ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸਿਫਰ ਕਾਲ ਦੌਰਾਨ ਕਾਂਗਰਸ ਮੈਂਬਰ ਸੁਖਪਾਲ ਸਿੰਘ ਖਹਿਰਾ ਦੀ ਇਤਰਾਜਯੋਗ ਸ਼ਬਦਾਵਲੀ, ਸਦਨ ਦੀ ਕਾਰਵਾਈ ’ਚ ਵਿਘਨ ਪਾਉਣ ਅਤੇ ਸਮਾਂ ਜਾਇਆ ਕਰਨ ਅਤੇ ਸਪੀਕਰ ਦੇ ਹੁਕਮ ਦੀ ਪ੍ਰਵਾਹ ਨਾ ਕਰਨ ਲਈ ਕਾਂਗਰਸ ਮੈਂਬਰ ਸੁਖਪਾਲ ਸਿੰਘ ਖਹਿਰਾ ਨੂੰ ਸਦਨ ਦੀ ਬਾਕੀ ਰਹਿੰਦੀ ਕਾਰਵਾਈ ਲਈ ਮੁਅੱਤਲ ਕਰਨ ਲਈ ਮਤਾ ਲਿਆਂਦਾ ਗਿਆ, ਹਾਲਾਕਿ ਕਾਂਗਰਸ ਮੈਂਬਰ ਇਸ ਤੋਂ ਪਹਿਲਾਂ ਸਦਨ ਤੋਂ ਵਾਕ ਆਊਟ ਕਰਕੇ ਜਾ ਚੁੱਕੇ ਸਨ। ਸਦਨ ਵਲੋਂ ਇਸ ਮਤੇ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਕੈਬਨਿਟ ਮੰਤਰੀ ਚੀਮਾ ਨੇ ਕਿਹਾ ਕਿ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਲਈ ਬੰਦੂਆਂ ਮਜ਼ਦੂਰਾਂ ਅਤੇ ਚੱਪਲ ਚੱਟ ਵਰਗੇ ਸ਼ਬਦ ਵੀ ਵਰਤੇ। ਸ. ਚੀਮਾ ਵਲੋਂ ਕਾਂਗਰਸ ਮੈਂਬਰ ਵਲੋਂ ਸਵਾਲਾਂ-ਜਵਾਬਾਂ ਦੌਰਾਨ ਹੋਏ ਰੌਲੇ-ਰੱਪੇ ਲਈ ਵੀ ਇਕ ਨਿੰਦਾ ਪ੍ਰਸਤਾਵ ਪੇਸ਼ ਕੀਤਾ ਤੇ ਕਿਹਾ ਕਿ ਕਾਂਗਰਸ ਮੈਂਬਰ ਗਰੀਬਾਂ ਤੇ ਦਲਿਤਾਂ ਦੀ ਤੌਹੀਨ ਕਰਦੇ ਹਨ। ਕਾਂਗਰਸ ਮੈਂਬਰਾਂ ਦੀ ਗੈਰ ਹਾਜਰੀ ’ਚ ਇਹ ਮਤਾ ਵੀ ਪਾਸ ਹੋ ਗਿਆ। ਸਾਬਕਾ ਮੰਤਰੀ ਚੇਤਨ ਸਿੰਘ ਜੋੜਮਾਜਰਾਂ ਨੇ ਸਦਨ ਵਿਚ ਅਦਾਲਤੀ ਵਿਆਹ ਦਾ ਮੁੱਦਾ ਉਠਾਦਿਆ ਕਿਹਾ ਕਿ ਇਨ੍ਹਾਂ ਲਈ ਲੜਕੇ ਤੇ ਲੜਕੀ ਦੇ ਮਾਪਿਆਂ ਦੀ ਰਜਾਮੰਦੀ ਵੀ ਲਈ ਜਾਣੀ ਚਾਹੀਦੀ ਹੈ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜ਼ੀਰਕਪੁਰ, ਡੇਰਾਬਸੀ ਤੇ ਲਾਲੜੂ ਲਈ ਨਹਿਰੀ ਪਾਣੀ ਦੀ ਸਪਲਾਈ ਦਾ ਪ੍ਰਾਜੈਕਟ ਲਗਾਤਾਰ ਲੇਟ ਹੋਣ ਦਾ ਮੁੱਦਾ ਉਠਾਇਆ। ਲੇਕਿਨ ਸਿੰਜਾਈ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਛੇਤੀ ਜ਼ਮੀਨ ਦੀ ਪ੍ਰਾਪਤੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ।