17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਤਿਰੰਗਾ ਯਾਤਰਾ ਤੋਂ ਪਹਿਲਾਂ ਹੀ ਪੁਲਿਸ ਨੇ ਹਿਰਾਸਤ ’ਚ ਲਏ ਅਭਿਜੀਤ ਦੀਪਕੇ ਅਤੇ ਨੇਹਾ ਬੋਰਾ * ਕਈ ਵਰਕਰ ਵੀ ਹਿਰਾਸਤ ’ਚ ਲਏ * ਕੇਂਦਰੀ ਦਿੱਲੀ ’ਚ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧ

ਨਵੀਂ ਦਿੱਲੀ, 16 ਅਕਤੂਬਰ (ਉਪਮਾ ਡਾਗਾ ਪਾਰਥ)- ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਵਲੋਂ ਦਿੱਲੀ ਦੇ ਕਨਾਟ ਪਲੇਸ ਦੇ ਸੈਂਟਰਲ ਪਾਰਕ ’ਚ ‘ਲਹਿਰਾ ਦੋ ਤਿਰੰਗਾ’ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੁਲਿਸ ਨੇ ਪ੍ਰਦਰਸ਼ਨ ਦੇ ਦੋ ਮੁੱਖ ...

ਅਜੀਤ ਡੈਸਕ 17-10-2026

ਨਵੀਂ ਦਿੱਲੀ, 16 ਅਕਤੂਬਰ (ਉਪਮਾ ਡਾਗਾ ਪਾਰਥ)- ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਵਲੋਂ ਦਿੱਲੀ ਦੇ ਕਨਾਟ ਪਲੇਸ ਦੇ ਸੈਂਟਰਲ ਪਾਰਕ ’ਚ ‘ਲਹਿਰਾ ਦੋ ਤਿਰੰਗਾ’ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੁਲਿਸ ਨੇ ਪ੍ਰਦਰਸ਼ਨ ਦੇ ਦੋ ਮੁੱਖ ਚਿਹਰਿਆਂ ਸੀ.ਜੇ.ਪੀ. ਦੇ ਸੰਸਥਾਪਕ ਅਭਿਜੀਤ ਦੀਪਕੇ ਅਤੇ ‘ਆਇਸਾ’ ਦੀ ਪ੍ਰਧਾਨ ਅਤੇ ਵਿਦਿਆਰਥੀ ਆਗੂ ਨੇਹਾ ਬੋਰਾ ਨੂੰ ਹਿਰਾਸਤ ’ਚ ਲੈ ਲਿਆ। ਹਾਲਾਂਕਿ ਦੋਹਾਂ ਆਗੂਆਂ ਨੂੰ ਹਿਰਾਸਤ ’ਚ ਲਏ ਜਾਣ ਦੇ ਬਾਵਜੂਦ ਸੈਂਕੜੇ ਸੀ.ਜੇ.ਪੀ. ਵਰਕਰ, ਵਿਦਿਆਰਥੀ ਅਤੇ ਹੋਰ ਲੋਕ ਕਨਾਟ ਪਲੇਸ ਦੇ ਅੰਦਰੂਨੀ ਹਿੱਸੇ ’ਚ ਇਕੱਠੇ ਹੋਏ ਅਤੇ ਤਿਰੰਗਾ ਯਾਤਰਾ ਕੱਢੀ। ਪ੍ਰਦਰਸ਼ਨਕਾਰੀਆਂ ਵਲੋਂ ‘ਵੋਟ ਚੋਰ, ਗੱਦੀ ਛੋੜ’ ਦੇ ਨਾਅਰੇ ਵੀ ਲਗਾਏ ਗਏ। ਦੂਜੇ ਪਾਸੇ ਪੁਲਿਸ ਨੇ ਮੁੱਖ ਆਗੂਆਂ ਤੋਂ ਇਲਾਵਾ ਕਈ ਹੋਰਨਾਂ ਨੂੰ ਵੀ ਹਿਰਾਸਤ ’ਚ ਲਿਆ। ਤਿਰੰਗਾ ਮਾਰਚ ਅਤੇ ਉਸ ਲਈ ਪੁਲਿਸ ਵਲੋਂ ਕੀਤੇ ਗਏ ਭਾਰੀ ਸੁਰੱਖਿਆ ਪ੍ਰਬੰਧਾਂ ਕਾਰਨ ਕਨਾਟ ਪਲੇਸ, ਮੰਡੀ ਹਾਊਸ ਅਤੇ ਝੰਡੇ ਵਾਲਾਨ ਇਲਾਕਿਆਂ ’ਚ ਟ੍ਰੈਫ਼ਿਕ ਬਹੁਤ ਪ੍ਰਭਾਵਿਤ ਰਿਹਾ। ਪੁਲਿਸ ਵਲੋਂ ਇਹਤਿਆਤ ਵਜੋਂ ਕਨਾਟ ਪਲੇਸ ’ਚ ਧਾਰਾ 163 ਲਾਗੂ ਕੀਤੀ ਗਈ ਸੀ ਅਤੇ ਐਨ.ਡੀ.ਐਮ.ਸੀ. ਨੇ ਤਿਰੰਗਾ ਯਾਤਰਾ ਦੀ ਇਜਾਜ਼ਤ ਵੀ ਨਹੀਂ ਦਿੱਤੀ ਸੀ। ਇਸ ਤੋਂ ਇਲਾਵਾ ਐਨ.ਡੀ.ਐਮ.ਸੀ. ਨੇ ਪ੍ਰਸ਼ਾਸਨਕ ‘ਕਾਰਨਾਂ’ ਦਾ ਹਵਾਲਾ ਦਿੰਦਿਆਂ ਸੈਂਟਰਲ ਪਾਰਕ ਨੂੰ ਦੋ ਦਿਨਾਂ - ਸ਼ੁੱਕਰਵਾਰ ਅਤੇ ਸਨਿਚਰਵਾਰ ਲਈ ਬੰਦ ਕਰ ਦਿੱਤਾ ਸੀ। ਇਸ ਦੌਰਾਨ ਕਾਰੋਬਾਰੀਆਂ ਨੇ ਤਿਉਹਾਰੀ ਸੀਜ਼ਨ ਪ੍ਰਦਰਸ਼ਨਾਂ ਕਾਰਨ ਪ੍ਰਭਾਵਿਤ ਹੋਣ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਸੰਬੰਧ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖ਼ਲ ਦੇਣ ਦੀ ਮੰਗ ਵੀ ਕੀਤੀ।
ਮੁੰਬਈ ’ਚ ਤਿਰੰਗਾ ਮਾਰਚ
ਮੁੰਬਈ, (ਪੀ. ਟੀ. ਆਈ.)-‘ਕਾਕਰੋਚ ਜਨਤਾ ਪਾਰਟੀ’ (ਸੀ.ਜੇ.ਪੀ.) ਦੇ ਕਾਰਕੁਨਾਂ ਨੇ ਸ਼ੁੱਕਰਵਾਰ ਨੂੰ ਮੁੰਬਈ ਦੇ ਆਜ਼ਾਦ ਮੈਦਾਨ ਵਿਖੇ ‘ਲਹਿਰਾ ਦੋ ਤਿਰੰਗਾ’ ਪ੍ਰਦਰਸ਼ਨ ਕੀਤਾ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕੀਤੀ। ਇਸ ਪ੍ਰੋਗਰਾਮ ਵਿਚ ਸੀ.ਜੇ.ਪੀ. ਦੇ ਸੈਂਕੜੇ ਸਮਰਥਕਾਂ ਤੇ ਵਿਦਿਆਰਥੀ ਸੰਗਠਨਾਂ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਮੁੰਬਈ ਪੁਲਿਸ ਨੇ ਵੀਰਵਾਰ ਨੂੰ ਸੀ.ਜੇ.ਪੀ. ਨੂੰ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ਵਿਚ ਇਹ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਸੀ।
‘ਆਪ’ ਵਲੋਂ ਰਾਸ਼ਟਰਪਤੀ ਭਵਨ ਨੇੜੇ ‘ਤਿਰੰਗਾ’ ਮਾਰਚ
ਨਵੀਂ ਦਿੱਲੀ, (ਪੀ.ਟੀ.ਆਈ.)-ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿਖੇ ‘ਸੀ.ਜੇ.ਪੀ.’ ਵੱਲੋਂ ਪ੍ਰਸਤਾਵਿਤ ‘ਲਹਿਰਾ ਦੋ ਤਿਰੰਗਾ’ ਮਾਰਚ ਤੋਂ ਪਹਿਲਾਂ, ਆਮ ਆਦਮੀ ਪਾਰਟੀ ਨੇ ਰਾਸ਼ਟਰਪਤੀ ਭਵਨ ਨੇੜੇ ਇਕ ਤਿਰੰਗਾ ਮਾਰਚ ਕੱਢਿਆ। ਪਾਰਟੀ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਤੈਅ ਨਹੀਂ ਕਰ ਸਕਦੀ ਕਿ ਆਮ ਲੋਕ ਰਾਸ਼ਟਰੀ ਝੰਡਾ ਕਿੱਥੇ ਲਹਿਰਾ ਸਕਦੇ ਹਨ। ‘ਆਪ’ ਦੇ ਦਿੱਲੀ ਪ੍ਰਧਾਨ ਸੌਰਭ ਭਾਰਦਵਾਜ ਨੇ ਪਾਰਟੀ ਦੇ ਕਈ ਵਰਕਰਾਂ ਨਾਲ ਮਿਲ ਕੇ, ਹੱਥਾਂ ਵਿਚ ਤਿਰੰਗਾ ਫੜ ਕੇ ਪੁਲਿਸ ਦੀ ਮੌਜੂਦਗੀ ਦਰਮਿਆਨ ਨੌਰਥ ਐਵੇਨਿਊ ’ਚ ਮਾਰਚ ਕੀਤਾ।

ਪਿਛਲੀ ਖ਼ਬਰ ਮੁੱਖ ਮੰਤਰੀ ਨੂੰ ਫ਼ਰਾਂਸ ਜਾਣ ਲਈ ਹਾਈ ਕੋਰਟ ਤੋਂ ਮਿਲੀ ਮਨਜ਼ੂਰੀ ਅਗਲੀ ਖ਼ਬਰ ਤਿਰੰਗਾ ਮਾਰਚ ਤੋਂ 10 ਮਿੰਟ ਪਹਿਲਾਂ ਦੀਪਕੇ ਨੂੰ ਹਿਰਾਸਤ ’ਚ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।