾਰੀਆਂ ਬਾਰੇ ਗੱਲ ਕਰਦਿਆਂ ਸੁਣ ਕੇ ਮੁਕੇਸ਼ ਅੰਬਾਨੀ ਆਪਣੇ ਹੰਝੂ ਰੋਕਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਉਨ੍ਹਾਂ ਵਾਰ-ਵਾਰ ਆਪਣੀਆਂ ਅੱਖਾਂ ਪੂੰਝੀਆਂ। ਇਹ ਭਾਵੁਕ ਪਲ ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀ ਸਾਮਰਾਜਾਂ ’ਚੋਂ ਇਕ ਦੀ ਅਗਲੀ ਪੀੜ੍ਹੀ ਵਲੋਂ ਜ਼ਿੰਮੇਵਾਰੀ ਸੰਭਾਲਣ ਦੀ ਤਿਆਰੀ ਦਾ ਸੰਕੇਤ ਸੀ।