* ਬਿਜਲੀ ਸੰਕਟ ਲਈ ਪੰਜਾਬ ਸਰਕਾਰ ਜ਼ਿੰਮੇਵਾਰ * ਰਮਨਦੀਪ ਕੌਰ ਸ਼ੇਰੋਂ ਤੇ ਅਵਤਾਰ ਸਿੰਘ ਬਿੱਲਾ ਸ਼ੇਰੋਂ ਵਲੋਂ ਕਰਵਾਈ ਰੈਲੀ ’ਚ ਉਮੜਿਆ ਵੱਡਾ ਇਕੱਠ
ਹਰਿੰਦਰ ਸਿੰਘ ਸਕੱਤਰ ਸਿੰਘ ਅਟਵਾਲ
ਗੋਇੰਦਵਾਲ ਸਾਹਿਬ (ਤਰਨ ਤਾਰਨ), 13 ਸਤੰਬਰ-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਉਸ ਦੇ ਘਰੇਲੂ ਮੈਦਾਨ ਹਲਕਾ ਖਡੂਰ ਸਾਹਿਬ ’ਚ ਤਾਕਤ ਦਾ ਪ੍ਰਦਰਸ਼ਨ ਕਰਕੇ ਚੁਣੌਤੀ ਦਿੰਦਿਆਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਪਾਰਟੀ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ, ਕਿਉਂਕਿ ਇਸ ਪਾਰਟੀ ਨੂੰ ਪੰਥਕ ਮੁੱਦਿਆਂ ਜਾਂ ਬੰਦੀ ਸਿੱਖਾਂ ਦੀ ਕੋਈ ਚਿੰਤਾ ਨਹੀਂ। ਇਨ੍ਹਾਂ ਦਾ ਉਦੇਸ਼ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਥਕ ਵੋਟਾਂ ਨੂੰ ਕੱਟਣਾ ਹੈ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਰਿਕਾਰਡ-ਤੋੜ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਤੁਹਾਨੂੰ ਰਾਤ ਨੂੰ ਹੋਣ ਵਾਲੀਆਂ ਪਾਰਟੀਆਂ ਅਤੇ ਆਗੂਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜਿਨ੍ਹਾਂ ਦਾ ਤੁਹਾਡੇ ਹਿੱਤਾਂ ਲਈ ਸੰਘਰਸ਼ ਦਾ ਕੋਈ ਇਤਿਹਾਸ ਨਹੀਂ।
ਤੁਸੀਂ ਅਨੁਭਵ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਵਿਚ ਤੁਹਾਨੂੰ ਕਿਵੇਂ ਲੁੱਟਿਆ ਹੈ, ਜੇਕਰ ਤੁਸੀਂ ਵਾਰਿਸ ਪੰਜਾਬ ਦੇ ਵਿਚ ਭਰੋਸਾ ਰੱਖਦੇ ਹੋ ਤਾਂ ਇਹੀ ਹਾਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ‘ਆਪ’ ਅਤੇ ਕਾਂਗਰਸ ਦੀਆਂ ਸਰਕਾਰਾਂ ਦੇ ਕਾਰਜਕਾਲ ਵਿਚ ਲੋਕਾਂ ਨੂੰ ਰੱਜ ਕੇ ਲੁੱਟਿਆ ਗਿਆ। ਨਸ਼ਾ, ਗੈਂਗਸਟਰਵਾਦ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਵਿਚ ਬੇਤਹਾਸ਼ਾ ਵਾਧਾ ਹੋਇਆ। ਉਨ੍ਹਾਂ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਮਨਦੀਪ ਕੌਰ ਸ਼ੇਰੋਂ ਅਤੇ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਕਰਵਾਉਣ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਕਾਲੀ ਸਰਕਾਰ ਬਣਨ ਤੋਂ ਇਕ ਮਹੀਨੇ ਦੇ ਅੰਦਰ-ਅੰਦਰ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ।
ਉਨ੍ਹਾਂ ਲਾਭਪਾਤਰੀਆਂ ਨੂੰ ਆਟਾ-ਦਾਲ ਸਕੀਮ ਤਹਿਤ 50 ਕਿਲੋ ਕਣਕ, ਸ਼ਗਨ ਲਾਭ ਨੂੰ ਵਧਾ ਕੇ ਇਕ ਲੱਖ ਰੁਪਏ ਅਤੇ ਬੁਢਾਪਾ ਪੈਨਸ਼ਨ 3,100 ਰੁਪਏ ਪ੍ਰਤੀ ਮਹੀਨਾ, ਬੇਘਰਾਂ ਨੂੰ ਪੰਜ ਮਰਲੇ ਦੇ ਪਲਾਟ, ਸਾਰੀਆਂ ਨਦੀਆਂ ਨੂੰ ਨਹਿਰਾਂ ਵਿਚ ਤਬਦੀਲ, ਸਰਕਾਰੀ ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਕਰਨ, ਨੌਜਵਾਨਾਂ ਨੂੰ 10 ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ਾ, ਪੰਜਾਬ ਸ਼ੈਲੀ ਦਾ ‘ਕੁਸ਼ਤੀ ਵਿਸ਼ਵ ਕੱਪ’ ਸ਼ੁਰੂ ਕਰਨ ਅਤੇ ਦੁਧਾਰੂ ਪਸ਼ੂਆਂ ਦੀ ਖਰੀਦ ਲਈ 75 ਪ੍ਰਤੀਸ਼ਤ ਸਬਸਿਡੀ ਦੇਣ ਦਾ ਐਲਾਨ ਕੀਤਾ। ਰੈਲੀ ਨੂੰ ਰਮਨਦੀਪ ਕੌਰ ਸ਼ੇਰੋਂ, ਅਵਤਾਰ ਸਿੰਘ ਬਿੱਲਾ ਸ਼ੇਰੋਂ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਪ੍ਰੋ. ਵਿਰਸਾ ਸਿੰਘ ਵਲਟੋਹਾ, ਗੁਰਬਚਨ ਸਿੰਘ ਕਰਮੂੰਵਾਲਾ, ਕੁਲਦੀਪ ਸਿੰਘ ਔਲਖ, ਰੁਪਿੰਦਰ ਕੌਰ ਬ੍ਰਹਮਪੁਰਾ, ਦਲਬੀਰ ਸਿੰਘ ਜਹਾਂਗੀਰ, ਗੁਰਸੇਵਕ ਸਿੰਘ ਸ਼ੇਖ, ਸਿਕੰਦਰ ਸਿੰਘ ਵਰਾਣਾ, ਗੁਰਿੰਦਰ ਸਿੰਘ ਟੋਨੀ ਆਦਿ ਨੇ ਵੀ ਸੰਬੋਧਨ ਕੀਤਾ।