ਕਪੂਰਥਲਾ, 8 ਦਸੰਬਰ (ਅਮਰਜੀਤ ਕੋਮਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਬਿਜਲੀ ਸੋਧ ਬਿੱਲ 2025 ਤੇ ਬੀਜ ਬਿੱਲ ਦੇ ਵਿਰੋਧ ਵਿਚ ਪਾਵਰਕਾਮ ਦੀਆਂ ਸਬ ਡਵੀਜ਼ਨਾਂ ਮੂਹਰੇ ਦਿੱਤੇ ਜਾਣ ਵਾਲੇ ਧਰਨੇ ਦੀ ਕੜੀ ਤਹਿਤ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਪਾਵਰਕਾਮ ਦੇ ਸਰਕਲ ਦਫ਼ਤਰ ਮੂਹਰੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਧਰਨਾ ਦਿੱਤਾ ਤੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜ ਕੇ ਰੋਸ ਵਿਖਾਵਾ ਕੀਤਾ | ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਭਾਰਤੀ ਕਿਸਾਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਸੰਯੁਕਤ ਸਮਾਜ ਮੋਰਚੇ ਦੇ ਪ੍ਰਮੁੱਖ ਆਗੂ ਕੁਲਵੰਤ ਸਿੰਘ ਜੋਸਨ, ਕਿਸਾਨ ਆਗੂ ਹਰਭਜਨ ਸਿੰਘ ਮਨਸੂਰਵਾਲ, ਚੰਨ ਮੋਮੀ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਏਕਤਾ ਪਾਰਟੀ ਦੇ ਆਗੂ ਅਰੁਣ ਸਭਰਵਾਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਹਰਜੀਤ ਸਿੰਘ ਰਜਾਪੁਰ, ਮਨਜਿੰਦਰ ਕਮਲ, ਗੁਰਦੇਵ ਸਿੰਘ, ਬਿੰਦੂ ਸੁੰਨੜਵਾਲ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਪਲਵਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕਰਮ ਸਿੰਘ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ |
ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਬਿਜਲੀ ਸੋਧ ਬਿੱਲ ਤੇ ਬੀਜ ਬਿੱਲ ਤੁਰੰਤ ਰੱਦ ਕੀਤੇ ਜਾਣ | ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਕੇ ਲੋਕ ਮਾਰੂ ਬਿਜਲੀ ਸੋਧ ਬਿੱਲ ਰੱਦ ਕੀਤਾ ਜਾਵੇ | ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ ਰੱਦ ਨਾ ਕੀਤਾ ਤਾਂ ਦਿੱਲੀ ਦੀ ਸਰਹੱਦਾਂ 'ਤੇ ਕਿਸਾਨਾਂ ਵਲੋਂ ਲਗਾਏ ਮੋਰਚੇ ਦੀ ਤਰਜ਼ 'ਤੇ ਕਿਸਾਨਾਂ ਨੂੰ ਲਾਮਬੰਦ ਕਰਕੇ ਵੱਡਾ ਸੰਘਰਸ਼ ਛੇੜਿਆ ਜਾਵੇਗਾ | ਕਿਸਾਨ ਆਗੂਆਂ ਨੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਠੇਕਾ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਦਲਜੀਤ ਸਿੰਘ, ਜ਼ਿਲ੍ਹਾ ਖ਼ਜ਼ਾਨਚੀ ਸੁਖਚੈਨ ਸਿੰਘ, ਕਿਰਤੀ ਕਿਸਾਨੀ ਯੂਨੀਅਨ ਦੀ ਆਗੂ ਮਨਦੀਪ ਕੌਰ, ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਬਲਬੀਰ ਕੌਰ, ਜਗਤਾਰ ਸਿੰਘ, ਚਾਚਾ ਸਰੈਣਾ, ਬਲਵਿੰਦਰ ਸਿੰਘ, ਰਾਜ ਸਿੰਘ ਵਿਲਾ ਕੋਠੀ, ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਵਿੱਕੀ ਚਾਹਲ, ਸ਼ਹਿਰੀ ਪ੍ਰਧਾਨ ਵਿੱਕੀ ਪੱਡਾ, ਗੁਰਦੀਪ ਸਿੰਘ, ਦਰਬਾਰਾ ਸਿੰਘ, ਜਸਬੀਰ ਸਿੰਘ ਖਾਨੋਵਾਲ, ਅਮਰਜੀਤ ਸਿੰਘ ਢਪਈ, ਮਨਜੀਤ ਸਿੰਘ, ਪਰਮਵੀਰ ਸਿੰਘ, ਸਰਬਜੀਤ ਸਿੰਘ ਕੋਟ, ਤੀਰਥ ਸਿੰਘ ਵਡਾਲਾ ਆਦਿ ਆਗੂ ਹਾਜ਼ਰ ਸਨ | ਧਰਨੇ ਦੌਰਾਨ ਚਾਹ ਦੀ ਸੇਵਾ ਬਾਬਾ ਉਂਕਾਰ ਸਿੰਘ ਢਪਈ ਵਾਲਿਆਂ ਨੇ ਨਿਭਾਈ | ਧਰਨੇ ਵਿਚ ਪਾਵਰਕਾਮ ਐਂਡ ਟਰਾਂਸਕੋ ਤੇ ਠੇਕਾ ਮੁਲਾਜ਼ਮ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ |
ਬਿਜਲੀ ਦਫ਼ਤਰ ਢਿਲਵਾਂ ਵਿਖੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ
ਢਿਲਵਾਂ, (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨੇਮਲ੍ਹ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਬਿਜਲੀ ਦਫ਼ਤਰ ਢਿਲਵਾਂ ਵਿਖੇ ਬਿਜਲੀ ਸੋਧ ਬਿੱਲ 2025 ਦੀਆ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ, ਪ੍ਰੈੱਸ ਸਕੱਤਰ ਕੁਲਵਿੰਦਰ ਸਿੰਘ ਭੰਡਾਲ, ਜਗੀਰ ਸਿੰਘ, ਬੂਟਾ ਸਿੰਘ, ਚਰਨਜੀਤ ਸਿੰਘ, ਜਗਜੀਤ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਨਿਆਂ ਨੂੰ ਫ਼ਾਇਦਾ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਸੈਕਟਰ ਨੂੰ ਨਿੱਜੀਕਰਨ ਕੀਤੇ ਜਾਣ ਦੇ ਰਾਹ ਤੋਰਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਾਵਰਕਾਮ ਨੂੰ ਨਿੱਜੀ ਹੱਥਾਂ ਵਿਚ ਦੇਣ ਲਈ ਬਿਜਲੀ ਸੋਧ ਬਿੱਲ 2025 ਲਿਆਂਦਾ ਗਿਆ ਹੈ ਜਿਸ ਦੀ ਯੂਨੀਅਨ ਨਿਖੇਧੀ ਕਰਦੀ ਹੈ | ਇਸ ਮੌਕੇ ਗੁਰਪਾਲ ਸਿੰਘ, ਮਲਕੀਤ ਸਿੰਘ, ਸੀਤਲ ਸਿੰਘ, ਜਸਵਿੰਦਰ ਸਿੰਘ, ਸੱਜਣ ਸਿੰਘ, ਮਨੋਹਰ ਸਿੰਘ, ਕਰਮਜੀਤ ਸਿੰਘ, ਬਲਬੀਰ ਸਿੰਘ ਆਦਿ ਸ਼ਾਮਿਲ ਹੋਏ | ਕਾਲਾ ਸੰਘਿਆਂ ਵਿਖੇ ਰੋਸ ਪ੍ਰਦਰਸ਼ਨ
ਕਾਲਾ ਸੰਘਿਆਂ, (ਸੰਘਾ)-ਕਸਬਾ ਕਾਲ਼ਾ ਸੰਘਿਆਂ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬਿਜਲੀ ਸੋਧ ਬਿਲ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਅਤੇ ਇਲਾਕੇ ਦੇ ਪ੍ਰਧਾਨ ਪਲਵਿੰਦਰ ਸਿੰਘ ਸੰਘਾ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਯੂਨੀਅਨ ਦੇ ਆਗੂਆਂ ਤੇ ਕਾਰਕੁਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਦੇ ਪੁਤਲੇ ਬਣਾ ਕੇ ਵੱਡੇ ਕਾਫ਼ਲੇ ਨਾਲ਼ ਕਸਬੇ ਵਿਖੇ ਰੋਸ ਮਾਰਚ ਕੱਢਦਿਆਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਥਾਨਕ ਬਿਜਲੀ ਘਰ ਵਿਖੇ ਜਾ ਕੇ ਪੁਤਲੇ ਸਾੜੇ ਗਏ। ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਪੰਜਾਬ ਦੇ ਲੋਕਾਂ ਤੇ ਹਮੇਸ਼ਾ ਆਪਣੇ ਤਾਨਾਸ਼ਾਹੀ ਫ਼ੈਸਲੇ ਥੋਪਦੇ ਹਨ ਜਿਨ੍ਹਾਂ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਬਿਜਲੀ ਸੋਧ ਬਿਲ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਜੇਕਰ ਸਰਕਾਰ ਲੋਕਾਂ ਦੀ ਆਵਾਜ਼ ਨਹੀਂ ਸੁਣਦੀ ਤਾਂ ਸੰਘਰਸ਼ ਵੀ ਵਿੱਢਿਆ ਜਾਵੇਗਾ। ਇਸ ਮੌਕੇ ਜਸਵਿੰਦਰ ਸਿੰਘ ਅੰਬਵਾਲੀਆ, ਸਰਬਣ ਸਿੰਘ ਸੰਘਾ, ਗੁਰਮੇਲ ਸਿੰਘ ਸਮੇਤ ਸਥਾਨਕ ਆਗੂ, ਜਥੇਬੰਦੀ ਦੇ ਵਰਕਰ ਅਤੇ ਆਮ ਲੋਕ ਹਾਜ਼ਰ ਸਨ।
ਬਿਜਲੀ ਸੋਧ ਬਿੱਲ ਦਾ ਵਿਰੋਧ ਕਰਦਿਆਂ ਪੁਤਲਾ ਸਾੜਿਆ
ਫਗਵਾੜਾ, (ਹਰਜੋਤ ਸਿੰਘ ਚਾਨਾ)-ਸਮੂਹ ਟਰੇਡ ਯੂਨੀਅਨ, ਕਿਸਾਨ ਜਥੇਬੰਦੀ, ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ, ਪੈਨਸ਼ਨ ਐਸੋਸੀਏਸ਼ਨ, ਪਾਵਰਕਾਮ ਐਂਡ ਟਰਾਂਸਕੋ ਯੂਨੀਅਨ, ਤਰਕਸ਼ੀਲ ਸੁਸਾਇਟੀ, ਅਤੇ ਭਰਾਤਰੀ ਜਥੇਬੰਦੀ ਵਲੋਂ ਬਿਜਲੀ ਸੋਧ ਬਿੱਲ 2025 ਦੇ ਵਿਰੋਧ 'ਚ ਡਵੀਜ਼ਨ ਪੱਧਰੀ ਭਰਵੀਂ ਰੋਸ ਰੈਲੀ ਕੀਤੀ ਤੇ ਅਰਥੀ ਫ਼ੂਕ ਮੁਜ਼ਾਹਰਾ ਕਰਕੇ ਮੁੱਖ ਮੰਤਰੀ ਤੇ ਬਿਜਲੀ ਮੰਤਰੀ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਵਲੋਂ ਪਾਵਰ ਕੌਮ ਦੀਆਂ ਜ਼ਮੀਨਾਂ ਵੇਚਣ ਦਾ ਤਿੱਖਾ ਵਿਰੋਧ ਕੀਤਾ ਗਿਆ। ਰੋਸ ਰੈਲੀ 'ਚ ਆਊਟ ਸੋਰਸਡ ਠੇਕਾ ਕਾਮਿਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਟੈਕਨੀਕਲ ਸਰਵਿਸ ਯੂਨੀਅਨ ਪ੍ਰਧਾਨ ਜਸਵੀਰ ਸਿੰਘ, ਡਿਵੀਜ਼ਨ ਪ੍ਰਧਾਨ ਹੰਸਰਾਜ ਸਰਕਲ ਸਕੱਤਰ, ਅਮਰਜੀਤ, ਹਰਦਿਆਲ, ਅਵਿਨਾਸ਼ ਕੁਮਾਰ, ਪੈਨਸ਼ਨਰ ਆਗੂ ਹੰਸਰਾਜ, ਸੁਮਨ ਲਤਾ ਰਾਜਕੁਮਾਰ, ਧਨੀ ਰਾਮ, ਅਰਸ਼ਦੀਪ ਸੁਮਨ, ਰਯਵਾਨ, ਸੋਹਣ ਲਾਲ, ਤਰਕਸ਼ੀਲ ਆਗੂ ਜਸਵਿੰਦਰ ਸਿੰਘ, ਸੁਖਦੇਵ ਸਿੰਘ ਨੇ ਦੱਸਿਆ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਸਾਮਰਾਜੀ ਦਿਸ਼ਾ ਨਿਰਦੇਸ਼ਿਤ ਨੀਤੀਆਂ ਤਹਿਤ ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਰਨ ਲਈ ਕਾਰਪੋਰੇਟ ਦੀ ਲੁੱਟ ਤੇ ਮੁਨਾਫ਼ੇ ਦੀ ਲੋੜ ਨੂੰ ਮੁੱਖ ਰੱਖ ਕੇ ਬਾਰ ਬਾਰ ਕਾਨੂੰਨਾਂ 'ਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਹੀ ਬਿਜਲੀ ਸੋਧ ਬਿਲ 2025 ਦਾ ਖਰੜਾ ਲਿਆਂਦਾ ਗਿਆ ਹੈ। ਇਸ ਖਰੜੇ ਮੁਤਾਬਿਕ ਜਿੱਥੇ ਬਿਜਲੀ ਕਾਮਿਆਂ ਦੇ ਰੁਜ਼ਗਾਰ ਦਾ ਭੋਗ ਪੈਣਾ ਹੈ, ਉੱਥੇ ਆਊਟ ਸੋਰਸ ਤੇ ਠੇਕਾ ਕਾਮਿਆਂ ਨੂੰ ਵੱਡੀ ਪੱਧਰ ਤੇ ਰੁਜ਼ਗਾਰ ਤੋਂ ਵਾਂਝਿਆਂ ਕਰਨਾ ਹੈ।
ਉੱਚਾ ਬੇਟ ਵਿਖੇ ਰੋਸ ਪ੍ਰਦਰਸ਼ਨ
ਫੱਤੂਢੀਂਗਾ, (ਬਲਜੀਤ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਦਿਆਲ ਸਿੰਘ ਬੂਹ ਦੀ ਅਗਵਾਈ ਹੇਠ ਸਬ ਮੰਡਲ ਪਾਵਰ ਕਾਰਪੋਰੇਸ਼ਨ ਉੱਚਾ ਵਿਖੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੁਰਦਿਆਲ ਸਿੰਘ ਬੂਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਬਿਜਲੀ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਲਈ ਪੂਰੀ ਤਿਆਰੀ ਕੀਤੀ ਹੋਈ ਹੈ, ਜੇਕਰ ਸਭ ਵਰਗਾਂ ਦੇ ਲੋਕਾਂ ਨੇ ਇਸ ਦਾ ਵਿਰੋਧ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ ਜਦ ਘਰਾਂ ਸਮੇਤ ਹਰੇਕ ਸਥਾਨ 'ਤੇ ਚਿੱਪ ਵਾਲੇ ਮੀਟਰ ਲੱਗ ਜਾਣਗੇ। ਇਸ ਮੌਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਮਹਿੰਦਰ ਸਿੰਘ ਸਾਬਕਾ ਸਰਪੰਚ, ਬਚਿੱਤਰ ਸਿੰਘ, ਗੁਰਤੇਜ ਸਿੰਘ, ਸਤਵੰਤ ਸਿੰਘ, ਅਨਮੋਲ ਸਿੰਘ, ਜੱਗਾ ਸਿੰਘ, ਜਗਜੀਤ ਸਿੰਘ, ਗੁਰਭੇਜ ਸਿੰਘ ਆਦਿ ਹਾਜ਼ਰ ਸਨ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ, ਮਜ਼ਦੂਰ ਜਥੇਬੰਦੀਆਂ ਵਲੋਂ ਪਾਵਰਕਾਮ ਦੇ ਸਰਕਲ ਦਫ਼ਤਰ ਮੂਹਰੇ ਧਰਨਾ
ਅਜੀਤ ਡੈਸਕ
09-12-2025