29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਭਾਰਤੀ-ਅਮਰੀਕੀ ਵਿਗਿਆਨੀ ਅਮਿਤ ਖੱਤਰੀ ਨੇ ਨਿਭਾਈ ਮਹੱਤਵਪੂਰਨ ਭੂਮਿਕਾ

ਅਜੀਤ ਡੈਸਕ 12-04-2026
ਵਾਸ਼ਿੰਗਟਨ, 11 ਅਪ੍ਰੈਲ (ਪੀ. ਟੀ. ਆਈ.)-ਹਿਊਸਟਨ 'ਚ ਬਚਪਨ 'ਚ ਰਾਕੇਟ ਲਾਂਚ ਪ੍ਰੀਖਣ ਦੇਖ ਕੇ ਪ੍ਰੇਰਿਤ ਹੋਣ ਵਾਲੇ ਅਤੇ ਬਾਅਦ 'ਚ ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਦੀਆਂ ਮੁਹਿੰਮਾਂ ਦੀ ਕਮਾਨ ਸੰਭਾਲਣ ਵਾਲੇ ਭਾਰਤੀ-ਅਮਰੀਕੀ ਵਿਗਿਆਨੀ ਅਮਿਤ ਖੱਤਰੀ ਨੇ ਉਸ ਪੁਲਾੜ ਏਜੰਸੀ 'ਚ
ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜੋ ਚੰਦਰਮਾ 'ਤੇ ਪੁਲਾੜ ਯਾਤਰੀਆਂ ਨੂੰ ਉਤਾਰਨ ਦੇ ਮਿਸ਼ਨ 'ਤੇ ਕੰਮ ਕਰ ਰਹੀ ਹੈ | ਵਿਸਕਾਨਸਿਨ 'ਚ ਜਨਮੇ ਖੱਤਰੀ ਨਾਸਾ 'ਚ ਸਹਿ ਪ੍ਰਬੰਧਕ ਦੇ ਰੂਪ 'ਚ ਏਜੰਸੀ 'ਚ ਸਭ ਤੋਂ ਉੱਚਾ ਦਰਜਾ ਪ੍ਰਾਪਤ ਕਰਨ ਵਾਲੇ ਸਿਵਲ ਸੇਵਕ ਹਨ ਅਤੇ ਮੁੱਖ ਪ੍ਰਬੰਧਕ ਜੈਰੇਡ ਇਸਹਾਕਮੈਨ ਦੇ ਸੀਨੀਅਰ ਸਲਾਹਕਾਰ ਵਜੋਂ ਸੇਵਾ ਨਿਭਾਅ ਰਹੇ ਹਨ | ਖੱਤਰੀ ਏਜੰਸੀ ਦੇ 10 ਕੇਂਦਰੀ ਡਾਇਰੈਕਟਰਾਂ ਦੇ ਨਾਲ-ਨਾਲ ਵਾਸ਼ਿੰਗਟਨ 'ਚ ਨਾਸਾ ਹੈੱਡਕੁਆਰਟਰ ਵਿਖੇ ਮਿਸ਼ਨ ਡਾਇਰੈਕਟੋਰੇਟ ਐਸੋਸੀਏਟ ਪ੍ਰਬੰਧਕਾਂ ਦੀ ਅਗਵਾਈ ਕਰਦੇ ਹਨ | ਉਹ ਏਜੰਸੀ ਦੇ ਮੁੱਖ ਸੰਚਾਲਨ ਅਧਿਕਾਰੀ ਦੀ ਭੂਮਿਕਾ ਵੀ ਨਿਭਾਉਂਦੇ ਹਨ | ਖੱਤਰੀ ਦੇ ਮਾਤਾ-ਪਿਤਾ ਭਾਰਤੀ ਮੂਲ ਦੇ ਹਨ | ਉਸ ਨੇ ਕੈਲੀਫੋਰਨੀਆ ਦੇ ਪਾਸਾਡੇਨਾ 'ਚ ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਗਣਿਤ 'ਚ ਬੈਚਲਰ ਆਫ਼ ਸਾਇੰਸ ਅਤੇ ਆਸਟਿਨ ਵਿਖੇ ਟੈਕਸਾਸ ਯੂਨੀਵਰਸਿਟੀ ਤੋਂ ਗਣਿਤ 'ਚ ਮਾਸਟਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ ਹੈ | ਉਸ ਦਾ ਜਨਮ ਬਰੁਕਫੀਲਡ, ਵਿਸਕਾਨਸਿਨ 'ਚ ਹੋਇਆ ਸੀ ਪਰ ਉਹ ਟੈਕਸਾਸ ਦੇ ਹਿਊਸਟਨ ਦੇ ਇਕ ਉਪਨਗਰ ਕੈਟੀ ਨੂੰ ਆਪਣਾ ਜੱਦੀ ਸ਼ਹਿਰ ਮੰਨਦਾ ਹੈ | ਪੁਲਾੜ ਪ੍ਰਤੀ ਖੱਤਰੀ ਦੀ ਦਿਲਚਸਪੀ ਉਸ ਸਮੇਂ ਜਾਗੀ, ਜਦੋਂ ਉਸ ਨੇ ਹਿਊਸਟਨ 'ਚ ਪੁਲਾੜ ਲਾਂਚ ਦੇਖੇ | ਹਿਊਸਟਨ 'ਚ ਜੌਹਨਸਨ ਪੁਲਾੜ ਕੇਂਦਰ 'ਚ ਨਾਸਾ ਦੇ ਮਿਸ਼ਨ ਕੰਟਰੋਲ ਕੇਂਦਰ ਸਥਿਤ ਹੈ | ਖੱਤਰੀ ਗ੍ਰੈਜੂਏਸ਼ਨ ਤੋਂ ਬਾਅਦ ਤੇਲ ਅਤੇ ਗੈਸ ਉਦਯੋਗ ਅਤੇ ਮੈਡੀਕਲ ਖੇਤਰ 'ਚ ਕੰਮ ਕਰਨ ਤੋਂ ਬਾਅਦ 2003 'ਚ ਸਪੇਸ ਸ਼ਟਲ ਪ੍ਰੋਗਰਾਮ ਲਈ ਨਾਸਾ ਦੇ ਪ੍ਰਾਇਮਰੀ ਠੇਕੇਦਾਰ, ਯੂਨਾਈਟਿਡ ਸਪੇਸ ਅਲਾਇੰਸ 'ਚ ਸ਼ਾਮਿਲ ਹੋ ਗਿਆ | ਖੱਤਰੀ ਸਾਫਟਵੇਅਰ ਇੰਜੀਨੀਅਰ, ਰੋਬੋਟਿਕਸ ਇੰਜੀਨੀਅਰ ਅਤੇ ਪੁਲਾੜ ਯਾਨ ਆਪਰੇਟਰ ਵਜੋਂ ਕੰਮ ਕਰ ਚੁੱਕਾ ਹੈ | ਉਸ ਤੋਂ ਬਾਅਦ ਉਨ੍ਹਾਂ ਮੁੱਖ ਤੌਰ 'ਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਰੋਬੋਟਿਕ ਅਸੈਂਬਲੀ 'ਤੇ ਧਿਆਨ ਕੇਂਦਿ੍ਤ ਕੀਤਾ | 2014 ਤੋਂ 2017 ਤੱਕ ਉਸ ਨੇ ਇਕ ਸਪੇਸ ਸਟੇਸ਼ਨ ਫਲਾਈਟ ਡਾਇਰੈਕਟਰ ਵਜੋਂ ਸੇਵਾ ਨਿਭਾਈ, ਜਿਥੇ ਉਸ ਨੇ ਉਡਾਣ ਦੇ ਸਾਰੇ ਪੜਾਵਾਂ ਦੌਰਾਨ ਸਪੇਸ ਸਟੇਸ਼ਨ ਦੇ ਸੰਚਾਲਨ ਅਤੇ ਐਗਜ਼ੀਕਿਊਸ਼ਨ 'ਚ ਵਿਸ਼ਵ ਟੀਮਾਂ ਦੀ ਅਗਵਾਈ ਕੀਤੀ | 2017 ਤੋਂ 2021 ਤੱਕ ਉਹ ਆਈ.ਐਸ.ਐਸ. ਵਾਹਨ ਦਫ਼ਤਰ ਦੇ ਡਿਪਟੀ ਅਤੇ ਫਿਰ ਕਾਰਜਕਾਰੀ ਮੈਨੇਜਰ ਬਣੇ, ਜਿਥੇ ਉਹ ਇੰਜੀਨੀਅਰਿੰਗ, ਲੌਜਿਸਟਿਕਸ ਅਤੇ ਹਾਰਡਵੇਅਰ ਪ੍ਰੋਗਰਾਮ ਪ੍ਰਬੰਧਨ ਨੂੰ ਬਣਾਈ ਰੱਖਣ ਲਈ ਜ਼ਿੰਮੇਵਾਰ ਸਨ | ਖੱਤਰੀ ਨੂੰ 2021 'ਚ ਐਕਸਪਲੋਰੇਸ਼ਨ ਸਿਸਟਮ ਡਿਵੈਲਪਮੈਂਟ ਮਿਸ਼ਨ ਡਾਇਰੈਕਟੋਰੇਟ (ਈ.ਐਸ.ਡੀ.ਐਮ.ਡੀ.) ਲਈ ਸਹਾਇਕ ਡਿਪਟੀ ਐਸੋਸੀਏਟ ਪ੍ਰਬੰਧਕ ਵਜੋਂ ਨਾਸਾ ਹੈੱਡਕੁਆਰਟਰ 'ਚ ਨਿਯੁਕਤ ਕੀਤਾ ਗਿਆ ਸੀ, ਜਿਥੇ ਉਹ ਆਰਟੇਮਿਸ-2 ਮਿਸ਼ਨ ਦੌਰਾਨ ਮਨੁੱਖਾਂ ਨੂੰ ਚੰਦਰਮਾ 'ਤੇ ਲਿਜਾਣ ਲਈ ਤਿਆਰ ਕੀਤੇ ਗਏ ਇਕ ਪੁਲਾੜ ਯਾਨ ਨੂੰ ਵਾਪਸ ਲਿਆਉਣ ਵਾਲੀ ਟੀਮ ਦਾ ਅਨਿੱਖੜਵਾਂ ਅੰਗ ਸਨ |

ਪਿਛਲੀ ਖ਼ਬਰ ਭਾਰਤ ਦੇ ਐਲ.ਪੀ.ਜੀ. ਟੈਂਕਰ ਨੇ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਕੀਤਾ ਪਾਰ ਅਗਲੀ ਖ਼ਬਰ ਆਰਟੇਮਿਸ-2 ਦੇ ਪੁਲਾੜ ਯਾਤਰੀ ਧਰਤੀ 'ਤੇ ਸੁਰੱਖਿਅਤ ਪਰਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।