ਉਪਮਾ ਡਾਗਾ ਪਾਰਥ / ਸੁਰਿੰਦਰ ਕੋਛੜ
ਨਵੀਂ ਦਿੱਲੀ, ਅੰਮ੍ਰਿਤਸਰ, 16 ਸਤੰਬਰ-ਉੱਤਰੀ ਅਰਬ ਸਾਗਰ ਦੇ ਕੌਮਾਂਤਰੀ ਜਲ ਖੇਤਰ ’ਚ ਭਾਰਤੀ ਜਲ ਸੈਨਾ ਅਤੇ ਪਾਕਿਸਤਾਨੀ ਜਲ ਸੈਨਾ ਦੇ ਜੰਗੀ ਜਹਾਜ਼ਾਂ ਵਿਚਾਲੇ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਜਲ ਸੈਨਾ ਦਾ ਜਹਾਜ਼ ਨਿਯਮਿਤ ਨਿਗਰਾਨੀ ਮਿਸ਼ਨ ’ਤੇ ਤਾਇਨਾਤ ਸੀ, ਜਦੋਂ ਪਾਕਿਸਤਾਨੀ ਜੰਗੀ ਜਹਾਜ਼ ਤੇਜ਼ ਰਫ਼ਤਾਰ ਨਾਲ ਉਸ ਦੇ ਬੇਹੱਦ ਕਰੀਬ ਆਇਆ ਅਤੇ ਗ਼ੈਰ-ਪੇਸ਼ੇਵਰ ਤਰੀਕੇ ਨਾਲ ਦਿਸ਼ਾ ਬਦਲਣ ਕਾਰਨ ਦੋਵਾਂ ਜਹਾਜ਼ਾਂ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ’ਚ ਕਿਸੇ ਵੱਡੇ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਡੀ-ਅਫੇਅਰਜ਼ (ਸੀ.ਡੀ.ਏ.) ਨੂੰ ਤਲਬ ਕੀਤਾ ਅਤੇ ਪਾਕਿਸਤਾਨੀ ਜਲ ਸੈਨਾ ਦੇ ਇਸ ਵਤੀਰੇ ਨੂੰ ਗ਼ੈਰ-ਜ਼ਿੰਮੇਵਾਰਾਨਾ ਅਤੇ ਅਸਵੀਕਾਰਨਯੋਗ ਦੱਸਦਿਆਂ ਸਖ਼ਤ ਇਤਰਾਜ਼ ਦਰਜ ਕਰਵਾਇਆ।
ਇਸ ਦੇ ਨਾਲ ਹੀ ਇਸਲਾਮਾਬਾਦ ’ਚ ਮੌਜੂਦ ਭਾਰਤੀ ਚਾਰਜ ਡੀ-ਅਫੇਅਰਜ਼ ਨੂੰ ਵੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਸਾਹਮਣੇ ਰਸਮੀ ਵਿਰੋਧ ਦਰਜ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਭਾਰਤ ਨੇ ਸਪਸ਼ਟ ਕੀਤਾ ਕਿ ਪਾਕਿਸਤਾਨੀ ਜਹਾਜ਼ ਦੀ ਇਹ ਹਰਕਤ ਅਪ੍ਰੈਲ 1991 ’ਚ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦੀ ਸਿੱਧੀ ਉਲੰਘਣਾ ਹੈ। 1991 ਦੇ ਸਮਝੌਤੇ ਦੇ ਆਰਟੀਕਲ 10 ਮੁਤਾਬਿਕ ਕੌਮਾਂਤਰੀ ਸਮੁੰਦਰ ’ਚ ਭਾਰਤ ਅਤੇ ਪਾਕਿਸਤਾਨ ਦੇ ਜੰਗੀ ਜਹਾਜ਼ਾਂ ਅਤੇ ਪਣਡੁੱਬੀਆਂ ਵਿਚਾਲੇ ਘੱਟੋ-ਘੱਟ 3 ਨੌਟੀਕਲ ਮੀਲ (ਲਗਭਗ 5.56 ਕਿੱਲੋਮੀਟਰ) ਦੀ ਦੂਰੀ ਬਣਾਈ ਰੱਖਣਾ ਲਾਜ਼ਮੀ ਹੈ। ਇਸ ਨਿਯਮ ਦਾ ਮੁੱਖ ਉਦੇਸ਼ ਸਮੁੰਦਰ ’ਚ ਜਹਾਜ਼ਾਂ ਦੇ ਆਪਸੀ ਟਕਰਾਅ ਅਤੇ ਕਿਸੇ ਵੀ ਅਣਸੁਖਾਵੀਂ ਦੁਰਘਟਨਾ ਨੂੰ ਰੋਕਣਾ ਹੈ। ਭਾਰਤ ਨੇ ਇਸ ਮਾਮਲੇ ’ਚ ਸੰਜਮ ਵਰਤਿਆ ਹੈ, ਪਰ ਨਾਲ ਹੀ ਪਾਕਿ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਭਵਿੱਖ ’ਚ ਅਜਿਹੀਆਂ ਲਾਪ੍ਰਵਾਹੀਆਂ ਨੂੰ ਨਾ ਦੁਹਰਾਇਆ ਜਾਵੇ।
ਪਾਕਿਸਤਾਨ ਵਲੋਂ ਭਾਰਤੀ ਕੂਟਨੀਤਕ ਤਲਬ
ਇਸਲਾਮਾਬਾਦ, (ਪੀ.ਟੀ.ਆਈ.)-ਪਾਕਿਸਤਾਨ ਨੇ ਵੀ ਬੁੱਧਵਾਰ ਨੂੰ ਭਾਰਤ ਦੇ ‘ਚਾਰਜ ਡੀ ਅਫੇਅਰਜ਼’ (ਕਾਰਜਕਾਰੀ ਹਾਈ ਕਮਿਸ਼ਨਰ) ਨੂੰ ਤਲਬ ਕੀਤਾ ਤੇ ਅਰਬ ਸਾਗਰ ’ਚ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਅਤੇ ਭਾਰਤੀ ਜਲ ਸੈਨਾ ਦੇ ਇਕ ਮੁੱਖ ਜੰਗੀ ਜਹਾਜ਼ ਵਿਚਕਾਰ ਹੋਈ ਟੱਕਰ ’ਤੇ ਇਤਰਾਜ਼ ਜਤਾਇਆ। ਵਿਦੇਸ਼ ਦਫ਼ਤਰ ਨੇ ਇਕ ਬਿਆਨ ’ਚ ਕਿਹਾ ਕਿ ਉਸਨੇ ਇਸਲਾਮਾਬਾਦ ’ਚ ਭਾਰਤੀ ‘ਚਾਰਜ ਡੀ ਅਫੇਅਰਜ਼’ ਨੂੰ ਤਲਬ ਕੀਤਾ ਤੇ 15 ਸਤੰਬਰ ਨੂੰ ਪਾਕਿਸਤਾਨ ਦੇ ‘ਵਿਸ਼ੇਸ਼ ਆਰਥਿਕ ਖੇਤਰ’ ’ਚ ਭਾਰਤੀ ਜਲ ਸੈਨਾ ਦੇ ਜਹਾਜ਼ ਦੁਆਰਾ ਕੀਤੀ ਗਈ “ਬਹੁਤ ਹੀ ਭੜਕਾਊ ਅਤੇ ਨਾ-ਮਨਜ਼ੂਰਯੋਗ” ਕਾਰਵਾਈ ‘ਤੇ “ਸਖ਼ਤ ਇਤਰਾਜ਼” ਜਤਾਇਆ। ਬਿਆਨ ’ਚ ਕਿਹਾ ਗਿਆ ਕਿ ਜਦੋਂ ਪਾਕਿਸਤਾਨੀ ਜਲ ਸੈਨਾ ਆਪਣੀ ਦੋ-ਸਾਲਾ ਅਭਿਆਸ ‘ਸੀ-ਸਪਾਰਕ-26’ ਕਰ ਰਹੀ ਸੀ, ਤਾਂ ਭਾਰਤੀ ਜਹਾਜ਼ ਨੇ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦੇ ਖ਼ਤਰਨਾਕ ਹੱਦ ਤੱਕ ਨੇੜੇ ਆ ਕੇ ਹਮਲਾਵਰ ਢੰਗ ਨਾਲ ਚਾਲਾਂ ਚੱਲੀਆਂ, ਜਿਸ ਦੇ ਨਤੀਜੇ ਵਜੋਂ ਦੋਵਾਂ ਜਹਾਜ਼ਾਂ ਵਿਚਕਾਰ ਟੱਕਰ ਹੋ ਗਈ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਚਾਰਜ ਡੀ ਅਫੇਅਰਜ਼’ ਨੂੰ ਕਿਹਾ ਗਿਆ ਕਿ ਉਹ ਭਾਰਤ ਸਰਕਾਰ ਤੱਕ ਇਹ ਗੱਲ ਪਹੁੰਚਾਉਣ ਕਿ ਪਾਕਿਸਤਾਨ ਭਾਰਤ ਦੀ ਇਸ ਹਮਲਾਵਰ ਕਾਰਵਾਈ ਨੂੰ ਸਖ਼ਤੀ ਨਾਲ ਰੱਦ ਕਰਦਾ ਹੈ। ਇਸ ’ਚ ਅੱਗੇ ਕਿਹਾ ਗਿਆ ਕਿ ਭਾਰਤੀ ਧਿਰ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਦੁਵੱਲੇ ਸਮਝੌਤਿਆਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ।
ਭਾਰਤ ਨੇ ਬੁੱਧਵਾਰ ਨੂੰ ਨਵੀਂ ਦਿੱਲੀ ’ਚ ਪਾਕਿਸਤਾਨ ਦੇ ਕਾਰਜਕਾਰੀ ਰਾਜਦੂਤ ਭਾਵ ਚਾਰਜ ਡੀ. ਅਫੇਅਰਜ਼ ਨੂੰ ਤਲਬ ਕੀਤਾ। ਭਾਰਤ ਨੇ ਪਾਕਿਸਤਾਨੀ ਸਮੁੰਦਰੀ ਫ਼ੌਜ ਦੇ ਯੂਨਿਟ ਦੇ ਉਸ ਵਰਤਾਓ ਨੂੰ ‘ਨਾਪ੍ਰਵਾਨ ਅਤੇ ਗ਼ੈਰ ਪੇਸ਼ੇਵਰ’ ਦੱਸਿਆ, ਜਿਸ ਕਾਰਨ ਭਾਰਤੀ ਸਮੁੰਦਰੀ ਫ਼ੌਜ ਦੇ ਇਕ ਜਹਾਜ਼ ਨਾਲ ਟੱਕਰ ਹੋਈ। ਵਿਦੇਸ਼ ਮੰਤਰਾਲੇ ਵਲੋਂ ਇਹ ਇਤਰਾਜ਼ 15 ਸਤੰਬਰ ਦੀ ਸ਼ਾਮ ਨੂੰ ਉੱਤਰੀ ਅਰਬ ਸਾਗਰ ’ਚ ਭਾਰਤੀ ਸਮੁੰਦਰੀ ਫੌਜ ਦੇ ਇਕ ਲੜਾਕੂ ਜਹਾਜ਼ ਅਤੇ ਪਾਕਿਸਤਾਨੀ ਸਮੁੰਦਰੀ ਫ਼ੌਜ ਦੇ ਇਕ ਜਹਾਜ਼ ਦੀ ਟੱਕਰ ’ਤੇ ਪ੍ਰਗਟਾਇਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨੀ ਸਮੁੰਦਰੀ ਫ਼ੌਜ ਦੇ ਜਹਾਜ਼ ਦਾ ਵਰਤਾਅ ਭਾਰਤ ਅਤੇ ਪਾਕਿਸਤਾਨ ਦਰਮਿਆਨ 1991 ਦੇ ਸਮਝੌਤੇ ਦੀ ਧਾਰਾ 10 ਦੀ ਸਿੱਧੀ ਉਲੰਘਣਾ ਸੀ। ਵਿਦੇਸ਼ ਮੰਤਰਾਲੇ ਵਲੋਂ ਕਿਹਾ ਗਿਆ ਕਿ ਪਾਕਿਸਤਾਨ ਦੇ ਚਾਰਜ ਡੀ. ਅਫੇਅਰਜ਼ ਨੂੰ ਸਲਾਹ ਦਿੱਤੀ ਗਈ ਕਿ ਉਹ ਸੰਬੰਧਿਤ ਪਾਕਿਸਤਾਨੀ ਅਧਿਕਾਰੀਆਂ ਤੱਕ ਇਹ ਗੱਲ ਪਹੁੰਚਾਉਣ ਕਿ ਸਾਰੇ ਫ਼ੌਜੀ ਯੂਨਿਟਸ ਨੂੰ ਸਾਵਧਨੀ ਵਰਤਣੀ ਚਾਹੀਦੀ ਹੈ, ਇਕ-ਦੂਜੇ ਦੇ ਨਾਲ ਸੁਰੱਖਿਅਤ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਦੋਹਾਂ ਦੇਸ਼ਾਂ ਦਰਮਿਆਨ ਮੌਜੂਦ ਪ੍ਰਸੰਗਿਕ ਸਮਝੌਤਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਭਵਿੱਖ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਇਸਲਾਮਾਬਾਦ ’ਚ ਭਾਰਤ ਦੇ ਕਾਰਜਕਾਰੀ ਰਾਜਦੂਤ ਨੂੰ ਵੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਅੱਗੇ ਇਸ ਤਰ੍ਹਾਂ ਦਾ ਵਿਰੋਧ ਦਰਜ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਪਾਕਿਸਤਾਨੀ ਜਹਾਜ਼ ਪੀ. ਐਨ. ਐਸ. ਹੂਨੈਨ ਦੀ ਟੱਕਰ ਭਾਰਤ ਦੇ ਯਾਰਮੂਕ ਕਲਾਸ ਦੇ ਜਹਾਜ਼ ਨਾਲ ਹੋਈ, ਜੋ ਸਮੁੰਦਰੀ ਨਿਗਰਾਨੀ ਅਤੇ ਗਸ਼ਤ ’ਚ ਵਰਤਿਆ ਜਾਂਦਾ ਹੈ। ਇਸ ਘਟਨਾ ਨਾਲ ਕਿਸੇ ਵੱਡੇ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਭਾਰਤ ਨੇ ਇਸ ਮੁੱਦੇ ’ਤੇ ਫੌਰੀ ਕਾਰਵਾਈ ਕਰਦਿਆਂ ਪਾਕਿਸਤਾਨ ਦੇ ਕਾਰਜਕਾਰੀ ਅਧਿਕਾਰੀ ਨੂੰ ਤਲਬ ਕਰਕੇ ਇਤਰਾਜ਼ ਦਰਜ ਕਰਵਾਇਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੂਨ 2011 ’ਚ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਉਸ ਵੇਲੇ ਆਈ. ਐਨ. ਐਸ. ਗੋਦਾਵਰੀ ਅਤੇ ਪਾਕਿਸਤਾਨੀ ਦੇ ਪੀ. ਐਨ. ਐਸ. ਬਾਬਰ ਨੂੰ ਲੈ ਕੇ ਦੋਵੇਂ ਦੇਸ਼ ਆਹਮਣੇ-ਸਾਹਮਣੇ ਹੋਏ ਸਨ।