ਨਵੀਂ ਦਿੱਲੀ, 10 ਅਗਸਤ (ਪੀ.ਟੀ.ਆਈ.) ਕੇਂਦਰ ਨੇ ਅਧਿਕਾਰਤ ਤੌਰ ’ਤੇ 11 ਅੰਤਰਰਾਸ਼ਟਰੀ ਬੰਦਰਗਾਹਾਂ, ਨੌਂ ਜ਼ਮੀਨੀ ਬੰਦਰਗਾਹਾਂ, ਜਿਨ੍ਹਾਂ ਵਿਚ ਭਾਰਤ-ਪਾਕਿਸਤਾਨ ਸਰਹੱਦ ’ਤੇ ਅਟਾਰੀ ਸ਼ਾਮਿਲ ਹੈ ਅਤੇ ਦੋ ਹਵਾਈ ਅੱਡਿਆਂ ਨੂੰ ਸੂਚਿਤ ਕੀਤਾ ਹੈ, ਜਿਸ ਨਾਲ ਈ-ਵੀਜ਼ਾ ਧਾਰਕਾਂ ਨੂੰ ਭਾਰਤ ਵਿਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਗਈ ਹੈ । ਇਨ੍ਹਾਂ ਨਵੀਆਂ ਬੰਦਰਗਾਹਾਂ ਦੇ ਸ਼ਾਮਿਲ ਹੋਣ ਨਾਲ ਈ-ਵੀਜ਼ਾ ਧਾਰਕਾਂ ਵਲੋਂ ਦਾਖਲ ਹੋਣ ਵਾਲੀਆਂ ਅੰਤਰਰਾਸ਼ਟਰੀ ਬੰਦਰਗਾਹਾਂ ਦੀ ਕੁੱਲ ਗਿਣਤੀ 88 ਹੋ ਗਈ ਹੈ। ਇਸ ਵਿਚ 37 ਹਵਾਈ ਅੱਡੇ, 38 ਸਮੁੰਦਰੀ ਬੰਦਰਗਾਹਾਂ ਤੇ 13 ਜ਼ਮੀਨੀ ਬੰਦਰਗਾਹਾਂ ਸ਼ਾਮਿਲ ਹਨ, ਜਿਸ ਦਾ ਉਦੇਸ਼ ਅੰਤਰਰਾਸ਼ਟਰੀ ਯਾਤਰੀਆਂ ਲਈ ਈ-ਵੀਜ਼ਾ ਸਹੂਲਤ ਨੂੰ ਵਧੇਰੇ ਪਹੁੰਚਯੋਗ ਤੇ ਲਾਭਦਾਇਕ ਬਣਾਉਣਾ ਹੈ। ਨਵੀਆਂ ਸ਼ਾਮਿਲ ਕੀਤੀਆਂ ਗਈਆਂ ਜ਼ਮੀਨੀ ਬੰਦਰਗਾਹਾਂ ਵਿਚ ਭੋਪਾਲ ਅਤੇ ਤਿਰੂਪਤੀ ਦੇ ਹਵਾਈ ਅੱਡਿਆਂ ਦੇ ਨਾਲ ਦਰੰਗਾ, ਗੇਡੇ, ਘੋਜਾਦੰਗਾ, ਹਰੀਦਾਸਪੁਰ, ਜੈਗਾਓਂ, ਦਾਵਕੀ, ਮੋਰੇਹ ਅਤੇ ਅਟਾਰੀ (ਰੋਡ) ਸ਼ਾਮਿਲ ਹਨ । ਸਰਕਾਰੀ ਵੈੱਬਸਾਈਟ ਅਨੁਸਾਰ ਪਾਕਿਸਤਾਨੀ ਪਾਸਪੋਰਟ ਰੱਖਣ ਵਾਲੇ ਜਾਂ ਪਾਕਿਸਤਾਨੀ ਮੂਲ ਦੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਭਾਰਤੀ ਮਿਸ਼ਨ ’ਤੇ ਨਿਯਮਿਤ ਵੀਜ਼ਾ ਲਈ ਅਰਜ਼ੀ ਦੇਣੀ ਪੈਂਦੀ ਹੈ, ਕਿਉਂਕਿ ਈ-ਵੀਜ਼ਾ ਸਹੂਲਤ ਉਨ੍ਹਾਂ ਲਈ ਉਪਲਬਧ ਨਹੀਂ ਹੈ ।