28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਜਬਰ ਜਨਾਹ ਸੰਬੰਧੀ ਅਫ਼ਵਾਹ ਨੂੰ ਲੈ ਕੇ ਵਿਦਿਆਰਥੀਆਂ ਵਲੋਂ ਲਵਲੀ ਯੂਨੀਵਰਸਿਟੀ ਦੀ ਜ਼ਬਰਦਸਤ ਭੰਨਤੋੜ ਤੇ ਸਾੜਫੂਕ ਪੁਲਿਸ ’ਤੇ ਪਥਰਾਅ ਤੇ ਤਿੰਨ ਗੱਡੀਆਂ ਨੂੰ ਲਾਈ ਅੱਗ, ਕਈ ਪੁਲਿਸ ਮੁਲਾਜ਼ਮ ਜ਼ਖ਼ਮੀ

ਜਸਪਾਲ ਸਿੰਘ ਅਸ਼ੋਕ ਕੁਮਾਰ ਵਾਲੀਆ ਜਲੰਧਰ/ਫਗਵਾੜਾ, 27 ਸਤੰਬਰ-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਜਬਰ-ਜਨਾਹ ਦੀ ਅਫ਼ਵਾਹ ਫੈਲਣ ਤੋਂ ਬਾਅਦ ਸਨਿੱਚਰਵਾਰ ਦੇਰ ਰਾਤ ਨੂੰ ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਕੈਂਪਸ ਦੀ ਭੰਨਤੋੜ ਤੇ ਸਾੜਫੂਕ ਕੀਤੀ ਗਈ...

ਅਜੀਤ ਡੈਸਕ 28-09-2026

ਜਸਪਾਲ ਸਿੰਘ ਅਸ਼ੋਕ ਕੁਮਾਰ ਵਾਲੀਆ
ਜਲੰਧਰ/ਫਗਵਾੜਾ, 27 ਸਤੰਬਰ-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਜਬਰ-ਜਨਾਹ ਦੀ ਅਫ਼ਵਾਹ ਫੈਲਣ ਤੋਂ ਬਾਅਦ ਸਨਿੱਚਰਵਾਰ ਦੇਰ ਰਾਤ ਨੂੰ ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਕੈਂਪਸ ਦੀ ਭੰਨਤੋੜ ਤੇ ਸਾੜਫੂਕ ਕੀਤੀ ਗਈ। ਬਾਅਦ ’ਚ ਵਿਦਿਆਰਥੀ ਤੜਕੇ ਕਰੀਬ 4 ਵਜੇ ਯੂਨੀਵਰਸਿਟੀ ਕੈਂਪਸ ਦੇ ਬਾਹਰ ਜਲੰਧਰ-ਦਿੱਲੀ ਕੌਮੀ ਰਾਜ ਮਾਰਗ ’ਤੇ ਧਰਨੇ ’ਤੇ ਬੈਠ ਗਏ ਤੇ ਇਹ ਧਰਨਾ ਐਤਵਾਰ ਰਾਤ ਤੱਕ ਜਾਰੀ ਰਿਹਾ ਤੇ 20 ਘੰਟੇ ਤੋਂ ਵੀ ਵੱਧ ਸਮਾਂ ਇਸ ਮਾਰਗ ’ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਰਹੀ, ਜਿਸ ਕਾਰਨ ਲੋਕਾਂ ਨੂੰ ਭਾਰੀ ਖੱਜਲ ਖੁਆਰ ਹੋਣਾ ਪਿਆ।  ਐਤਵਾਰ ਦੇਰ ਰਾਤ ਪੁਲਿਸ ਵਲੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਖਦੇੜ ਦਿੱਤਾ ਗਿਆ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ। ਇਸੇ ਦੌਰਾਨ ਪੁਲਿਸ ਨੇ ਯੂਨੀਵਰਸਿਟੀ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਇਸੇ ਦੌਰਾਨ ਯੂਨੀਵਰਸਿਟੀ ਦੇ ਅੰਦਰ ਪ੍ਰਦਰਸ਼ਨਕਾਰੀਆਂ ਵਲੋਂ ਕੁਝ ਇਮਾਰਤਾਂ ਨੂੰ ਅੱਗ ਲਾ ਦਿੱਤੇ ਜਾਣ ਦੀ ਖ਼ਬਰ ਹੈ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਥੋੜ੍ਹੀ ਥੋੜ੍ਹੀ ਦੇਰ ਬਾਅਦ ਝੜਪਾਂ ਹੁੰਦੀਆਂ ਰਹੀਆਂ। ਇਸ ਤੋਂ ਪਹਿਲਾਂ ਧਰਨਾ ਦੇ ਰਹੇ ਪ੍ਰਦਰਸ਼ਨਕਾਰੀ ਵਿਦਿਆਰਥੀ ਲਗਾਤਾਰ ਦੋਸ਼ ਲਗਾ ਰਹੇ ਸਨ ਕਿ ਕੁਝ ਦਿਨ ਪਹਿਲਾਂ ਗਰਲਜ਼ ਹੋਸਟਲ ਵਿਖੇ ਇਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਹੋਇਆ ਹੈ ਤੇ ਇਸ ਘਟਨਾ ਨੂੰ ਯੂਨੀਵਰਸਿਟੀ ਪ੍ਰਬੰਧਕਾਂ ਵਲੋਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਤੋਂ ਪਹਿਲਾਂ ਵੀ ਕਈ ਖੁਦਕੁਸ਼ੀ ਦੀਆਂ ਅਜਿਹੀਆਂ ਘਟਨਾਵਾਂ ਨੂੰ ਰਫਾ ਦਫਾ ਕੀਤਾ ਜਾਂਦਾ ਰਿਹਾ ਹੈ। ਓਧਰ ਸ਼ੁਰੂਆਤੀ ਪੜਾਅ ’ਤੇ ਪੁਲਿਸ ਨੇ ਕਿਹਾ ਸੀ ਕਿ ਉਸ ਕੋਲ ਅਜਿਹੀ ਘਟਨਾ ਸੰਬੰਧੀ ਕੋਈ ਵੀ ਸ਼ਿਕਾਇਤ ਨਹੀਂ ਹੈ ਤੇ ਇਸ ਦੇ ਅਜਿਹੇ ਕੋਈ ਸਬੂਤ ਵੀ ਨਹੀਂ ਮਿਲੇ ਹਨ। ਪੁਲਿਸ ਅਧਿਕਾਰੀਆਂ ਵਲੋਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਸ਼ਾਂਤ ਕਰਨ ਤੇ ਧਰਨਾ ਚੁੱਕਣ ਲਈ ਮਨਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਰਹੀ ਪਰ ਵਿਦਿਆਰਥੀ ਜ਼ਬਰ ਜਨਾਹ ਦੇ ਮਾਮਲੇ ’ਚ ਐਫ. ਆਈ. ਆਰ. ਦਰਜ ਕਰਨ ਤੇ ਪ੍ਰਬੰਧਕਾਂ ਨੂੰ ਮੌਕੇ ’ਤੇ ਆ ਕੇ ਵਿਦਿਆਰਥੀਆਂ ਨੂੰ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਦੀ ਮੰਗ ’ਤੇ ਅੜੇ ਰਹੇ। ਹਾਲਾਂਕਿ ਬਾਅਦ ’ਚ ਪੁਲਿਸ ਵਲੋਂ ਇਸ ਮਾਮਲੇ ’ਚ ਐਫ. ਆਈ. ਆਰ. ਵੀ ਦਰਜ ਕਰ ਦਿੱਤੀ ਗਈ ਤੇ ਮਾਮਲੇ ਦੀ ਜਾਂਚ ਲਈ ਵਿਦਿਆਰਥੀ ਆਗੂਆਂ ਦੀ ਸਹਿਮਤੀ ਨਾਲ ਇਕ ‘ਐਸ.ਆਈ.ਟੀ.’ ਦਾ ਵੀ ਗਠਨ ਕੀਤਾ ਗਿਆ ਪਰ ਇਸ ਦੇ ਬਾਵਜੂਦ ਪੁਲਿਸ  ਵਿਦਿਆਰਥੀਆਂ ਨੂੰ ਰਾਸ਼ਟਰੀ ਰਾਜ ਮਾਰਗ ਤੋਂ ਉਠਾਉਣ ’ਚ ਨਾਕਾਮ ਰਹੀ ਤੇ ਬਾਅਦ ’ਚ ਵਿਦਿਆਰਥੀਆਂ ਨੇ ਰੋਹ ’ਚ ਆ ਕੇ ਪੁਲਿਸ ’ਤੇ ਪਥਰਾਅ ਸ਼ੁਰੂ ਕਰ ਦਿੱਤਾ ਤੇ ਪੁਲਿਸ ਦੀਆਂ ਤਿੰਨ ਗੱਡੀਆਂ ਨੂੰ ਅੱਗ ਲਗਾਉਣ ਤੋਂ ਇਲਾਵਾ ਹੋਰਨਾਂ ਵਾਹਨਾਂ ਦੀ ਵੀ ਭਾਰੀ ਭੰਨਤੋੜ ਕੀਤੀ। ਇਸ ਦੌਰਾਨ ਕੁੱਝ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਬਾਅਦ ’ਚ ਪੁਲਿਸ ਵਲੋਂ ਵੀ  ਵਿਦਿਆਰਥੀਆਂ ’ਤੇ ਲਾਠੀਚਾਰਜ ਕੀਤਾ ਗਿਆ ਪਰ ਦੇਰ ਰਾਤ ਤੱਕ ਸਥਿਤੀ ਪੁਲਿਸ ਦੇ ਕੰਟਰੋਲ ’ਚ ਨਹੀਂ ਸੀ ਆ ਸਕੀ। ਜਦਕਿ ਇਸ ਤੋਂ ਪਹਿਲਾਂ ਜਲੰਧਰ ਰੇਂਜ ਦੇ ਡੀ. ਆਈ. ਜੀ. ਨਵੀਨ ਸਿੰਗਲਾ, ਐਸ. ਐਸ. ਪੀ. ਕਪੂਰਥਲਾ ਗੌਰਵ ਤੂਰਾ ਤੇ ਐਸ. ਐਸ. ਪੀ. ਜਲੰਧਰ ਹਰਵਿੰਦਰ ਸਿੰਘ ਵਿਰਕ ਵਿਦਿਆਰਥੀਆਂ ਨੂੰ ਲਗਾਤਾਰ ਮਨਾਉਣ ਤੇ ਧਰਨਾ ਚੁੱਕਣ ਲਈ ਆਪਸੀ ਸਹਿਮਤੀ ਬਣਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਦੇ ਰਹੇ ਪਰ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਹਰ ਪੇਸ਼ਕਸ਼ ਨੂੰ ਠੁਕਰਾ ਦਿੱਤਾ । ਇਸ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਤੇ ਹੋਰਨਾਂ ਪ੍ਰਬੰਧਕਾਂ ਵਲੋਂ ਵੀ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਦਾ ਯਤਨ ਕੀਤਾ ਗਿਆ ਪਰ ਉਹ ਵੀ ਕਾਮਯਾਬ ਨਹੀਂ ਹੋ ਸਕੇ। 

ਸੀ.ਸੀ.ਟੀ.ਵੀ., ਫੋਨ ਡਾਟਾ ਤੇ ਫੋਰੈਂਸਿਕ ਸਬੂਤਾਂ ਦੀ ਹੋਵੇਗੀ ਜਾਂਚ
ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਯੂਨੀਵਰਸਿਟੀ ਤੇ ਹੋਸਟਲ ਨਾਲ ਸੰਬੰਧਿਤ ਸੀ.ਸੀ.ਟੀ.ਵੀ. ਫੁਟੇਜ, ਉਪਲਬਧ ਫੋਰੈਂਸਿਕ ਸਬੂਤ ਤੇ ਲੋੜ ਅਨੁਸਾਰ ਫੋਨ ਡਾਟਾ ਦੀ ਜਾਂਚ ਕੀਤੀ ਜਾਵੇਗੀ। ਹਾਲਾਂਕਿ ਇਸ ਦੌਰਾਨ ਵਿਦਿਆਰਥੀਆਂ ਨੇ ਸਿਰਫ਼ ਕਥਿਤ ਜਬਰ-ਜਨਾਹ ਦੀ ਜਾਂਚ ਦਾ ਮੁੱਦਾ ਹੀ ਨਹੀਂ, ਸਗੋਂ ਲੜਕਿਆਂ ਅਤੇ ਲੜਕੀਆਂ ਦੇ ਹੋਸਟਲਾਂ ਨਾਲ ਸੰਬੰਧਿਤ ਸੁਰੱਖਿਆ ਅਤੇ ਪ੍ਰਸ਼ਾਸਨਿਕ ਮਸਲੇ ਵੀ ਉਠਾਏ। ਯੂਨੀਵਰਸਿਟੀ ਨੇ ਸੋਸ਼ਲ ਮੀਡੀਆ ’ਤੇ ਫੈਲ ਰਹੇ ਦਾਅਵਿਆਂ ਨੂੰ ਦੱਸਿਆ ਗਲਤ ਐਲ.ਪੀ.ਯੂ. ਪ੍ਰਸ਼ਾਸਨ ਵਲੋਂ ਲਗਾਤਾਰ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਦਾਅਵਿਆਂ ਦਾ ਖੰਡਨ ਕੀਤਾ ਗਿਆ। ਇਸ ਦੌਰਾਨ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਵੈਲਫੇਅਰ ਡਾ. ਸੌਰਭ ਲਖਨਪਾਲ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਕਿ ਯੂਨੀਵਰਸਿਟੀ ਝੂਠੀ ਤੇ ਮਨਘੜਤ ਖਬਰਾਂ ਦਾ ਖੰਡਨ ਕਰਦੀ ਹੈ। ਉਨ੍ਹਾਂ ਦੇ ਧਿਆਨ ’ਚ ਆਇਆ ਹੈ ਕਿ ਕੁੱਝ ਗੈਰ ਸਮਾਜਿਕ ਤੱਤ ਯੂਨੀਵਰਸਿਟੀ ਸੰਬੰਧੀ ਗਲਤ ਤੇ ਮਨਘੜਤ ਅਫਵਾਹਾਂ ਫੈਲਾ ਰਹੇ ਹਨ, ਜਿਸ ਨਾਲ ਵਿਦਿਆਰਥੀਆਂ ਅੰਦਰ ਭਰਮ ਪੈਦਾ ਹੋ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਹ ਮਨਘੜਤ ਤੇ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਸ ਤੋਂ ਲੱਗਦਾ ਹੈ ਕਿ ਇਹ ਯੂਨੀਵਰਸਿਟੀ ਦਾ ਅਕਸ ਵਿਗਾੜਨ ਲਈ ਇਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਸਾਫ ਕੀਤਾ ਕਿ ਸਾਰੀਆਂ ਅਫਵਾਹਾਂ ’ਚ ਕੋਈ ਸੱਚਾਈ ਨਹੀਂ ਹੈ ਤੇ ਵਿਦਿਆਰਥੀ ਤੇ ਮਾਪੇ ਇਨ੍ਹਾਂ ’ਤੇ ਕਿਸੇ ਵੀ ਤਰ੍ਹਾਂ ਯਕੀਨ ਨਾ ਕਰਨ। ਇਸੇ ਤਰ੍ਹਾਂ ਐਲ.ਪੀ.ਯੂ. ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਨੇ ਵੀ ਝੂਠੀਆਂ ਤੇ ਮਨਘੜਤ ਖ਼ਬਰਾਂ ਅਤੇ ਅਫਵਾਹਾਂ ਦਾ ਸਖ਼ਤੀ ਨਾਲ ਖੰਡਨ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਸਮਾਜ ਵਿਰੋਧੀ ਤੱਤ ਸੋਸ਼ਲ ਮੀਡੀਆ ਅਤੇ ਹੋਰ ਪਲੇਟਫਾਰਮਾਂ ਰਾਹੀਂ ਪੂਰੀ ਤਰ੍ਹਾਂ ਝੂਠੀਆਂ, ਬੇਬੁਨਿਆਦ ਤੇ ਮਨਘੜਤ ਅਫਵਾਹਾਂ ਫੈਲਾ ਰਹੇ ਹਨ। ਇਸ ਨਾਲ ਵਿਦਿਆਰਥੀਆਂ ’ਚ ਬੇਲੋੜੀ ਉਲਝਣ ਪੈਦਾ ਹੋ ਰਹੀ ਹੈ ਅਤੇ ਯੂਨੀਵਰਸਿਟੀ ਦੇ ਸ਼ਾਂਤਮਈ ਅਕਾਦਮਿਕ ਵਾਤਾਵਰਣ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਗਲਤ ਅਤੇ ਗੁੰਮਰਾਹ ਕਰਨ ਵਾਲੀ ਜਾਣਕਾਰੀ ਦਾ ਯੋਜਨਾਬੱਧ ਪ੍ਰਸਾਰ ਯੂਨੀਵਰਸਿਟੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਤੇ ਇਸਦੀ ਛਵੀ ਨੂੰ ਖਰਾਬ ਕਰਨ ਦੀ ਇਕ ਜਾਣਬੁੱਝ ਕੇ ਅਤੇ ਯੋਜਨਾਬੱਧ ਕੋਸ਼ਿਸ਼ ਜਾਪਦੀ ਹੈ। ਯੂਨੀਵਰਸਿਟੀ ਇਹ ਸਪੱਸ਼ਟ ਕਰਦੀ ਹੈ ਕਿ ਇਸ ਸਮੇਂ ਫੈਲਾਈਆਂ ਜਾ ਰਹੀਆਂ ਅਫਵਾਹਾਂ ’ਚ ਕੋਈ ਸੱਚਾਈ ਨਹੀਂ ਹੈ। ਵਿਦਿਆਰਥੀਆਂ, ਮਾਪਿਆਂ ਤੇ ਆਮ ਜਨਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਜਿਹੀਆਂ ਅਫਵਾਹਾਂ ‘’ਤੇ ਵਿਸ਼ਵਾਸ ਨਾ ਕਰਨ, ਫੈਲਾਉਣ ਜਾਂ ਪ੍ਰਚਾਰ ਨਾ ਕਰਨ। ਉਨ੍ਹਾਂ ਨੂੰ ਸਿਰਫ਼ ਅਧਿਕਾਰਤ ਯੂਨੀਵਰਸਿਟੀ ਚੈਨਲਾਂ ਰਾਹੀਂ ਪ੍ਰਦਾਨ ਕੀਤੀ ਗਈ ਜਾਣਕਾਰੀ ‘’ਤੇ ਭਰੋਸਾ ਕਰਨਾ ਚਾਹੀਦਾ ਹੈ ।
ਤਿੰਨ ਜ਼ਿਲ੍ਹਿਆਂ ਦੀ ਪੁਲਿਸ ਵੀ ਸਥਿਤੀ ’ਤੇ ਨਾ ਪਾ ਸਕੀ ਕਾਬੂ
ਰਾਤ ਕਰੀਬ 8 ਵਜੇ ਜਦੋਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਤੇ ਪੁਲਿਸ ਪ੍ਰਸ਼ਾਸ਼ਨ ਵਿਚਾਲੇ ਗੱਲ ਕਿਸੇ ਸਿਰੇ ਨਾ ਲੱਗੀ ਤਾਂ ਪੁਲਿਸ ਵਲੋਂ ਵਿਦਿਆਰਥੀਆਂ ਨੂੰ ਜਲੰਧਰ-ਦਿੱਲੀ ਕੌਮੀ ਰਾਜ ਮਾਰਗ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਵਿਦਿਆਰਥੀਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਦੇਖਦੇ ਹੀ ਦੇਖਦੇ ਮਾਹੌਲ ਉਸ ਸਮੇਂ ਬੇਹੱਦ ਤਣਾਅਪੂਰਨ ਹੋ ਗਿਆ, ਜਦੋਂ ਵਿਦਿਆਰਥੀਆਂ ਨੇ ਪੁਲਿਸ ’ਤੇ ਪਥਰਾਅ ਸ਼ੁਰੂ ਕਰ ਦਿੱਤਾ ਤੇ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਲੋਂ ਜਿੱਥੇ ਪੁਲਿਸ ਦੀਆਂ ਤਿੰਨ ਗੱਡੀਆਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ, ਉੱਥੇ ਕਈ ਪੱਤਰਕਾਰਾਂ ਤੇ ਹੋਰਨਾਂ ਲੋਕਾਂ ਦੀਆਂ ਗੱਡੀਆਂ ਤੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਦੇਰ ਰਾਤ ਯੂਨੀਵਰਸਿਟੀ ਦੇ ਅੰਦਰ ਤੇ ਬਾਹਰ ਮਾਹੌਲ ਤਣਾਅਪੂਰਨ ਬਣਿਆ ਰਿਹਾ। ਅਜਿਹੇ ਮਾਹੌਲ ਦੇ ਵਿਚਾਲੇ ਪੁਲਿਸ ਪੂਰੀ ਤਰ੍ਹਾਂ ਨਾਲ ਵਿਦਿਆਰਥੀਆਂ ਅੱਗੇ ਬੇਬੱਸ ਨਜ਼ਰ ਆਈ।
ਡੀ. ਸੀ. ਕਪੂਰਥਲਾ ਅਕਾਸ਼ ਬਾਂਸਲ, ਏ. ਡੀ. ਜੀ. ਪੀ. (ਪੀ.ਏ.ਪੀ.) ਐਮ. ਐਫ. ਫਾਰੂਕੀ, ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਤੇ ਹੋਰ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ।

ਸੁਰੱਖਿਆ ਕਰਮਚਾਰੀਆਂ ਦੇ ਕਮਰਿਆਂ ਨੂੰ ਵੀ ਲਾਈ ਅੱਗ
ਬੀਤੀ ਦੇਰ ਰਾਤ ਨੂੰ ਰੋਹ ’ਚ ਆਏ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਦੀ ਜੰਮ ਕੇ ਭੰਨਤੋੜ ਕੀਤੀ ਤੇ ਸੁਰੱਖਿਆ ਕਰਮਚਾਰੀਆਂ ਦੇ ਕਮਰਿਆਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ। ਉੱਥੇ ਉਨ੍ਹਾਂ ਦੇ 2 ਮੋਟਰ ਸਾਈਕਲਾਂ ਤੇ ਇਕ ਸਕੂਟਰੀ ਨੂੰ ਵੀ ਅੱਗ ਲਗਾ ਕੇ ਸਾੜ ਦਿੱਤਾ ਗਿਆ। ਇਸ ਤੋਂ ਇਲਾਵਾ ਸੁਰੱਖਿਆ ਲਈ ਲਗਾਏ ਗਏ ਹੋਰਨਾਂ ਉਪਕਰਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ। ਕੈਂਪਸ ’ਚ ਬਣੇ ਸ਼ਾਪਿੰਗ ਮਾਲ ਦੀ ਵੀ ਭੰਨਤੋੜ ਕਰਕੇ ਕੀਮਤੀ ਸਾਮਾਨ ਨੂੰ ਨੁਕਸਾਨ ਪਹੁੰਚਾਇਆ ਤੇ ਬੈਂਕ ਦੇ ਏ. ਟੀ. ਐਮ. ਤੇ ਹੋਰ ਵੈਡਿੰਗ ਮਸ਼ੀਨਾਂ ਦੀ ਵੀ ਜੰਮ ਕੇ ਤੋੜਭੋੜ ਕੀਤੀ ਗਈ। ਸ਼ਾਪਿੰਗ ਮਾਲ ਅੰਦਰ ਸਥਿਤ ਦੁਕਾਨਾਂ ਦਾ ਮਾਲਕਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਲੱਖਾਂ ਰੁਪਏ ਮੁੱਲ ਦੇ ਕੀਮਤੀ ਲੈਪਟਾਪ, ਮੋਬਾਈਲ ਫੋਨ ਤੇ ਹੋਰ ਕਈ ਤਰ੍ਹਾਂ ਦਾ ਕੀਮਤੀ ਸਾਮਾਨ ਗਾਇਬ ਹਨ। ਯੂਨੀਵਰਸਿਟੀ ਦੇ ਮੁੱਖ ਗੇਟ ਤੇ ਸਾਈਨ ਬੋਰਡਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਤੇ ਦੇਰ ਸ਼ਾਮ ਨੂੰ ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਦਾ ਇਕ ਗੇਟ ਵੀ ਤੋੜ ਦਿੱਤਾ ਗਿਆ।

ਰਾਤ ਕਰੀਬ ਪੌਣੇ 2 ਵਜੇ ਇਕੱਠੇ ਹੋਏ ਵਿਦਿਆਰਥੀ
ਪੁਲਿਸ ਅਨੁਸਾਰ ਰਾਤ ਕਰੀਬ 1.45 ਵਜੇ ਕੈਂਪਸ ’ਚ ਵਿਦਿਆਰਥੀਆਂ ਦੇ ਇਕੱਠੇ ਹੋਣ ਤੇ ਸੜਕ ਰੋਕਣ ਦੀ ਸੂਚਨਾ ਮਿਲੀ । ਕਪੂਰਥਲਾ ਦੇ ਐਸ.ਐਸ.ਪੀ. ਗੌਰਵ ਤੂਰਾ ਸਮੇਤ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ । ਪੁਲਿਸ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਜੁੜੀਆਂ ਸ਼ਿਕਾਇਤਾਂ ਵੀ ਸੁਣੀਆਂ। ਵਿਦਿਆਰਥੀਆਂ ਨੇ ਮਾਮਲੇ ਦੀ ਨਿਰਪੱਖ ਜਾਂਚ ਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਧਰਨਾ ਦਿੱਤਾ।

ਚਾਂਸਲਰ ਨੂੰ ਮੌਕੇ ’ਤੇ ਬੁਲਾਉਣ ’ਤੇ ਅੜੇ ਵਿਦਿਆਰਥੀ
ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀਆਂ ਲਗਭਗ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਸਨ ਪਰ ਵਿਦਿਆਰਥੀ ਲਗਾਤਾਰ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਮਿੱਤਲ ਜਾਂ ਪ੍ਰੋ. ਚਾਂਸਲਰ ਡਾ. ਰਸ਼ਮੀ ਮਿੱਤਲ ਨੂੰ ਮੌਕੇ ’ਤੇ ਬੁਲਾਏ ਜਾਣ ਦੀ ਮੰਗ ’ਤੇ ਅੜੇ ਰਹੇ। ਵਿਦਿਆਰਥੀਆਂ ਦੀ ਮੰਗ ਸੀ ਕਿ ਚਾਂਸਲਰ ਖੁਦ ਧਰਨੇ ਵਾਲੀ ਥਾਂ ’ਤੇ ਪੁਹੰਚ ਕੇ ਵਿਦਿਆਰਥੀਆਂ ਨੂੰ ਜਬਰ ਜਨਾਹ ਦੇ ਮਾਮਲੇ ’ਚ ਕਾਰਵਾਈ ਦਾ ਭਰੋਸਾ ਦੇਣ ਪਰ ਚਾਂਸਲਰ ਡਾ. ਅਸ਼ੋਕ ਮਿੱਤਲ ਮੌਕੇ ’ਤੇ ਨਹੀਂ ਪੁੱਜੇ। ਹਾਲਾਂਕਿ ਇਸ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਗਾਤਾਰ ਮੌਕੇ ’ਤੇ ਰਹੇ ਤੇ ਉਨ੍ਹਾਂ ਕਈ ਵਾਰ ਧਰਨੇ ’ਤੇ ਬੈਠੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਵਿਦਿਆਰਥੀ ਡਾ. ਅਸ਼ੋਕ ਮਿੱਤਲ ਨੂੰ ਬੁਲਾਏ ਜਾਣ ਦੀ ਮੰਗ ਕਰਦੇ ਰਹੇ।

ਬਾਅਦ ਵਿਚ ਵਿਦਿਆਰਥਣ ਦੇ ਬਿਆਨ ’ਤੇ ਐਫ.ਆਈ.ਆਰ.
ਇਸ ਦੌਰਾਨ ਪੁਲਿਸ ਵੱਲੋਂ ਇਕ ਵਿਦਿਆਰਥਣ ਦਾ ਬਿਆਨ ਦਰਜ ਕਰਕੇ ਸਤਨਾਮਪੁਰਾ ਥਾਣੇ ’ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਸ਼ਿਕਾਇਤ ’ਚ ਕਥਿਤ ਘਟਨਾ ਸੰਬੰਧੀ ਗੰਭੀਰ ਦੋਸ਼ ਲਗਾਏ ਗਏ ਹਨ ਤੇ ਮਾਮਲੇ ’ਚ ਕਥਿਤ ਦੋਸ਼ੀ ਦੀ ਪਛਾਣ ਤੇ ਘਟਨਾ ਦੀ ਅਸਲ ਸਥਿਤੀ ਦੀ ਜਾਂਚ ਕੀਤੀ ਜਾ ਰਹੀ ਹੈ। ਜਲੰਧਰ ਰੇਂਜ ਦੇ ਡੀ.ਆਈ.ਜੀ. ਨਵੀਨ ਸਿੰਗਲਾ ਮੁਤਾਬਕ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾਈ ਗਈ ਹੈ। ਟੀਮ ’ਚ ਫਗਵਾੜਾ ਦੇ ਐਸ.ਪੀ. ਮੇਜਰ ਸਿੰਘ, ਡੀ.ਐਸ.ਪੀ. ਪਲਵਿੰਦਰ ਸਿੰਘ, ਇਕ ਮਹਿਲਾ ਪੁਲਿਸ ਇੰਸਪੈਕਟਰ ਤੇ ਵਿਦਿਆਰਥੀ ਨੁਮਾਇੰਦਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਹਾਈਵੇ ਖੁੱਲ੍ਹਾ ਆਵਾਜਾਈ ਹੋਈ ਬਹਾਲ
ਜਲੰਧਰ ਦਿੱਲੀ ਹਾਈਵੇਅ ’ਤੇ ਧਰਨਾ ਦੇ ਰਹੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅੱਜ ਦੇਰ ਰਾਤ ਪੁਲਿਸ ਵਲੋਂ ਖਦੇੜ ਦਿੱਤਾ ਗਿਆ। ਪੁਲਿਸ ਨੇ ਬਲ ਪ੍ਰਯੋਗ ਕਰਦਿਆਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਅੰਦਰ ਵਾੜ ਦਿੱਤਾ ਤੇ ਜਲੰਧਰ ਦਿੱਲੀ ਕੌਮੀ ਰਾਜਮਾਰਗ ’ਤੇ ਆਵਾਜਾਈ ਨੂੰ ਬਹਾਲ ਕਰ ਦਿੱਤਾ ਗਿਆ ਤੇ ਤਕਰੀਬਨ ਸਾਡੇ 11 ਵਜੇ ਜਾਮ ’ਚ ਫਸੀਆਂ ਗੱਡੀਆਂ ਆਪਣੀ ਮੰਜ਼ਿਲ ਵੱਲ ਰਵਾਨਾ ਹੋਈਆਂ। ਇਸ ਦੌਰਾਨ ਆਵਾਜਾਈ ਚਾਲੂ ਹੋਣ ’ਤੇ ਰਾਹਗੀਰਾਂ ਨੇ ਸੁਖ ਦਾ ਸਾਹ ਲਿਆ। ਦੱਸਣਯੋਗ ਹੈ ਕਿ ਵਿਦਿਆਰਥੀਆਂ ਵਲੋਂ ਲਗਾਏ ਧਰਨੇ ਕਾਰਨ ਵੱਡੀ ਗਿਣਤੀ ’ਚ ਵਾਹਨ ਪਿਛਲੇ ਕਰੀਬ 20 ਘੰਟੇ ਤੱਕ ਜਾਮ ’ਚ ਫਸੇ ਰਹੇ।

ਪੁਲਿਸ ਵਲੋਂ ਕਈ ਬਾਹਰੀ ਨੌਜਵਾਨ ਕਾਬੂ
ਬਾਅਦ ’ਚ ਪੁਲਿਸ ਵਲੋਂ ਕਈ ਬਾਹਰੀ ਨੌਜਵਾਨਾਂ ਨੂੰ ਵੀ ਕਾਬੂ ਕੀਤਾ ਗਿਆ  ਦੱਸਿਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਉਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ ਸਮੇਤ ਇਕ ਵਾਕੀ ਟਾਕੀ ਸੈੱਟ ਵੀ ਬਰਾਮਦ ਹੋਇਆ ਹੈ। ਪੁਲਿਸ ਇਨ੍ਹਾਂ ਨੌਜਵਾਨਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਵਿਦਿਆਰਥੀ ਸਵੇਰ ਤੋਂ ਹੀ ਇਹ ਦੋਸ਼ ਲਗਾ ਰਹੇ ਸਨ ਕਿ ਰਾਤ ਦੇ ਸਮੇਂ ਵੀ ਕੁਝ ਬਾਹਰੀ ਲੋਕਾਂ ਵਲੋਂ ਯੂਨੀਵਰਸਿਟੀ ਵਿਚ ਦਾਖਲ ਹੋ ਕੇ ਭੰਨ ਤੋੜ ਕੀਤੀ ਗਈ ਸੀ।

20 ਘੰਟੇ ਜਾਮ ’ਚ ਫਸੇ ਵਾਹਨ-ਲੋਕ ਹੋਏ ਖੱਜਲ ਖੁਆਰ
ਰੋਸ ਪ੍ਰਦਰਸ਼ਨ ਦਾ ਅਸਰ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ ’ਤੇ ਵੀ ਦੇਖਣ ਨੂੰ ਮਿਲਿਆ ਤੇ ਵਿਦਿਆਰਥੀਆਂ ਵੱਲੋਂ ਹਾਈਵੇ ਦੇ ਦੋਵੇਂ ਹਿੱਸਿਆਂ ਨੂੰ ਰੋਕ ਦਿੱਤੇ ਜਾਣ ਕਾਰਨ ਦੋਵੇਂ ਪਾਸਿਆਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਐਤਵਾਰ ਸਵੇਰੇ ਹਾਈਵੇ ਰਾਹੀਂ ਜਲੰਧਰ, ਫਗਵਾੜਾ, ਲੁਧਿਆਣਾ, ਦਿੱਲੀ ਤੇ ਹੋਰ ਸ਼ਹਿਰਾਂ ਵੱਲ ਜਾਣ ਵਾਲੇ ਵਾਹਨ ਘੰਟਿਆਂ ਬੱਧੀ ਜਾਮ ’ਚ ਫਸੇ ਰਹੇ। ਐਤਵਾਰ ਦਾ ਦਿਨ ਹੋਣ ਕਾਰਨ ਕਈ ਵਿਆਹ ਸਮਾਗਮ ਵੀ ਸਨ ਪਰ ਧਰਨੇ ਕਾਰਨ ਨਿੱਜੀ ਕਾਰਾਂ, ਬੱਸਾਂ ਤੇ ਹੋਰ ਵਾਹਨਾਂ ਨੂੰ ਜਾਮ ’ਚ ਫਸਣਾ ਪਿਆ। ਇਸ ਪੂਰੇ ਘਟਨਾਕ੍ਰਮ ਕਾਰਨ ਜਲੰਧਰ ਤੇ ਫਗਵਾੜਾ ਦਰਮਿਆਨ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ, ਵਿਦਿਆਰਥੀਆਂ, ਕਰਮਚਾਰੀਆਂ ਤੇ ਹੋਰ ਰਾਹਗੀਰਾਂ ਨੂੰ ਵੀ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਨਾਲ ਲੱਗਦੇ ਪਿੰਡਾਂ ’ਚ ਵੀ ਜਾਮ ਦੀ ਸਥਿਤੀ ਬਣੀ ਰਹੀ ਤੇ ਲੋਕ ਅਨਜਾਣ ਰਸਤਿਆਂ ਦੀ ਧੂੜ ਫੱਕਣ ਲਈ ਮਜ਼ਬੂਰ ਹੋਏ ਪਰ ਪੁਲਿਸ ਸਥਿਤੀ ਨੂੰ ਕਾਬੂ ਹੇਠ ਲਿਆਉਣ ਅਤੇ ਆਵਾਜਾਈ ਬਹਾਲ ਕਰਨ ’ਚ ਸਫਲ ਨਹੀਂ ਹੋ ਸਕੀ।

 

 

ਪਿਛਲੀ ਖ਼ਬਰ 15ਵਾਂ ਮਹਾਨ ਕੀਰਤਨ ਦਰਬਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਗਤਾਂ ਦੀ ਗੁਰਬਾਣੀ ਨੂੰ ਸਮਰਪਿਤ ਹੋਵੇਗਾ-ਰਾਣਾ ਅਗਲੀ ਖ਼ਬਰ ਅੱਤਵਾਦੀ ਹਮਲਿਆਂ ਵਿਰੁੱਧ ਭਾਰਤ ਦਾ ਫ਼ੈਸਲਾਕੁੰਨ ਜਵਾਬ ਸੀ ਸਰਜੀਕਲ ਸਟ੍ਰਾਈਕ-ਮੋਦੀ * ਨਸ਼ਿਆਂ ਵਿਰੁੱਧ ਲੜਾਈ ਦਾ ਕੀਤਾ ਅਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।