ਖਲਵਾੜਾ, 9 ਦਸੰਬਰ (ਮਨਦੀਪ ਸਿੰਘ ਸੰਧੂ)-14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਸਬੰਧ ਵਿਚ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਵਲੋਂ ਵੱਖ-ਵੱਖ ਪਿੰਡਾਂ 'ਚ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ ਦੀਆਂ ਨਾਕਾਮੀਆਂ ਗਿਣਾਉਂਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਬਾਰੇ ਹਾਜ਼ਰ ਇਕੱਠ ਨੂੰ ਵਿਸਥਾਰਪੂਰਵਕ ਦੱਸਿਆ | ਉਨ੍ਹਾਂ ਦੱਸਿਆ ਕਿ ਅੱਜ ਰਿਹਾਣਾ ਜੱਟਾਂ, ਮੀਰਾਂਪੁਰ, ਗੁਜਰਾਤਾਂ, ਡੁਮੇਲੀ, ਹਰਬੰਸਪੁਰ, ਜਗਜੀਤਪੁਰ, ਭਬਿਆਣਾ, ਢੰਡੋਲੀ, ਬੀੜ ਢੰਡੋਲੀ, ਅੰਬੇਡਕਰ ਨਗਰ, ਖਾਟੀ ਅਤੇ ਢੱਡੇ ਆਦਿ ਪਿੰਡਾਂ ਵਿਚ ਜਾ ਕੇ ਵੱਖ-ਵੱਖ ਮੀਟਿੰਗਾਂ ਰਾਹੀਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ 14 ਦਸੰਬਰ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਗਈ ਤੇ ਵੋਟਰਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ | ਇਸ ਮੌਕੇ ਉਨਾਂ ਦੇ ਨਾਲ ਜ਼ਿਲਾ ਪ੍ਰੀਸ਼ਦ ਫਗਵਾੜਾ ਪੂਰਬੀ ਦੇ ਉਮੀਦਵਾਰ ਕੁਲਦੀਪ ਕੌਰ, ਬਲਾਕ ਸੰਮਤੀ ਜ਼ੋਨ ਲੱਖਪੁਰ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਤੇ ਰਿਹਾਣਾ ਜੱਟਾਂ ਜ਼ੋਨ ਦੇ ਉਮੀਦਵਾਰ ਦੇਸ ਰਾਜ ਝਮਟ ਵੀ ਹਾਜ਼ਰ ਸਨ | ਇਸ ਮੌਕੇ ਸਰਪੰਚ ਰਵਿੰਦਰ ਸਿੰਘ ਢੱਡੇ, ਸਰਪੰਚ ਗੁਰਮੀਤ ਸਿੰਘ ਲੱਖਪੁਰ, ਦਵਿੰਦਰ ਪਾਲ ਸਿੰਘ ਪੰਚ ਲੱਖਪੁਰ, ਅਮਨਿੰਦਰ ਸਿੰਘ ਨਰੂੜ ਅਤੇ ਰਵੀ ਕੁਮਾਰ ਮੰਤਰੀ ਸਮੇਤ ਭਾਰੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ |