ਨਵੀਂ ਦਿੱਲੀ, 13 ਸਤੰਬਰ (ਜਗਤਾਰ ਸਿੰਘ)-18ਵੇਂ ਬ੍ਰਿਕਸ ਸੰਮੇਲਨ ਦੇ ਆਖ਼ਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਦੁਨੀਆ ਵਿਚ ਚੱਲ ਰਹੇ ਤਣਾਅ ਨੂੰ ਲੈ ਕੇ ਭਵਿੱਖ ’ਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਚਰਚਾ ਕਰਦਿਆਂ ਤਕਨਾਲੋਜੀ ਤੇ ਜ਼ਰੂਰੀ ਖਣਿਜਾਂ ਦੇ ਹਥਿਆਰੀਕਰਨ ਨੂੰ ਸਾਂਝੀ ਪ੍ਰਗਤੀ ਵਿਚ ਵੱਡੀ ਰੁਕਾਵਟ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬ੍ਰਿਕਸ ਵਿਚ ਗਲੋਬਲ ਸਾਊਥ ਦੇਸ਼ਾਂ ਦਾ ਵਿਸ਼ਵਾਸ ਵਧਣ ਦੀ ਗੱਲ ਵੀ ਆਖਦੇ ਹੋਏ ਕਿਹਾ ਕਿ ਭਾਰਤ ਨੇ ਬ੍ਰਿਕਸ ਮੰਚ ਰਾਹੀਂ ਦੋਸਤੀ, ਭਾਈਵਾਲੀ ਅਤੇ ਸਹਿਯੋਗ ਦੀ ਭਾਵਨਾ ਨੂੰ ਅੱਗੇ ਵਧਾਇਆ ਹੈ।
ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹ ਮੰਚ ਵਿਸ਼ਵ ਭਰ ਦੇ ਵਿਕਾਸਸ਼ੀਲ ਦੇਸ਼ਾਂ ਲਈ ਇਕ ਮਜ਼ਬੂਤ ਉਮੀਦ ਬਣ ਕੇ ਉੱਭਰਿਆ ਹੈ ਕਿਉਂਕਿ ਇਸ ਮੰਚ ’ਤੇ ਉਨ੍ਹਾਂ ਦੀ ਆਵਾਜ਼ ਸੁਣੀ ਜਾਂਦੀ ਹੈ। ਤਕਨੀਕ ਤੇ ਖਣਿਜਾਂ ਦੀ ਹਥਿਆਰ ਦੇ ਰੂਪ ਵਿਚ ਵਰਤੋਂ ਬਾਰੇ ਚਿੰਤਾ ਜਤਾਉਂਦੇ ਹੋਏ ਮੋਦੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਤਕਨਾਲੋਜੀ ਤੇ ਜ਼ਰੂਰੀ ਖਣਿਜਾਂ ਦਾ ਹਥਿਆਰੀਕਰਨ ਸਾਂਝੀ ਪ੍ਰਗਤੀ ਵਿਚ ਵੱਡੀ ਰੁਕਾਵਟ ਬਣ ਸਕਦਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੌਜੂਦਗੀ ’ਚ ਦਿੱਤੇ ਇਸ ਬਿਆਨ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਚੀਨ ਇਸ ਸਮੇਂ ਵਿਸ਼ਵ ਪੱਧਰ ’ਤੇ ਮਹੱਤਵਪੂਰਨ ਖਣਿਜਾਂ ਤੇ ਰੇਅਰ ਅਰਥਸ (ਦੁਰਲੱਭ ਖਣਿਜ) ਦੀ ਸਪਲਾਈ ਚੇਨ ’ਤੇ ਦਬਦਬਾ ਰੱਖਦਾ ਹੈ।
ਮੋਦੀ ਨੇ ਤਕਨਾਲੋਜੀ ਨੂੰ ਅਪਣਾਉਣ ਵੇਲੇ ਸਭ ਦੀ ਸ਼ਮੂਲੀਅਤ ਤੇ ਸਮਾਵੇਸ਼ੀ ਨੀਤੀ ਅਪਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਤਕਨੀਕ ਤੇ ਖਣਿਜਾਂ ਦੇ ਹਥਿਆਰ ਦੇ ਰੂਪ ਵਿਚ ਵਰਤੋਂ ਨਾਲ ਸੰਸਾਰ ਦੇ ਵਿਕਾਸ ਨੂੰ ਨੁਕਸਾਨ ਪੁੱਜ ਸਕਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਤਕਨਾਲੋਜੀ ਨੂੰ ਅਪਣਾਉਣ ਵੇਲੇ ਸਮਾਵੇਸ਼ੀ ਨੀਤੀ ਅਪਣਾਉਣੀ ਚਾਹੀਦੀ ਹੈ ਤਾਂ ਜੋ ਵਿਕਾਸ ਦਾ ਲਾਭ ਸਭ ਤੱਕ ਪਹੁੰਚ ਸਕੇ। ਉਨ੍ਹਾਂ ਨੇ ਬ੍ਰਿਕਸ ਦੇਸ਼ਾਂ ਵਿਚਕਾਰ ਸਪਲਾਈ ਚੇਨ ਨੂੰ ਵਧੇਰੇ ਭਰੋਸੇਮੰਦ ਤੇ ਲਚਕੀਲਾ ਬਣਾਉਣ ਲਈ ‘ਬ੍ਰਿਕਸ ਲੌਜਿਸਟਿਕਸ ਸਪਲਾਈ ਚੇਨ ਕੋਆਪ੍ਰੇਸ਼ਨ ਫ੍ਰੇਮਵਰਕ’ ਦੀ ਮਹੱਤਤਾ ’ਤੇ ਵੀ ਗੱਲ ਕੀਤੀ।
ਨਵੀਨਤਾ ਨੂੰ ਹੁੰਗਾਰਾ ਦੇਣ ਲਈ ‘ਬ੍ਰਿਕਸ ਇਨਕਿਊਬੇਟਰ ਨੈੱਟਵਰਕ’ ਰਾਹੀਂ ਸਟਾਰਟਅੱਪਸ ਨੂੰ ਜੋੜਿਆ ਜਾਵੇਗਾ ਤੇ ਬ੍ਰਿਕਸ ਸਟਾਰਟਅੱਪ ਇਨੋਵੇਸ਼ਨ ਫ਼ੰਡ ਦੀ ਸਥਾਪਨਾ ਦੀ ਤਜਵੀਜ਼ ਰੱਖੀ ਗਈ। ਇਸ ਦੇ ਨਾਲ ਹੀ ਡਿਜੀਟਲ ਖੇਤੀਬਾੜੀ ਰਾਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ , ਭੂ-ਸਥਾਨਕ ਤਕਨਾਲੋਜੀ ਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਕਿਸਾਨਾਂ ਦੀਆਂ ਅਸਲ ਜ਼ਰੂਰਤਾਂ ਨਾਲ ਜੋੜ ਕੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ। ਮੋਦੀ ਨੇ ਕਿਹਾ ਕਿ ਬ੍ਰਿਕਸ ਸੰਮੇਲਨ ਰਾਹੀਂ, ਅਸੀਂ ਹੁਨਰ, ਰੁਜ਼ਗਾਰ-ਯੋਗਤਾ, ਕਾਰਜ-ਬਲ ਵਿਚ ਔਰਤਾਂ ਦੀ ਭਾਗੀਦਾਰੀ, ਸਮਾਜਿਕ ਸੁਰੱਖਿਆ ਤੇ ਸਮਰੱਥਾ ਨਿਰਮਾਣ ਨੂੰ ਉਤਸ਼ਾਹਿਤ ਕੀਤਾ ਹੈ। ਛੋਟੇ ਉੱਦਮਾਂ ਨੂੰ ਗਿਆਨ, ਵਿੱਤ ਅਤੇ ਨਵੇਂ ਬਾਜ਼ਾਰਾਂ ਨਾਲ ਜੋੜਨ ਲਈ ਇਕ ‘ਬ੍ਰਿਕਸ ਐਸ.ਐਸ.ਐਮ.ਈ. ਸਹਿਯੋਗ ਪੋਰਟਲ’ ਦੀ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਮਨੁੱਖੀ ਵਿਕਾਸ ਤੇ ਵਾਤਾਵਰਣ ਵਿਚਕਾਰ ਸੰਤੁਲਨ ’ਤੇ ਜ਼ੋਰ ਦਿੱਤਾ ਗਿਆ ਹੈ, ਇਹ ਸਥਿਰਤਾ ਦੀ ਨੀਂਹ ਬਣਾਉਂਦਾ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਗਰਿੱਡਾਂ ਤੇ ਊਰਜਾ ਸਟੋਰੇਜ ਲਈ ਇਕ ਬ੍ਰਿਕਸ ਡਿਜੀਟਲ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤਾ ਹੈ, ਜੋ ਸਾਡੇ ਸਾਫ਼ ਊਰਜਾ ਪ੍ਰਣਾਲੀਆਂ ਨੂੰ ਵਧੇਰੇ ਭਰੋਸੇਮੰਦ, ਕੁਸ਼ਲ ਤੇ ਪਹੁੰਚਯੋਗ ਬਣਾਉਣ ਵਿਚ ਮਦਦ ਕਰੇਗਾ।